ਨਿਰਵਿਘਨ, ਨਿਰਪੱਖ ਤੇ ਅਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਨਗੀਆਂ ਪੰਚਾਇਤੀ ਚੋਣਾਂ-ਕੁਮਾਰ ਅਮਿਤ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ
ਚੋਣ ਅਮਲੇ ਦੀ ਪਹਿਲੀ ਰਿਹਰਸਲ 8 ਤੇ ਦੂਜੀ 14 ਸਤੰਬਰ ਨੂੰ
ਪਟਿਆਲਾ, 31 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਚੋਣ ਹਲਕਿਆਂ ਅਤੇ ਜ਼ਿਲ੍ਹੇ ਦੀਆਂ 9 ਪੰਚਾਇਤ ਸਮਿਤੀਆਂ ਦੇ 193 ਜੋਨਾਂ ਦੀਆਂ ਆਮ ਚੋਣਾਂ ਦੌਰਾਨ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਚਾਰੂ, ਨਿਰਵਿਘਨ, ਨਿਰਪੱਖ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਚੋਣ-ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਨ੍ਹਾਂ ਚੋਣਾਂ ਲਈ ਤਾਇਨਾਤ ਕੀਤੇ ਗਏ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਇਸ ਵਿਸ਼ੇਸ਼ ਮੀਟਿੰਗ ਦੌਰਾਨ ਸ੍ਰੀ ਕੁਮਾਰ ਅਮਿਤ ਨੇ ਚੋਣ ਅਮਲੇ ਦੀ ਤਾਇਨਾਤੀ, ਸੁਰੱਖਿਆ ਤੇ ਬੈਲਟ ਪੇਪਰਾਂ ਸਮੇਤ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਚੋਣਾਂ ਅਜ਼ਾਦਾਨਾ ਢੰਗ ਨਾਲ ਕਰਵਾਈਆਂ ਜਾਣੀਆਂ ਯਕੀਨੀ ਬਣਾਈਆਂ ਜਾਣ ਤੇ ਇਸ ਦੌਰਾਨ ਚੋਣ ਜਾਬਤੇ ਦੀ ਪਾਲਣਾ ਪੂਰੀ ਤਰ੍ਹਾਂ ਕਰਨੀ ਵੀ ਯਕੀਨੀ ਬਣਾਈ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਸਬੰਧੀ ਨਾਮਜ਼ਦਗੀ ਦਾਖਲ ਕਰਨ ਦੀ ਪ੍ਰੀਕਿਰਿਆ ਮਿਤੀ 4 ਸਤੰਬਰ 2018 ਨੂੰ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸ਼ੁਰੂ ਹੋਵੇਗੀ ਇਸ ਲਈ ਰਿਟਰਨਿੰਗ ਅਧਿਕਾਰੀ ਉਸੇ ਦਿਨ ਨਿਰਧਾਰਤ ਦਫ਼ਤਰਾਂ ਵਿਖੇ ਨਾਮਜਦਗੀ ਪੱਤਰ ਹਾਸਲ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 25 ਮੈਂਬਰਾਂ ਅਤੇ 9 ਪੰਚਾਇਤ ਸਮਿਤੀਆਂ ਦੇ 193 ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ ਇਸ ਲਈ ਸਮੂਹ ਰਿਟਰਨਿੰਗ ਅਧਿਕਾਰੀ ਇਹ ਚੋਣਾਂ ਨਿਰਵਿਘਨ, ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਆਪਣੇ ਹਲਕੇ ਦੇ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਵੱਖਰੇ ਤੌਰ ‘ਤੇ ਮੀਟਿੰਗਾਂ ਕਰ ਲੈਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸੈਕਟਰ ਅਫ਼ਸਰ ਵੀ ਤਾਇਨਾਤ ਕੀਤੇ ਜਾਣਗੇ ਜਦੋਂ ਕਿ ਚੋਣ ਅਮਲੇ ਦੀ ਪਹਿਲੀ ਰਿਹਰਸਲ 8 ਸਤੰਬਰ ਅਤੇ ਦੂਜੀ ਰਿਹਰਸਲ 14 ਸਤੰਬਰ ਨੂੰ ਕਰਵਾਈ ਜਾਣੀ ਹੈ, ਜਿਸ ਲਈ ਸਮੂਹ ਆਰ.ਓਜ ਇਸ ਸਬੰਧੀਂ ਜਗ੍ਹਾ ਨਿਰਧਾਰਤ ਕਰ ਲੈਣ। ਮੀਟਿੰਗ ਵਿੱਚ ਏ.ਡੀ.ਸੀ. (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਨੇ ਅਧਿਕਾਰੀਆਂ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ ਵੀ ਸਾਂਝੇ ਕੀਤੇ।
ਇਸ ਮੌਕੇ ਐਸ.ਡੀ.ਐਮ. ਸਮਾਣਾ ਸ੍ਰੀ ਅਰਵਿੰਦ ਕੁਮਾਰ, ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ, ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਸਕੱਤਰ ਆਰ.ਟੀ.ਏ. ਸ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਜ) ਸ੍ਰੀ ਨਮਨ ਮੜਕਣ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

