ਰਾਜਪੁਰਾ ਟਰੱਕ ਲੁੱਟ ਖੋਹ ਕੇਸ ਪੁਲਿਸ ਨੇ ਕੀਤਾ ਹੱਲ : ਐਸ.ਐਸ.ਪੀ.
ਦੋਸ਼ੀ ਡਰਾਈਵਰ ਗ੍ਰਿਫ਼ਤਾਰ
ਰਾਜਪੁਰਾ/ਪਟਿਆਲਾ, 7 ਸਤੰਬਰ (ਮਧੂਸਾਰ ਬਿਊਰੋ) ਰਾਜਪੁਰਾ ਨੇੜੇ ਨੈਸ਼ਨਲ ਹਾਈਵੇਅ ‘ਤੇ 6 ਸਤੰਬਰ ਨੂੰ ਰਾਤੀ ਕਰੀਬ 12 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਸਮਾਨ ਸਮੇਤ ਖੋਹਿਆ ਗਿਆ ਟਰੱਕ ਪਟਿਆਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬਰਾਮਦ ਕਰ ਲਿਆ ਹੈ।
ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 6 ਸਤੰਬਰ ਦੀ ਰਾਤ 12.25 ਵਜੇ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇਅ ਨੇੜੇ ਕਾਕਾ ਢਾਬਾ ਰਾਜਪੁਰਾ ਕੋਲੋ ਅਣਪਛਾਤੇ ਵਿਅਕਤੀਆਂ ਵੱਲੋਂ ਪੀ.ਬੀ. 11 ਬੀ.ਯੂ 7499 ਟਰੱਕ ਖੋਹਿਆ ਗਿਆ ਹੈ। ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਇਹ ਸੂਚਨਾ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਅਤੇ ਨਾਲ ਦੇ ਜ਼ਿਲਿਆਂ ਨੂੰ ਵੀ ਜਾਰੀ ਕਰਕੇ ਅਲਰਟ ਕਰ ਦਿੱਤਾ ਗਿਆ ਸੀ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ਼ ਭਰੇ ਟਰੱਕ ਦੀ ਲੁੱਟ ਕਰਨ ਸਬੰਧੀ ਐਫ.ਆਈ.ਆਰ ਨੰਬਰ 278 ਮਿਤੀ 6-9-18 ਅ/ਧ 382 ਆਈ.ਪੀ.ਸੀ. ਪੁਲਿਸ ਥਾਣਾ ਸਿਟੀ ਰਾਜਪੁਰਾ ਵਿਖੇ ਰਜਿਸਟਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਟਰੱਕ ਦੀ ਕੀਮਤ ਵਿੱਚ ਲੱਦੇ ਕਾਗਜਾਂ ਦੇ ਬੰਡਲ ਸਮੇਤ ਕਰੀਬ 23 ਲੱਖ ਰੁਪਏ ਬਣਦੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਰਾਜਪੁਰਾ ਪੁਲਿਸ ਨੇ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਉਸੇ ਰਾਤ ਸਮਾਨ ਨਾਲ ਭਰੇ ਟਰੱਕ ਨੂੰ ਫੋਕਲ ਪੁਆਇੰਟ ਦੇ ਨੇੜੇ ਤੋਂ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਸੇ ਟਰੱਕ ਦੇ ਡਰਾਈਵਰ ਭਗਤ ਸਿੰਘ ਵਾਸੀ ਕੌਲੀ ਪੁਲਿਸ ਥਾਣਾ ਸਦਰ ਪਟਿਆਲਾ ਨੂੰ ਇਸ ਦਾ ਮੁੱਖ ਦੋਸ਼ੀ ਪਾਇਆ ਗਿਆ ਅਤੇ ਉਸਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਭਗਤ ਸਿੰਘ ਨੇ ਇਹ ਕਹਾਣੀ ਮਾੜੀ ਮਨਸਾ ਨਾਲ ਬਣਾਈ ਤਾਂ ਕਿ ਉਹ ਟਰੱਕ ਵਿੱਚ ਲੋਡ ਕਾਗਜ਼ਾਂ ਨੂੰ ਬਾਜ਼ਾਰ ਵਿੱਚ ਵੇਚ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਹਾਲੇ ਜਾਰੀ ਹੈ।

