ਪੰਜਾਬਪਟਿਆਲਾ

ਸਰਕਾਰਾਂ ਸਹਿਮਤ ਹੋਣ ਤਾਂ ਸ਼੍ਰੋਮਣੀ ਕਮੇਟੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਨੂੰ ਤਿਆਰ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਲਾਂਘੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਹਿਮ ਐਲਾਨ ਕੀਤਾ ਹੈ।

ਜਾਰੀ ਇੱਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਰਜ਼ਾਮੰਦ ਹੁੰਦੀਆਂ ਹਨ ਤਾਂ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਲਾਂਘਾ ਬਣਾਉਣ ਲਈ ਤਿਆਰ ਹੈ। ਭਾਈ ਲੌਂਗੋਵਾਲ ਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਸੰਗਤ ਦੀ ਲੰਮੇ ਸਮੇਂ ਤੋਂ ਇਸ ਮੰਗ ਨੂੰ ਸੰਜੀਦਗੀ ਨਾਲ ਲੈ ਕੇ ਬਿਨ੍ਹਾ ਦੇਰੀ ਖੁਲ੍ਹੇ ਲਾਂਘੇ ਦੀ ਬਿਨਾਂ ਵੀਜਾ ਮਨਜੂਰੀ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਇਸ ਮਾਮਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਸਗੋਂ ਇਸ ਕਾਰਜ ਲਈ ਪਾਰਟੀਬਾਜ਼ੀ ਅਤੇ ਧੜ੍ਹਿਆਂ, ਦੇਸ਼ਾਂ ਤੋਂ ਉਪਰ ਉੱਠ ਕੇ ਸੰਯੁਕਤ ਯਤਨ ਹੋਣੇ ਚਾਹੀਦੇ ਹਨ। ਉੇਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧ ਵਿਚ ਲੰਮੇ ਸਮੇਂ ਤੋਂ ਅਵਾਜ਼ ਉਠਾਈ ਜਾਂਦੀ ਰਹੀ ਹੈ ਅਤੇ ਇਥੋਂ ਤੱਕ ਕਿ ਅਨੇਕਾਂ ਵਾਰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਇਸ ਸਬੰਧੀ ਮਤੇ ਪਾਸ ਕਰਕੇ ਵੀ ਸਰਕਾਰਾਂ ਨੂੰ ਭੇਜੇ ਜਾਂਦੇ ਰਹੇ ਹਨ। ਪਰੰਤੂ ਸਰਕਾਰਾਂ ਦੀ ਗੈਰ ਸੰਜੀਦਾ ਪਹੁੰਚ ਨੇ ਨਿਰਾਸ਼ਾ ਤੋਂ ਸਿਵਾ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤਾਂ ਇਸ ਮੌਕੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹਾਂ-ਪੱਖੀ ਰਵੱਈਆ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਲਾਂਘਾ ਖੁੱਲ੍ਹਦਾ ਹੈ ਤਾਂ ਇਸ ਨਾਲ ਜਿਥੇ ਸੰਗਤਾਂ ਗੁਰ-ਅਸਥਾਨ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਸਕਣਗੀਆਂ, ਉਥੇ ਹੀ ਦੋਹਾਂ ਦੇਸ਼ਾਂ ਵਿਚ ਆਪਸੀ ਭਾਈਚਾਰਕ ਸਾਂਝ ਮਜਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਾਸਿਕਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਵੱਲੋਂ ਲਾਂਘੇ ਸਬੰਧੀ ਦਿੱਤੇ ਬਿਆਨ ਦਾ ਸ਼੍ਰੋਮਣੀ ਕਮੇਟੀ ਸੁਆਗਤ ਕਰਦੀ ਹੈ ਅਤੇ ਭਾਰਤ ਸਰਕਾਰ ਨੂੰ ਵੀ ਅਪੀਲ ਹੈ ਕਿ ਉਹ ਵੀ ਇਸ ਮਾਮਲੇ ਸਬੰਧੀ ਸ਼ੀਘਰ ਹੀ ਫੈਸਲਾ ਲੈਣ।
ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਭਾਰਤ ਦੀ ਸਰਹੱਦ ‘ਤੇ ਪੰਜਾਬ ਅੰਦਰ ਵੱਸੇ ਕਸਬਾ ਡੇਰਾ ਬਾਬਾ ਨਾਨਕ ਤੋਂ ਕੇਵਲ ਕੁਝ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਸਿੱਖ ਕੌਮ ਦੇ ਪਹਿਲੇ ਪਾਤਸ਼ਾਹ ਨਾਲ ਸਬੰਧਤ ਇਸ ਪਾਵਨ ਅਸਥਾਨ ਦੇ ਸਰਹੱਦ ‘ਤੇ ਬਣੇ ਅਸਥਾਨ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਦੀਆਂ ਹਨ। ਸੰਗਤਾਂ ਵੱਲੋਂ ਸਰਹੱਦ ‘ਤੇ ਖਲੋ ਕੇ ਇਸ ਪਾਵਨ ਅਸਥਾਨ ਦੇ ਖੁੱਲ੍ਹੇ ਲਾਂਘੇ ਲਈ ਪਿਛਲੇ ਕਈ ਸਾਲਾਂ ਤੋਂ ਹਰ ਮਹੀਨੇ ਅਰਦਾਸ ਵੀ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *