ਪੰਜਾਬ

ਪੰਜਾਬ ਦੀ ਅਮਨ ਸ਼ਾਂਤੀ ਨੂੰ ਕਦੇ ਭੰਗ ਨਹੀਂ ਹੋਣ ਦੇਵਾਂਗੇ, ਹਰ ਕੁਰਬਾਨੀ ਲਈ ਹਾਂ ਤਿਆਰ : ਪ੍ਰਕਾਸ਼ ਸਿੰਘ ਬਾਦਲ

ਕੈਪਟਨ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਣ ਦਾ ਡਰਾਮਾ ਰਚਿਆ : ਸੁਖਬੀਰ
ਅਬੋਹਰ 9 ਅਗਸਤ (ਮਧੂਸਾਰ ਬਿਊਰੋ) ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਬਾਦਲ ਪਰਿਵਾਰ ਦੇ ਨਾਂ ਆਉਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੀ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ‘ਤੇ ਤੁਲੀ ਹੋਈ ਹੈ, ਪਰ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਦੇ ਭੰਗ ਨਹੀਂ ਹੋਣ ਦੇਵਾਂਗੇ। ਇਸ ਦੇ ਲਈ ਮੈਂ ਅਤੇ ਸੁਖਬੀਰ ਕੁਰਬਾਨ ਹੋਣ ਲਈ ਹਮੇਸ਼ਾ ਤਿਆਰ ਹਾਂ। ਮੈਂ ਪੰਜਾਬ ਨੂੰ ਬਰਬਾਦ ਹੁੰਦੇ ਵੇਖ ਨਹੀਂ ਸਕਦਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ‘ਚ ਹਿਦੂਆਂ-ਸਿੱਖਾਂ ਨੂੰ ਆਪਸ ‘ਚ ਲੜਾਉਣਾ ਚਾਹੁੰਦੀ ਹੈ ਪਰ ਸਿੱਖ ਕੌਮ ਵੱਡੀ ਤੋਂ ਵੱਡੀ ਤਾਕਤ ਦਾ ਸਾਹਮਣਾ ਕਰ ਸਕਦੀ ਹੈ। ਉਨ੍ਹਾਂ ਨੇ ਰਣਜੀਤ ਸਿੰਘ ਕਮਿਸ਼ਨ ਨੂੰ ਜਾਅਲੀ ਕਮਿਸ਼ਨ ਕਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਾਂਗਰਸ ਸਰਕਾਰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੀ ਹੈ। ਜਿੰਨੇ ਸਾਲ ਪ੍ਰਕਾਸ਼ ਸਿੰਘ ਬਾਦਲ ਨੇ ਜੇਲ ਕੱਟੀ ਹੈ, ਓਨੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਵੀ ਨਹੀਂ। ਨਸ਼ਿਆਂ ਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਕਾਂਗਰਸ ਸਰਕਾਰ ਨੇ ਨਸ਼ੇੜੀ ਬਣਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਣ ਦਾ ਡਰਾਮਾ ਕੀਤਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੇ ਵਿਰਸੇ ਨੂੰ ਹਮੇਸ਼ਾ ਸੰਭਾਲ ਕੇ ਰੱਖਿਆ ਸੀ। ਇਸ ਦੇ ਨਾਲ ਹੀ ਇਸ ਰੈਲੀ ‘ਚ ਸੁਖਬੀਰ ਬਾਦਲ ਨੇ ਜਾਖੜ ਨੂੰ ਗਧੇ ‘ਤੇ ਬਿਠਾ ਕੇ ਅਬੋਹਰ ਘੁਮਾਉਣ ਦੀ ਗੱਲ ਕਹੀ।
ਇਕੱਠ ਨੂੰ ਸੰਬੋਧਨ ਕਰਦਿਆਂ ਇਸ ਦੌਰਾਨ ਬੋਲਦੇ ਹੋਏ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਮਾੜੀ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਕਸਰ ਇਹ ਬਿਆਨ ਦਿੰਦੇ ਹਨ ਕਿ ਉਨ੍ਹਾਂ ਦੇ ਮੱਥੇ ‘ਤੇ ‘ਨੋਟ ਫਾਰ ਸੇਲ’ ਲਿਖਿਆ ਹੈ ਪਰ ਅਸਲ ਵਿਚ ਸਿੱਧੂ ਤੋਂ ਵੱਡਾ ਵਿਕਾਊ ਕੋਈ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਮੁੰਨੀ ਨਾਲੋਂ ਵੱਧ ਬਦਨਾਮ ਦੱਸਣ ਵਾਲਾ ਸਿੱਧੂ ਹੁਣ ਰਾਹੁਲ ਨੂੰ ਪਾਪਾ ਆਖਦਾ ਹੈ ਪਹਿਲਾਂ ਪੱਪੂ ਕਹਿੰਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਵਰਗੇ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈ, ਇਹ ਅਜਿਹੇ ਹਨ ਜਿਹੜੇ ਗੰਗਾ ਗਏ ਤਾਂ ਗੰਗਾਰਾਮ ਅਤੇ ਜ਼ਮਨਾ ਗਏ ਤਾਂ ਜ਼ਮਨਾ ਦਾਸ ਬਣ ਜਾਂਦੇ ਹਨ।
ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੂੰ ਲਲਕਾਰਨ ਵਾਲਾ ਸੁਨੀਲ ਜਾਖੜ ਹੁਣ ਕਿੱਥੇ ਲੁੱਕ ਕੇ ਬੈਠ ਗਿਆ ਹੈ। ਮਜੀਠੀਆ ਨੇ ਕਿਹਾ ਕਿ ਜਾਖੜ ਨੂੰ ਲੋਕਾਂ ਨੇ ਘਰ ਵਿਚ ਹੀ ਉਸ ਨੂੰ ਨਾਕਾਰ ਦਿੱਤਾ ਹੈ। ਜਾਖੜਾ ਦਾ ਉਹ ਹੈ ਨਾ ਘਰ ਦਾ ਨਾ ਘਾਟ ਦਾ। ਕੈਬਨਿਟ ਮੰਤਰੀ ਸੁੱਖੀ ਰੰਧਾਵਾ ‘ਤੇ ਹਮਲਾ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਸੁੱਖੀ ਰੰਧਾਵਾ ਸਿਰਫ 1000 ਵੋਟਾਂ ਦੇ ਫਰਕ ਨਾਲ ਆਪਣੇ ਹਲਕੇ ‘ਚੋਂ ਜਿੱਤਿਆ ਸੀ ਅਤੇ ਇਹ ਜਿੱਤ ਉਸ ਨੇ ਚੋਰ ਮੋਰੀ ਰਾਹੀਂ ਹਾਸਲ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਹੁਣ ਪੰਥ ਹਤੈਸ਼ੀ ਬਣੀ ਕਾਂਗਰਸ ਇਹ ਭੁੱਲ ਗਈ ਹੈ ਕਿ 1984 ਵਿਚ ਇੰਦਰਾ ਗਾਂਧੀ ਨੇ ਹਜ਼ਾਰਾਂ ਬੇਅਦਬੀਆਂ ਕਰਵਾਈਆਂ ਸਨ, ਹੁਣ ਵੀ ਕਾਂਗਰਸ ਦੇ ਕਾਰਜਕਾਲ ਵਿਚ 73 ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਇਸ ਦੌਰਾਨ ਆਪਣੇ ਸੰਬੋਧਨ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕਾਂਗਰਸ ਮੁੜ ਭਰਾ ਮਾਰੂ ਜੰਗ ਕਰਵਾਉਣ ਵਿਚ ਲੱਗੀ ਹੈ। ਜੀ. ਕੇ. ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਜਾਂ ਸੁਨੀਲ ਜਾਖੜ ਦੇ ਕਹਿਣ ਨਾਲ ਪ੍ਰਕਾਸ਼ ਸਿੰਘ ਬਾਦਲ ਦੋਸ਼ੀ ਸਾਬਤ ਨਹੀਂ ਹੋ ਜਾਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਮੰਦਭਾਗੀ ਹੈ ਅਤੇ ਸਰਕਾਰ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੀ. ਕੇ. ਨੇ ਕਿਹਾ ਕਿ ਕਾਂਗਰਸ ਸਿੱਖ ਸੰਸਥਾਵਾਂ, ਐੱਸ. ਜੀ. ਪੀ. ਸੀ. ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰਚ ਰਹੀ ਹੈ।

Leave a Reply

Your email address will not be published. Required fields are marked *