ਚਹਿਲ ਦਾ ਮੀਡੀਆ ਅਡਵਾਈਜ਼ਰ ਅਕਾਲੀ ਖੇਮੇ ‘ਚ ਕਰ ਰਿਹਾ ਘੁਸਪੈਠ!
ਪਟਿਆਲਾ : (ਕੰਵਰ ਬੇਦੀ) ਪੱਤਰਕਾਰੀ ਖੇਤਰ ‘ਚ ਆ ਕੇ ਵੱਧ ਪੈਸਾ ਕਮਾਉਣ ਦੀ ਹੋੜ ਅਤੇ ਸਮਾਜ ‘ਚ ਠੁੱਕ ਬਣਾ ਕੇ ਰੱਖਣ ਲਈ ਸਿੱਧੇ-ਅਸਿੱਧੇ ਢੰਗ ਵਾਲੇ ਰਸਤਿਆਂ ਰਾਹੀਂ ਜਿਥੇ ਪੱਤਰਕਾਰੀ ਨੂੰ ਨਿਘਾਰ ਵੱਲ ਧੱਕਿਆ ਜਾ ਰਿਹਾ ਹੈ, ਉਥੇ ਸਰਕਾਰੀ ਨੌਕਰੀਆਂ ਤੋਂ ਸੇਵਾ ਮੁਕਤ ਹੋਏ ਅਧਿਕਾਰੀ ਘਰਾਂ ਵਿਚ ਬੈਠ ਕੇ ਅਰਾਮ ਕਰਨ ਦੀ ਬਜਾਏ ਪੱਤਰਕਾਰੀ ਖੇਤਰ ਵਿਚ ਆ ਕੇ ਕਿਸੇ ਰਸੂਖ਼ ਵਾਲੇ ਸਿਆਸਤਦਾਨ ਵਿਅਕਤੀ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਦੇਣ ਨੂੰ ਤਰਜੀਹ ਦੇ ਰਹੇ ਹਨ, ਜਿਸ ਵਿਚੋਂ ਵੱਧ ਤੋਂ ਵੱਧ ਨੋਟ ਕਮਾਉਣ ਦੀ ਤ੍ਰਿਸ਼ਨਾ ਸਾਫ ਦਿਖਾਈ ਦਿੰਦੀ ਹੈ।
ਇਹ ਮਿਸਾਲ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਦੇ ਇਕ ਮੀਡੀਆ ਅਡਵਾਈਜ਼ਰ ਤੋਂ ਮਿਲਦੀ ਹੈ। ਸੂਤਰਾਂ ਮੁਤਾਬਕ ਚਹਿਲ ਦਾ ਮੀਡੀਆ ਅਡਵਾਈਜ਼ਰ ਇਹ ਵਿਅਕਤੀ ਹੁਣੇ-ਹੁਣੇ ਕਿਸੇ ਸਰਕਾਰੀ ਵਿਭਾਗ ਤੋਂ ਸੇਵਾ ਮੁਕਤ ਹੋਇਆ ਹੈ, ਜਿਸ ਦੀ ਹੁਣ ਇੱਛਾ ਇਕ ਕੈਪਟਨ ਪੱਖੀ ਨਿਊਜ਼ ਏਜੰਸੀ ਚਲਾਉਣ ਦੀ ਹੈ, ਪ੍ਰੰਤੂ ਅੰਦਰੋਂ-ਅੰਦਰੀ ਉਹ ਅਕਾਲੀ ਆਗੂਆਂ ਨਾਲ ਜੁੜਨਾ ਚਾਹੁੰਦਾ ਹੈ। ਅਕਾਲੀ ਆਗੂਆਂ ਨਾਲ ਬਣਦੀ ਨੇੜਤਾ ਨੂੰ ਵੇਖ ਕੇ ਅਕਾਲੀ ਖੇਮੇ ਵਿਚ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਕਿਤੇ ਚਹਿਲ ਪੱਖੀ ਇਹ ਵਿਅਕਤੀ ਅਕਾਲੀ ਆਗੂਆਂ ਦੇ ਵੋਟ ਬੈਂਕ ਨੂੰ ਸੰਨ ਨਾ ਲਗਾ ਜਾਵੇ ਕਿਉਂਕਿ ਚਹਿਲ ਨਾਲ ਪਰਿਵਾਰਕ ਨਜ਼ਦੀਕੀ ਉਹ ਕਦੇ ਵੀ ਘੱਟ ਨਹੀਂ ਕਰ ਸਕਦਾ। ਅਕਾਲੀ ਆਗੂਆਂ ਦੀਆਂ ਪ੍ਰੈਸ ਕਾਨਫਰੰਸਾਂ ‘ਚ ਤੁਰਦਾ-ਫਿਰਦਾ ਉਹ ਅਕਸਰ ਕਾਂਗਰਸ ਸਰਕਾਰ ਲਿਆਉਣ ਦੀ ਗੱਲ ਕਰਦਾ, ਜਿਸ ਦੇ ਮਨਸੂਬੇ ਦਾ ਅਜੇ ਤੱਕ ਇੰਕਸ਼ਾਫ ਨਹੀਂ ਹੋ ਸਕਿਆ। ਅਕਾਲੀ ਸਮਰਥਕਾਂ ਦਾ ਕਹਿਣਾ ਹੈ ਕਿ ਸਮਾਜਕ ਤੌਰ ‘ਤੇ ਵਿਚਰਨਾ ਆਮ ਗੱਲ ਹੈ, ਪ੍ਰੰਤੂ ਕਾਂਗਰਸ ਪੱਖੀ ਵਿਚਾਰਧਾਰਾ ਲੈ ਕੇ ਅਕਾਲੀ ਆਗੂਆਂ ਨਾਲ ਤੁਰਨ ਵਾਲਾ ਇਹ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਸਮੇਂ ਵੀ ਕੋਈ ਵੱਡਾ ਨੁਕਸਾਨ ਪਹੁੰਚਾ ਸਕਦਾ।
ਉਨ੍ਹਾਂ ਦਾ ਮੰਨਣਾ ਹੈ ਕਿ ਚਾਹਲ ਦੇ ਇਸ਼ਾਰੇ ‘ਤੇ ਇਹ ਵਿਅਕਤੀ ਅਕਾਲੀ ਆਗੂਆਂ ਦੀਆਂ ਗਤੀਵਿਧੀਆਂ ‘ਤੇ ਅੱਖ ਰਿਹਾ ਹੈ ਤਾਂ ਜੋ ਸਮੇਂ-ਸਮੇਂ ‘ਤੇ ਕਾਂਗਰਸ ਨੂੰ ਲਾਭ ਪਹੁੰਚਾਇਆ ਜਾ ਸਕੇ। ਚਹਿਲ ਦੇ ਦੁੱਖ-ਸੁੱਖ ਵਿਚ ਖੜਾ ਰਹਿਣ ਵਾਲਾ ਇਹ ਵਿਅਕਤੀ ਆਪਣੇ ਆਪ ਨੂੰ ਨਿਰਪੱਖ ਦੱਸਦਾ, ਪ੍ਰੰਤੂ ਅਕਾਲੀ ਆਗੂਆਂ ਨਾਲ ਨੇੜਤਾ ਬਣਾ ਰਹੇ ਸੇਵਾ ਮੁਕਤ ਅਧਿਕਾਰੀ ਦੀ ਚਹਿਲ-ਪਹਿਲ ਨਾਲ ਜਿਥੇ ਭਰਤ ਇੰਦਰ ਸਿੰਘ ਚਹਿਲ ਬਾਗੋ-ਬਾਗ ਹੋ ਰਹੇ ਹੋਣਗੇ, ਉਥੇ ਉਕਤ ਅਧਿਕਾਰੀ ਕੋਲੋਂ ਸ਼ਹਿਰੀ ਦੇ ਅਕਾਲੀ ਆਗੂ ਕਿਨਾਰਾ ਕਰਨ ਲੱਗ ਪਏ ਹਨ।

