ਪਟਿਆਲਾ

ਮਗਸੀਪਾ ਵੱਲੋਂ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਸਿਖਲਾਈ ਪ੍ਰੋਗਰਾਮ ਕਰਵਾਇਆ

ਪਟਿਆਲਾ, 11 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਪਟਿਆਲਾ ਵੱਲੋਂ ਨਸ਼ਿਆਂ ਦੀ ਵਰਤੋਂ ਤੇ ਰੋਕਥਾਮ ਸਬੰਧੀ ਇੱਕ ਦਿਨ ਦਾ ਸਿਖਲਾਈ ਪ੍ਰੋਗਰਾਮ ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵਿਖੇ ਕਰਵਾਇਆ ਗਿਆ।

ਇਹ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ਼ ਸ਼ੋਸਲ ਡੀਫੈਂਸ (ਐੱਨ.ਆਈ.ਐੱਸ.ਡੀ.), ਸਮਾਜਿਕ ਨਿਆਂ ਅਤੇ ਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਪੋਂਸਰ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਪਟਿਆਲਾ ਦੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।
ਸਭ ਤੋਂ ਪਹਿਲਾ ਸ਼੍ਰੀ ਐੱਮ.ਐੱਲ. ਸ਼ਰਮਾ, ਖੇਤਰੀ ਪ੍ਰੋਜੈਕਟ ਡਾਇਰੈਕਟਰ, ਮਗਸੀਪਾ ਖੇਤਰੀ ਕੇਂਦਰ ਵੱਲੋਂ ਮੁੱਖ ਮਹਿਮਾਨ ਸ਼੍ਰੀ ਏ.ਐੱਸ. ਰਾਏ, ਆਈ.ਪੀ.ਐੱਸ., ਆਈ.ਜੀ.ਪੀ., ਪਟਿਆਲਾ ਅਤੇ ਭਾਗੀਦਾਰਾਂ ਨੂੰ ਜੀ ਆਇਆਂ ਆਖਿਆ ਅਤੇ ਸਿਖਲਾਈ ਪ੍ਰੋਗਰਾਮ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਸਿਖਲਾਈ ਪ੍ਰੋਗਰਾਮ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ। ਉਨਾਂ ਵੱਲੋਂ ਖਾਸ ਤੌਰ ‘ਤੇ ਸ਼੍ਰੀ ਏ.ਐੱਸ. ਰਾਏ, ਆਈ.ਪੀ.ਐੱਸ., ਆਈ.ਜੀ.ਪੀ., ਪਟਿਆਲਾ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਧੰਨਵਾਦ ਕੀਤਾ ਗਿਆ।
ਇਸ ਤੋਂ ਬਾਅਦ ਸ਼੍ਰੀ ਏ.ਐੱਸ. ਰਾਏ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਨਾਂ ਵੱਲੋਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਗਸੀਪਾ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਇਹ ਇੱਕ ਚੰਗਾ ਉਪਰਾਲਾ ਹੈ। ਜਿਸ ਵਿੱਚ ਮੁਲਾਜਮਾਂ ਨੂੰ ਨਸ਼ਿਆਂ ਦੀ ਵਰਤੋਂ ਸਬੰਧੀ ਕਾਨੂੰਨੀ ਪੱਖਾਂ ਬਾਰੇ ਜਾਣਕਾਰੀ ਮਿਲੇਗੀ, ਜਿਸ ਨਾਲ ਉਨਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ। ਉਨਾਂ ਕਿਹਾ ਕਿ ਇਹ ਜਾਣਕਾਰੀ ਉਹ ਆਪਣੇ ਤੱਕ ਸੀਮਿਤ ਹੀ ਨਾ ਰੱਖਣ, ਸਗੋਂ ਆਪਣੇ ਹੋਰ ਸਾਥੀਆਂ ਨਾਲ ਵੀ ਸਾਂਝੀ ਕਰਨ, ਜਿਸ ਨਾਲ ਨਸ਼ਿਆਂ ਦੀ ਵਰਤੋਂ ਸਬੰਧੀ ਇਸ ਜਾਗਰੂਕਤਾ ਪ੍ਰੋਗਰਾਮ ਦਾ ਅਸਲੀ ਉਦੇਸ਼ ਪੂਰਾ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਇਹ ਪ੍ਰੋਗਰਾਮ ਪੁਲਿਸ ਮੁਲਾਜਮਾਂ ਦੀ ਰੋਜ਼ਾਨਾ ਵਰਕਿੰਗ ਤੋਂ ਹਟ ਕੇ ਹੈ, ਜਿਸ ਨਾਲ ਉਨਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ, ਜੋ ਕਿ ਉਨਾਂ ਵਾਸਤੇ ਲਾਹੇਵੰਦ ਹੋਵੇਗਾ। ਉਨਾਂ ਭਾਗੀਦਾਰਾਂ ਨੂੰ ਕਿਹਾ ਕਿ ਉਹ ਵਿਸ਼ਾ-ਮਾਹਿਰਾਂ ਨਾਲ ਸੁਆਲ-ਜਵਾਬ ਜਰੂਰ ਕਰਨ, ਇਸ ਨਾਲ ਉਨਾਂ ਦੀ ਜਾਣਕਾਰੀ ਵਿੱਚ ਵਾਧਾ ਤਾਂ ਹੋਵੇਗਾ ਹੀ, ਇਸ ਦੇ ਨਾਲ ਸਗੋਂ ਸਾਰਿਆਂ ਦੇ ਸ਼ੱਕ ਦੂਰ ਹੋਣਗੇ। ਉਨਾਂ ਵੱਲੋਂ ਭਾਗੀਦਾਰਾਂ ਨੂੰ ਧਿਆਨ ਨਾਲ ਪ੍ਰੋਗਰਾਮ ਅਟੈਂਡ ਕਰਨ ਬਾਰੇ ਪ੍ਰੇਰਨਾ ਦਿੱਤੀ ਗਈ।
ਇਸ ਤੋਂ ਬਾਅਦ ਵਿਸ਼ਾ-ਮਾਹਿਰ ਸ਼੍ਰੀਮਤੀ ਪਰਮਿੰਦਰ ਕੌਰ, ਡਾਇਰੈਕਟਰ, ਨਸ਼ਾ-ਛਡਾਊ ਕੇਂਦਰ (ਸਕੇਤ ਹਸਪਤਾਲ) ਪਟਿਆਲਾ, ਮਿਸ ਅਮਰਜੀਤ ਕੌਰ ਅਤੇ ਸ਼੍ਰੀ ਅਮ੍ਰਿੰਤਪਾਲ ਸਿੰਘ, ਮਨੋਵਿਗਿਆਨਿਕ ਸਲਾਹਕਾਰ ਨਸ਼ਾ-ਛਡਾਊ ਕੇਂਦਰ (ਸਕੇਤ ਹਸਪਤਾਲ) ਪਟਿਆਲਾ ਨਸ਼ੇ ਅਤੇ ਮਨੋਵਿਗਿਆਨਿਕ ਪਦਾਰਥਾਂ ਦੀਆਂ ਕਿਸਮਾਂ ਅਤੇ ਇਸ ਦੀ ਵਰਤੋਂ ਦੇ ਅਸਰ, ਦਵਾਈਆਂ ਦੀ ਦੁਰਵਰਤੋਂ ਦੇ ਨਤੀਜੇ/ਲੱਛਣ ਅਤੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੇ ਲੱਛਣ, ਤਸਕਰਾਂ ਦੀ ਕਾਰਜ ਪ੍ਰਣਾਲੀ ਅਤੇ ਪੰਜਾਬ ਪੁਲਿਸ ਲਈ ਨਸ਼ਿਆਂ ਵਿਰੁੱਧ ਲੜਾਈ ਲਈ ਚੁਣੋਤੀਆਂ, ਨਸ਼ਾ-ਖੋਰੀ ਦੇ ਇਲਾਜ ਅਤੇ ਮੁੜ-ਵਸੇਵੇ ਜਿਹੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਡਾ. ਪਰਮਜੀਤ ਸਿੰਘ, ਪ੍ਰੋਫੈਸਰ, ਲਾਅ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਤ ਕਾਨੂੰਨੀ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨੂੰ ਪਾਰਟੀਪੇਸ਼ਨ ਸਰਟੀਫੀਕੇਟ ਅਤੇ ਕੋਰਸ ਸਮੱਗਰੀ ਵੀ ਦਿੱਤੀ ਗਈ।

Leave a Reply

Your email address will not be published. Required fields are marked *