ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਦਫਤਰ ਦੇ ਤਿੰਨਾਂ ਗੇਟਾਂ ਅੱਗੇ ਦਿੱਤਾ ਵਿਸ਼ਾਲ ਰੋਸ ਵਿਖਾਵਾ
ਪਟਿਆਲਾ 14 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਮੁਹਾਲੀ, ਖੰਨਾ ਸਰਕਲ, ਬਠਿੰਡਾ ਥਰਮਲ, ਰੋਪੜ ਥਰਮਲ ਅਤੇ ਹਾਈਡਲ ਜੋਨ ਦੇ ਹਜ਼ਾਰਾਂ ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਤਿੰਨਾਂ ਗੇਟਾਂ ਉਪਰ ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਬਿਜਲੀ ਨਿਗਮ ਦੀ ਮੈਨੇਜਮੈਂਟ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕੀਤਾ।
ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਨੂੰ 12:30 ਵਜੇ ਮੀਟਿੰਗ ਦਿੱਤੀ, ਜੋ ਬਿਨਾਂ ਕਿਸੇ ਸਿੱਟੇ ਤੋਂ ਟੁੱਟ ਗਈ। ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਸ੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜੀ. ਓ.ਪੀ. ਗਰਗ ਡਾਇਰੈਕਟਰ ਵਣਜ, ਸ੍ਰੀ ਜਤਿੰਦਰਪਾਲ ਗੋਇਲ ਡਾਇਰੈਕਟਰ ਵਿੱਤ, ਇੰਜੀ. ਜਸਵਿੰਦਰ ਪਾਲ ਮੁੱਖ ਇੰਜੀਨੀਅਰ ਐਚ.ਆਰ.ਡੀ., ਸ੍ਰੀ ਬੀ.ਐਸ. ਗੁਰਮ ਡਿਪਟੀ ਸਕੱਤਰ ਕਿਰਤ ਤੇ ਭਲਾਈ, ਇੰਜੀ. ਗੁਰਬਖਸ਼ ਸਿੰਘ ਉਪ ਮੁੱਖ ਇੰਜੀਨੀਅਰ ਆਦਿ ਅਧਿਕਾਰੀ ਅਤੇ ਜੁਆਇੰਟ ਫੋਰਮ ਵੱਲੋਂ ਸਰਵ ਸ੍ਰੀ ਕਰਮਚੰਦ ਭਾਰਦਵਾਜ, ਰਣਬੀਰ ਪਾਤੜਾਂ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬ੍ਰਿਜ ਲਾਲ, ਫਲਜੀਤ ਸਿੰਘ, ਰਵੇਲ ਸਿੰਘ ਸਹਾਏਪੁਰ, ਸੁਖਦੇਵ ਸਿੰਘ ਰੋਪੜ, ਗੁਰਸੇਵਕ ਸਿੰਘ ਸੰਧੂ, ਹਰਜਿੰਦਰ ਸਿੰਘ ਦੁਧਾਲਾ, ਪਰਮਜੀਤ ਸਿੰਘ ਭੀਖੀ, ਕਮਲਜੀਤ ਸਿੰਘ, ਪਰਮਜੀਤ ਸਿੰਘ ਦਸੂਹਾ, ਕਰਮਚੰਦ ਖੰਨਾ ਆਦਿ ਸਾਥੀ ਸ਼ਾਮਲ ਹੋਏ।
ਮੀਟਿੰਗ ਵਿੱਚੋਂ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਆਗੂਆਂ ਨੇ ਰੋਸ ਵਜੋਂ ਵਾਕਆਊਟ ਕਰਨ ਉਪਰੰਤ ਦੱਸਿਆ ਕਿ ਜਿੱਥੇ ਪਿਛਲੀ ਮੀਟਿੰਗ ਵਿੱਚ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਡਾਇਰੈਕਟਰ ਪ੍ਰਬੰਧਕੀ ਜਿਨ੍ਹਾਂ ਨਾਲ ਮੁਲਾਜ਼ਮ ਮੰਗਾਂ ਉੱਪਰ ਮਿਤੀ 30-06-2018 ਦੀ ਮੀਟਿੰਗ ਵਿੱਚ ਸਹਿਮਤੀ ਬਣੀ ਸੀ, ਉਨ੍ਹਾਂ ਦੀ ਮੀਟਿੰਗ ਵਿੱਚ ਗੈਰ ਹਾਜ਼ਰੀ ਮੈਨੇਜਮੈਂਟ ਦੀ ਗੈਰ ਸੰਜੀਦਗੀ ਦਰਸਾਉਂਦੀ ਹੈ। ਉੱਥੇ ਮੈਨੇਜਮੈਂਟ ਨੇ ਕਿਸੇ ਵੀ ਸਹਿਮਤੀ ਨੂੰ ਲਾਗੂ ਨਹੀਂ ਕੀਤਾ। ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ ਨੇ ਮੀਟਿੰਗ ਦਾ ਵਿਸਥਾਰ ਦੱਸਦੇ ਹੋਏ ਦੱਸਿਆ ਕਿ ਮਿਤੀ 30-06-2018 ਦੀ ਮੀਟਿੰਗ ਵਿੱਚ ਬਿਜਲੀ ਕਰਮਚਾਰੀਆਂ ਨੂੰ 1-12-2011 ਤੋਂ ਪੇ ਬੈਂਡ ਦੇਣ, ਮਿਤੀ 1-1-2018 ਤੋਂ ਬੰਦ ਕੀਤੇ ਥਰਮਲ ਪਲਾਟਾਂ ਦੇ ਬੰਦ ਕੀਤੇ ਯੂਨਿਟ ਨੂੰ ਮੁੜ ਚਾਲੂ ਕਰਨ, ਸਮੁੱਚੇ ਕਰਮਚਾਰੀਆਂ ਨੂੰ ਬਿਨ੍ਹਾਂ ਸ਼ਰਤ 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦੇਣ, ਕੰਟਰੈਕਟ ਕਾਮਿਆਂ ਨੂੰ ਦੋ ਸਾਲ ਹੋਣ ਤੇ ਪੱਕੇ ਕਰਨ, ਵਰਕਚਾਰਜ ਆਰ.ਟੀ.ਐਮ. ਅਤੇ ਹੋਰ ਯੋਗ ਕਰਮਚਾਰੀਆਂ ਨੂੰ ਸਹਾਇਕ ਲਾਇਨਮੈਨ ਬਣਾਉਣ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਤੇਜੀ ਨਾਲ ਅਗੇਤ ਆਧਾਰ ਤੇ ਨੌਕਰੀ ਦੇਣ, ਕੰਟਰੈਕਟ, ਮੀਟਰ ਰੀਡਰ, ਬਿੱਲ ਵੰਡਕ ਅਤੇ ਖਜਾਨਚੀ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਥਰਮਲ ਅਤੇ ਹੋਰ ਕਾਮਿਆਂ ਦੀਆਂ ਤਰੱਕੀਆਂ ਕਰਨ, ਲਾਈਨਮੈਨ ਦੀ ਵਿਭਾਗੀ ਪ੍ਰੀਖਿਆ ਜਾਰੀ ਰੱਖਦੇ ਹੋਏ ਜੇ.ਈ. ਦੀ ਤਰੱਕੀ ਕਰਨ, ਨਵੇਂ ਭਰਤੀ ਕੀਤੇ ਸਹਾਇਕ ਲਾਇਨਮੈਨ, ਐਲ.ਡੀ.ਸੀ., ਐਸ.ਐਸ.ਏ. ਅਤੇ ਜੇ.ਈਜ਼ ਨੂੰ ਨਿਯੁਕਤੀ ਪੱਤਰ ਦੇ ਕੇ ਸਬੰਧਤ ਜਿਲਿਆ ਵਿੱਚ ਤਾਇਨਾਤ ਕਰਨ, ਨਵੇਂ ਭਰਤੀ ਕਾਮਿਆਂ ਨੂੰ ਰੈਗੂਲਰ ਸਕੇਲ ਦੇਣ, ਮਾਨਯੋਗ ਕੋਰਟਾਂ ਦੇ ਫੈਸਲੇ ਜਰਨਲਾਈਜ਼ ਕਰਨ, ਸਹਾਇਕ ਲਾਇਨਮੈਨ ਤੋਂ ਐਸ.ਐਸ.ਏ. ਬਣਾਉਣ ਅਤੇ 25 ਨੁਕਾਤੀ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਸਬੰਧੀ ਅਤੇ ਬਣੀਆਂ ਸਹਿਮਤੀਆਂ ਵਿੱਚੋਂ ਇੱਕ ਵੀ ਸਹਿਮਤੀ ਲਾਗੂ ਨਹੀਂ ਕੀਤੀ, ਬਲਕਿ 23 ਸਾਲ ਦੀ ਸੇਵਾ ਸਬੰਧੀ ਲਾਭ ਦੇਣ ਲਈ ਜੋ ਸਰਕੂਲਰ ਜਾਰੀ ਕੀਤਾ ਗਿਆ ਹੈ ਉਸ ਨਾਲ ਲਾਭ ਦੇਣ ਦੀ ਥਾਂ ਵਿੱਤੀ ਲਾਭ ਖੋਹ ਲਿਆ ਗਿਆ ਹੈ ਅਤੇ ਗਿਣੀ ਮਿੱਥੀ ਸਾਜਿਸ਼ ਤਹਿਤ ਮੁਲਾਜਮਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੇ ਜੁਆਇੰਟ ਫੋਰਮ ਦੇ ਆਗੂਆਂ ਨੇ ਮੀਟਿੰਗ ਵਿੱਚੋਂ ਵਾਕਆਊਟ ਕੀਤਾ। ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਮੈਨੇਜਮੈਂਟ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ।
ਆਗੂਆਂ ਨੇ ਐਲਾਨ ਕੀਤਾ ਕਿ ਮੈਨੇਜਮੈਂਟ ਦੇ ਮੁਲਾਜਮ ਵਿਰੋਧੀ ਰਵਈਏ ਵਿਰੁੱਧ ਪੰਜਾਬ ਦੇ ਹਜ਼ਾਰਾਂ ਬਿਜਲੀ ਕਾਮੇ ਬਿਜਲੀ ਮੰਤਰੀ ਪੰਜਾਬ ਦੇ ਪਿੰਡ ਕਾਂਗੜ ਵਿਖੇ ਮਿਤੀ 21-09-2018 ਨੂੰ ਰੋਸ ਵਿਖਾਵਾ ਕਰਨਗੇ। ਮਿਤੀ 26-09-2018 ਨੂੰ ਪੰਜਾਬ ਪੱਧਰੀ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਅਤੇ ਸੀ.ਐਮ.ਡੀ. ਅਤੇ ਸਮੁੱਚੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਜਾਰੀ ਰੱਖਣਗੇ । ਜੇਕਰ ਮੈਨੇਜਮੈਂਟ ਨੇ ਦਿੱਤੇ ਵਿਸ਼ਵਾਸ਼ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

