ਕੈਪਟਨ ਤੇ ਸੁਖਬੀਰ ‘ਚ ਜੰਗ : ਸਿਆਸੀ ਰੈਲੀਆਂ ਦਾ ਐਲਾਨ
ਟਵੀਟ ‘ਤੇ ਸਿਆਸੀ ਰੈਲੀਆ ਦਾ ਐਲਾਨ
ਪਟਿਆਲਾ 17 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਜਸਟਿਸ ਰਣਜੀਤ ਸਿੰਘ ਕਮਿਸ਼ਨਰ ਦੀ ਰਿਪੋਰਟ ਤੋਂ ਬਾਦ ਬੈਕਫੁੱਟ ‘ਤੇ ਜਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਚੁਣੌਤੀ ਦੇਣ ਲਈ ਪੰਜਾਬ ‘ਚ ‘ਪੋਲ ਖੋਲ੍ਹ’ ਰੈਲੀਆਂ ਸ਼ੁਰੂ ਕਰ ਦਿੱਤੀਆਂ, ਰੈਲੀਆਂ ‘ਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਆਖਿਆ ਕਿ ਸੂਬੇ ਦੇ ਹਿੱਤਾਂ ਲਈ ਉਹ ਹਰ ਕੁਰਬਾਨੀ ਲਈ ਤਿਆਰ ਹਨ, ਜਦਕਿ ਕਾਂਗਰਸ ਪੰਜਾਬ ਦਾ ਮਾਹੌਲ ਵਿਗਾੜਨ ‘ਚ ਲੱਗੀ ਹੋਈ ਹੈ।
ਅਬੋਹਰ ਰੈਲੀ ਤੋਂ ਬਾਦ ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ ਸੀ, ਹਾਈਕੋਰਟ ‘ਚ ਚੁਣੌਤੀ ਤੋਂ ਬਾਦ ਅਕਾਲੀ ਦਲ ਨੇ ਵੱਡੀ ਰੈਲੀ ਕੀਤੀ, ਜਿਸ ਨੂੰ ਇਤਿਹਾਸਕ ਕਿਹਾ ਜਾ ਰਿਹਾ, ਅਕਾਲੀ ਦਲ ਦੀ ਰੈਲੀ ‘ਚ ਕੈਪਟਨ, ਸਿੱਧੂ, ਜਾਖੜ ਅਤੇ ਦਾਦੂਵਾਲ ਨੂੰ ਜੰਮ ਕੇ ਰਗੜੇ ਲਾਏ ਗਏ, ਜਿਸ ਦੇ ਜਵਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲੰਬੀ ‘ ਰੈਲੀ ਕਰਨ ਦਾ ਐਲਾਨ ਕੀਤਾ, ਜੋ ਸਤੰਬਰ ਦੇ ਅਖੀਰਲੇ ਹਫਤੇ ਹੋਵੇਗੀ… ਕੈਪਟਨ ਨੇ ਆਖਿਆ ਉਹ ਲੰਬੀ ‘ਚ ਰੈਲੀ ਕਰਕੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੋਕਾਂ ‘ਚ ਰੱਖਣਗੇ ਅਤੇ ਬਾਦਲਾਂ ਦੇ ਝੂਠ ਦਾ ਪਰਦਾਫਾਸ਼ ਕੀਤਾ ਜਾਵੇਗਾ…ਲੰਬੀ ਰੈਲੀ ਦੇ ਜਵਾਬ ‘ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕੈਪਟਨ ਦੇ ਘਰ ਪਟਿਆਲਾ ‘ਚ ਅਕਾਲੀ ਦਲ ਵੱਡੀ ਰੈਲੀ ਕਰੇਗਾ। ਸੁਖਬੀਰ ਸਿੰਘ ਆਖਿਆ ਕਿ ਪੋਲ ਖੋਲ ਰੈਲੀਆਂ ਨੂੰ ਵੱਡਾ ਹੁੰਗਾਰਾ ਮਿਲਿਆ ਅਤੇ ਅਬੋਹਰ ਤੇ ਫਰੀਦਕੋਟ ਦੀਆਂ ਰੈਲੀਆਂ ਨਾਲ ਕਾਂਗਰਸ ਨੂੰ ਤਰੇਲੀਆਂ ਆਉਣ ਲੱਗ ਪਈਆਂ ਹਨ।

