ਪੰਜਾਬ

ਲੋਕਤੰਤਰ ਦੀਆਂ ਧੱਜੀਆਂ ਉਡਾਉਣ ‘ਚ ਕਾਂਗਰਸ ਨੇ ਮਾਤ ਪਾਈ : ਹਰਪਾਲ ਚੀਮਾ

ਚੰਡੀਗੜ, 19 ਸਤੰਬਰ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਚਾਤੀ ਸੰਮਤੀ ਅਤੇ ਜਿਲਾ ਪਰਿਸ਼ਦ ਚੋਣਾਂ ਲਈ ਅੱਜ ਸੱਤਾਧਾਰੀ ਕਾਂਗਰਸ ਨੇ ਗੁੰਡਾਗਰਦੀ ਨਾਲ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਿਚ ਪੁਰਾਣੇ ਸਮਿਆਂ ਦੇ ਬਿਹਾਰ ਨੂੰ ਮਾਤ ਪਾ ਦਿੱਤੀ।

ਆਪ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਗਰੂਰ ਜਿਲਾ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ‘ਚ ਸ਼ਰੇਆਮ ਬੂਥ ਕੈਪਚਰਿੰਗ ਅਤੇ ਫਾਇਰਿੰਗ ਕੀਤੀ ਗਈ। ਚੀਮਾ ਨੇ ਘਟਨਾ ਸਥਾਨ ‘ਤੇ ਜਾ ਕੇ ਪੁਲਸ ਅਤੇ ਪ੍ਰਸ਼ਾਸਨ ਦੀਆਂ ਖਾਮੀਆਂ ਅਤੇ ਕਾਂਗਰਸੀਆਂ ਅੱਗੇ ਬੇਵਸੀ ਦੀ ਪੋਲ ਖੋਲੀ। ਉਥੋਂ ਹੀ ਜਿਲਾ ਪੁਲਿਸ ਮੁੱਖੀ, ਏਆਈਜੀ, ਡਿਪਟੀ ਕਮਿਸ਼ਨਰ ਅਤੇ ਰਾਜ ਚੋਣ ਕਮਿਸ਼ਨਰ ਨੂੰ ਸੂਚਨਾ ਦਿੰਦਿਆਂ ਮੰਗ ਕੀਤੀ ਕਿ ਦੋਸ਼ੀਆਂ ‘ਤੇ ਮੁਕਦਮਾ ਦਰਜ ਕੀਤਾ ਜਾਵੇ।
ਚੀਮਾ ਨੇ ਕਿਹਾ ਕਿ ਨਾ ਕੇਵਲ ਸੰਗਰੂਰ ਪੂਰੇ ਪੰਜਾਬ ‘ਚ ਅਜਿਹੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਆ ਰਹੀਆਂ ਹਨ, ਜਿਥੇ ਕਾਂਗਰਸੀਆਂ ਨੇ ਸੱਤਾ ਦੇ ਜੋਰ ‘ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਗੁੰਡਾਗਰਦੀ ਨੂੰ ਵੀ ਮਾਤ ਪਾਈ ਹੈ। ਬਹੁਤ ਥਾਵਾਂ ‘ਤੇ ਪੁਲਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਕਾਂਗਰਸੀਆਂ ਦੀ ਇਸ ਧੱਕੇਸ਼ਾਹੀ ‘ਚ ਧਿਰ ਵਜੋਂ ਕੰਮ ਕੀਤਾ ਹੈ। ਚੀਮਾ ਨੇ ਕਿਹਾ ਕਿ ਸਿਰਫ ਕਾਂਗਰਸੀਆਂ ਨੇ ਹੀ ਨਹੀਂ ਅਕਾਲੀ ਦਲ ਨੇ ਵੀ ਲੋਕਤੰਤਰ ਕਦਰਾਂ ਕੀਮਤਾਂ ਦਾ ਘਾਣ ਕਰਨ ‘ਚ ਕੋਈ ਸਰ ਨਹੀਂ ਛੱਡੀ। ਧੂਰੀ ‘ਚ ਇਕ ਪੋਲਿੰਗ ਅਧਿਕਾਰੀ ਨੂੰ ਖੁਦ ਹੀ ਫਰਜ਼ੀ ਵੋਟਾਂ ਪਾਉਦੇ ਫੜਿਆ ਗਿਆ।
ਚੀਮਾ ਨੇ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਵੱਲੋਂ ਪਹਿਲਾਂ ਹੀ ਸਿਰਜੇ ਗਏ ਡਰ ਅਤੇ ਭੈਅ ਦੇ ਮਾਹੌਲ ਕਾਰਨ ਮਤਦਾਨ ਫੀਸਦੀ ਦਰ ਉਮੀਦ ਤੋਂ ਘੱਟ ਰਹੀ।
ਚੀਮਾ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਚੋਣਾਂ ਲੁੱਟਣ ਦਾ ਇਰਾਦਾ ਬਣਾ ਚੁੱਕੀ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵੱਡੀ ਗਿਣਤੀ ‘ਚ ਕਾਗਜ ਰੱਦ ਕੀਤੇ ਗਏ। ਵਾਰ ਵਾਰ ਮੰਗ ਦੇ ਬਾਵਜੂਦ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ ਕੀਤੀ ਗਈ। ‘ਆਪ ਦੀ ਮੰਗ ਮੁਤਾਬਿਕ ਚੋਣ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਨਹੀਂ ਕਰਵਾਈ ਗਈ ਅਤੇ ਨਾ ਹੀ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਬੂਥਾਂ ‘ਤੇ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ।
ਚੀਮਾ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਪੂਰੀ ਤਰਾਂ ਅਸਫਲ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਅਤੇ ਆਪਣੇ ਸੰਵਿਧਾਨਿਕ ਤੇ ਪ੍ਰਸ਼ਾਸਨਿਕ ਫਰਜ ਨਿਭਾਉਣ ‘ਚ ਰਾਜ ਧਰਮ ਨੂੰ ਤੋੜਿਆ ਹੈ।

Leave a Reply

Your email address will not be published. Required fields are marked *