ਵਰ੍ਹਦੇ ਮੀਂਹ ‘ਚ ‘ਜਾਗੋ ਪਟਿਆਲਾ, ਸਵੱਛ ਪਟਿਆਲਾ’ ਸਫ਼ਾਈ ਮੁਹਿੰਮ ਦੀ ਸਫ਼ਲਤਾ ਪੂਰਵਕ ਸ਼ੁਰੂਆਤ
ਪਟਿਆਲਾ, 22 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਅੱਜ ਸਵੇਰੇ ਵਰ੍ਹਦੇ ਮੀਂਹ ‘ਚ ਪਟਿਆਲਵੀ ਆਪਣੇ ਪੁਰਾਤਨ ਤੇ ਵਿਰਾਸਤੀ ਸ਼ਹਿਰ ਪਟਿਆਲਾ ਨੂੰ ਸਾਫ ਸੁੱਥਰਾ ਕਰਨ ਅਤੇ ਸਵੱਛ ਬਣਾਉਣ ਲਈ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਨਾਲ ਹੱਥ ਮਿਲਾ ਕੇ ਮਿਸ਼ਨਰੀ ਭਾਵਨਾਂ ਦੇ ਨਾਲ ਇੱਕ ਮੁਹਿੰਮ ਦੇ ਰੂਪ ‘ਚ ਅੱਗੇ ਆਏ ਹਨ।
ਨਗਰ ਨਿਗਮ ਵੱਲੋਂ ਕੀਤੀ ਗਈ ਇੱਕ ਨਿਵੇਕਲੀ ਪਹਿਲਕਦਮੀ ਤਹਿਤ ਸਮੁੱਚੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਰੰਭੀ ਗਈ ‘ਜਾਗੋ ਪਟਿਆਲਾ, ਸਵੱਛ ਪਟਿਆਲਾ’ ਮੁਹਿੰਮ ਨੂੰ ਸਫ਼ਲ ਕਰਨ ਲਈ ਇੱਕ ਦਿਨ ਦਾ ਸ਼੍ਰਮ ਦਾਨ ਮੁਹਿੰਮ ਨੂੰ ਸ਼ਹਿਰੀਆਂ ਵੱਲੋਂ ਪਹਿਲੇ ਦਿਨ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ।
ਸ਼ਹਿਰ ਦੀਆਂ ਕਰੀਬ 200 ਦੇ ਲਗਭਗ ਸੰਸਥਾਵਾਂ ਦੇ ਸਹਿਯੋਗ ਸਦਕਾ ਇੱਥੇ ਸ਼ੇਰਾਂਵਾਲਾ ਗੇਟ ਤੋਂ ਅਰੰਭੀ ਇਸ ‘ਜਾਗੋ ਪਟਿਆਲਾ, ਸਵੱਛ ਪਟਿਆਲਾ’ ਸਫ਼ਾਈ ਮੁਹਿੰਮ ਨੂੰ ਵਰ੍ਹਦੇ ਮੀਂਹ ‘ਚ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਵੀ ਉਨ੍ਹਾਂ ਦੇ ਨਾਲ ਸਨ।
ਕਾਫ਼ੀ ਤੇਜ ਮੀਂਹ ਦੇ ਬਾਵਜੂਦ ਪਟਿਆਲਵੀਆਂ ਵੱਲੋਂ ਦਿਖਾਏ ਗਏ ਜੋਸ਼ ਦੀ ਸ਼ਲਾਘਾ ਕਰਦਿਆਂ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਸਿਰਫ਼ ਸਰਕਾਰ ਅਤੇ ਨਗਰ ਨਿਗਮ ਤੱਕ ਸੀਮਿਤ ਨਹੀਂ ਰੱਖੀ ਜਾ ਸਕਦੀ, ਇਸ ਲਈ ਉਨ੍ਹਾਂ ਨੇ ਆਮ ਸ਼ਹਿਰੀਆਂ ਦੇ ਸਹਿਯੋਗ ਨਾਲ ਇਹ ਮੁਹਿੰਮ ਅਰੰਭ ਕੀਤੀ ਹੈ। ਉਨ੍ਹਾਂ ਨੇ ਪਟਿਆਲਾ ਦੇ ਵਿਕਾਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਯਤਨਾਂ ਅਤੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜਿਕਰ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਸੂਬੇ ਦਾ ਇੱਕ ਨੰਬਰ ਦਾ ਸ਼ਹਿਰ ਬਣਾਇਆ ਜਾਵੇਗਾ।
ਸ੍ਰੀ ਬਿੱਟੂ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪਰਨੀਤ ਕੌਰ ਦੀ ਅਗਵਾਈ ਹੇਠ ਨਗਰ ਨਿਗਮ ਵਲੋਂ ਪਟਿਆਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਅਰੰਭੇ ਗਏ ਪ੍ਰਾਜੈਕਟਾਂ ਤਹਿਤ ਜਮੀਨਦੋਜ਼ ਕੂੜਾ ਦਾਨ, ਹੱਡਾ ਰੋੜੀ ਤੇ ਡੰਪਿੰਗ ਗਰਾਉਂਡ ਸ਼ਹਿਰ ਤੋਂ ਬਾਹਰ ਤਬਦੀਲ ਕਰਨਾ ਤੇ ਸੀਵਰੇਜ ਸਿਸਟਮ ਵਿਚ ਸੁਧਾਰ ਕਰਨਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਟਿਆਲਾ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਪਰੰਤੂ ਸ਼ਹਿਰੀਆਂ ਨੂੰ ਵੀ ਆਪਣਾ ਫ਼ਰਜ ਨਿਭਾਉਂਦੇ ਹੋਏ ਸਾਫ਼ ਸਫ਼ਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਸ ਮੁਹਿੰਮ ‘ਚ ਸਾਥ ਦੇਣ ਵਾਲੇ ਸ਼ਹਿਰ ਵਾਸੀਆਂ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਤੇ ਸ਼ਹਿਰ ਵਾਸੀਆਂ ਦੇ ਆਪਸੀ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਸਫ਼ਲ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਿਛਲੇ ਇੱਕ ਸਾਲ ਤੋਂ ਸ਼ਹਿਰ ਦੀ ਦਿੱਖ ਸੰਵਾਰਨ ਦੇ ਸਫ਼ਲ ਯਤਨ ਕੀਤੇ ਜਾ ਰਹੇ ਹਨ।
Ñਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ‘ਜਾਗੋ ਪਟਿਆਲਾ ਸਵੱਛ ਪਟਿਆਲਾ’ ਇੱਕ ਕਦਮ ਸਵੱਛਤਾ ਵੱਲ ਤਹਿਤ ‘ਸਾਫ਼ ਸਫ਼ਾਈ’ ਦੀ ਸਹੁੰ ਚੁਕਾਈ, ਤਾਂ ਕਿ ਸਾਰੇ ਰਲ-ਮਿਲਕੇ ਆਪ ਤੇ ਆਪਣੇ ਪਰਿਵਾਰਾਂ ਸਮੇਤ ਆਪਣੇ ਮੁਹੱਲੇ ਤੇ ਕਾਰਜ ਸਥਾਨ ਤੋਂ ਸਾਫ਼ ਸਫ਼ਾਈ ਦੀ ਸ਼ੁਰੂਆਤ ਕਰਨ। ਸ. ਖਹਿਰਾ ਨੇ ਸਭ ਨੂੰ ਅਪੀਲ ਵੀ ਕੀਤੀ ਕਿ ਉਹ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਗੰਦ ਨਾ ਪਾਉਣ, ਕੂੜਾ ਕਚਰਾ ਸੜਕਾਂ, ਗਲੀਆਂ ‘ਚ ਨਾ ਸੁੱਟਣ ਅਤੇ ਸਾਫ਼-ਸਫ਼ਾਈ ਦਾ ਸੰਦੇਸ਼ ਹੋਰਨਾਂ ਤੱਕ ਵੀ ਪਹੁੰਚਾਉਣ।
ਅੱਜ ਦੀ ਇਹ ਸਫ਼ਾਈ ਮੁਹਿੰਮ ਸ਼ਹਿਰ ਦੀਆਂ 16 ਥਾਵਾਂ ਤੋਂ ਅਰੰਭ ਕੀਤੀ ਗਈ। ਇਨ੍ਹਾਂ ‘ਚ ਸ਼ੇਰਾਂ ਵਾਲਾ ਗੇਟ, ਟੀ.ਬੀ. ਹਸਪਤਾਲ, ਥਾਪਰ ਕਾਲਜ, ਐਨ.ਆਈ.ਐਸ. ਚੌਂਕ, ਸਨੌਰੀ ਅੱਡਾ, ਗੁਰੂ ਤੇਗ ਬਹਾਦਰ ਕਲੋਨੀ, ਬੈਂਕ ਕਲੋਨੀ, ਤ੍ਰਿਪੜੀ ਮੜ੍ਹੀਆਂ ਨੇੜੇ, ਬੰਨਾ ਰੋਡ ਭੁਪਿੰਦਰਾ ਡੈਰੀ, ਸਰਹਿੰਦ ਰੋਡ ਬਾਈਪਾਸ ਫੋਕਲ ਪੁਆਇੰਟ, ਭਗਵਾਨ ਪਰਸ਼ੂ ਰਾਮ ਚੌਂਕ, ਕੈਦਾਰ ਨਾਥ ਮੰਦਰ, ਫੂਡ ਸਪਲਾਈ ਦਫ਼ਤਰ ਤੋਂ ਡੀ.ਐਮ.ਡਬਲਿਯੂ, ਬਾਬਾ ਦੀਪ ਸਿੰਘ ਨਗਰ ਵੱਡੀ ਨਦੀ ਆਦਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਨੂੰ ਸ਼ਾਮਲ ਕੀਤਾ ਗਿਆ। ਇਥੇ ਵੱਡੀ ਗਿਣਤੀ ਲੋਕਾਂ ਨੇ ਸਫ਼ਾਈ ਮੁਹਿੰਮ ‘ਚ ਹਿੱਸਾ ਲਿਆ ਤੇ ਆਪਣਾ ਆਲਾ ਦੁਆਲਾ ਸਾਫ਼ ਕੀਤਾ।
ਇਸ ਮੌਕੇ ਸਬਜ਼ੀ ਮੰਡੀ ਐਸੋਸੀਏਸ਼ਨ ਅਤੇ ਪਟਿਆਲਾ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਵਿਸ਼ੇਸ਼ ਕੱਪੜੇ ਦੇ ਬੈਗ ਵੰਡੇ ਗਏ। ਇਸ ਦੌਰਾਨ ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਰਜੇਸ਼ ਮੰਡੋਰਾ, ਰਜੇਸ਼ ਲੱਕੀ, ਮੋਨਿਕਾ ਸ਼ਰਮਾ, ਮੀਨਾਕਸ਼ੀ ਸਿੰਗਲਾ, ਰਮਨਪ੍ਰੀਤ ਕੌਰ, ਸੰਦੀਪ ਮਲਹੋਤਰਾ, ਸੋਨੀਆ ਕਪੂਰ, ਰਜਿੰਦਰ ਕੁਮਾਰ, ਸੰਜੀਵ ਸ਼ਰਮਾ, ਹਰੀਸ਼ ਅਗਰਵਾਲ, ਹਰਵਿੰਦਰ ਸ਼ੁਕਲਾ ਆਦਿ ਸਮੇਤ ਵੱਡੀ ਗਿÎਣਤੀ ‘ਚ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ।
ਇਸ ਮੌਕੇ ਸ਼ਹਿਰ ਦੀਆਂ ਐਨ. ਜੀ. ਓਜ਼, ਮੁਹੱਲਾ ਸੁਧਾਰ ਕਮੇਟੀਆਂ, ਪਾਰਕ ਕਮੇਟੀਆਂ, ਯੂਥ ਕਲੱਬ, ਸਪੋਰਟਸ ਕਲੱਬ, ਧਾਰਮਿਕ ਸੰਸਥਾਵਾਂ, ਸੰਤ ਨਿਰੰਕਾਰੀ ਮੰਡਲ, ਐਨ.ਸੀ.ਸੀ. ਕੈਡਿਟਸ, ਐਨ.ਐਸ.ਐਸ. ਵਲੰਟੀਅਰ, ਵਪਾਰਕ ਸੰਸਥਾਵਾਂ, ਮੁਲਾਜ਼ਮ ਐਸੋਸੀਏਸ਼ਨ, ਵਪਾਰਕ ਐਸੋਸੀਏਸ਼ਨਾਂ ਸਮੇਤ ਵੱਖ-ਵੱਖ ਮਿਸ਼ਨਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਇਸ ਤੋਂ ਇਲਾਵਾ ਨਗਰ ਨਿਗਮ ਤੇ ਸਿਹਤ ਅਫ਼ਸਰ ਡਾ. ਸੁਦੇਸ਼ਪ੍ਰਤਾਪ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਅਤ ਸਿੰਘ ਮਾਨ, ਸਮਾਜ ਸੇਵੀ ਸ੍ਰੀ ਵਿਜੇ ਗੋਇਲ, ਡਾ. ਜਗਬੀਰ ਸਿੰਘ ਸਮੇਤ ਵੱਡੀ ਗਿਣਤੀ ਸਮਾਜ ਸੇਵੀ ਸ਼ਾਮਲ ਹੋਏ।

