ਪੰਜਾਬਪਟਿਆਲਾ

ਹਲਕਾ ਇੰਚਾਰਜ ਤੇ ਵਿਧਾਇਕਾਂ ਨੇ ਖੁੱਦ ਕੁੰਡੇ ਬੰਦ ਕਰਕੇ ਕੀਤੇ ਰਿਜ਼ਲਟ ਤਿਆਰ : ਵਿਧਾਇਕ ਚੰਦੂਮਾਜਰਾ

-ਹਰ ਅੱਧੇ ਘੰਟੇ ਬਾਅਦ ਚਲੀ ਜਾਂਦੀ ਸੀ ਪੋਲਿੰਗ ਬੂਥਾਂ ‘ਤੇ ਲਾਈਟ, ਜਿੱਤੇ ਉਮੀਦਵਾਰਾਂ ਨੂੰ ਵੀ ਸਰਟੀਫਿਕੇਟ ਦੇਣ ਤੋਂ ਬਾਅਦ ਵਾਪਸ ਬੁਲਾ ਕੇ ਹਾਰਿਆ ਹੋਇਆ ਕਰਾਰ ਦਿੱਤਾ
ਪਟਿਆਲਾ, 22 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪਹਿਲਾਂ ਬੂਥ ਕੈਪਚਰ ਕਰਕੇ ਅਤੇ ਅੱਜ ਕਾਊਂਟਿੰਗ ਸੈਂਟਰ ਕੈਪਚਰ ਕਰਕੇ ਲੋਕਤੰਤਰ ਦਾ ਜਨਾਜਾ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਕਾਊਂਟਿੰਗ ਸੈਂਟਰਾਂ ਦੀ ਕੈਪਚਰਿੰਗ ਕੀਤੀ ਗਈ। ਮੀਡੀਆ ਨੂੰ ਕਾਊਂਟਿੰਗ ਸੇਂਟਰਾਂ ‘ਤੇ ਨਹੀਂ ਜਾਣ ਦਿੱਤਾ ਗਿਆ। ਅੰਦਰ ਸਿਰਫ ਜਾਂ ਤਾਂ ਸਟਾਫ ਸੀ ਜਾਂ ਫਿਰ ਕਾਂਗਰਸੀ ਆਗੂ।

ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਂਗਰਸੀ ਬੂਥ ਕੈਪਚਰਿੰਗ ਕਰਕੇ ਵੀ ਨਹੀਂ ਰੱਝੇ। ਜਦੋਂ ਫਿਰ ਪਤਾ ਲੱਗਣ ਲੱਗਾ ਕਿ ਅਕਾਲੀ ਦਲ ਦੀ ਚੜਤ ਲਗਾਤਾਰ ਜਾਰੀ ਹੈ ਤਾਂ ਉਨ੍ਹਾਂ ਨੇ ਕਾਊਂਟਿੰਗ ਸੈਂਟਰ ਹੀ ਕਬਜ਼ੇ ਵਿਚ ਲੈ ਲਏ। ਵਿਧਾਇਕ ਚੰਦੁਮਾਜਰਾ ਨੇ ਕਿਹਾ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਅਕਾਲੀ ਉਮੀਦਵਾਰਾਂ ਨੂੰ ਪਹਿਲਾਂ ਜੇਤੂ ਕਰਾਰ ਦੇ ਕੇ ਸਰਟੀਫਿਕੇਟ ਵੀ ਜਾਰੀ ਕਰ ਦਿੱਤੇ ਗਏ ਪਰ ਬਾਅਦ ਵਿਚ ਰਾਜਨੀਤਕ ਦਬਾਅ ਹੇਠ ਉਨ੍ਹਾਂ ਨੂੰ ਬੁਲਾ ਕੇ ਸਰਟੀਫਿਕੇਟ ਵਾਪਸ ਲੈ ਕੇ ਉਨ੍ਹਾਂ ਨੂੰ ਹਾਰਿਆ ਹੋਇਆ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਨੌਰ ਬਲਾਕ ਦੇ ਈਸਰਹੇੜੀ ਜ਼ੋਨ ਵਿਚੋਂ ਅਕਾਲੀ ਦਲ ਦੀ ਸਰਬਜੀਤ ਕੌਰ 1277 ਵੋਟਾਂ ਲੈ ਕੇ 35 ਵੋਟਾਂ ਨਾਲ ਜੇਤੂ ਰਹੀ, ਉਸ ਨੂੰ ਸਰਟੀਫਿਕੇਟ ਵੀ ਦੇ ਦਿੱਤਾ ਗਿਆ ਪਰ ਜਿਉਂ ਹੀ ਉਹ ਸਰਟੀਫਿਕੇਟ ਲੈ ਕੇ ਬਾਹਰ ਆਏ ਤਾਂ ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ ਅਤੇ ਫਿਰ ਰਿ ਕਾਊਂਟਿੰਗ ਦਾ ਬਹਾਨਾ ਬਣਾ ਕੇ ਉਸ ਨੂੰ ਹਰਵਾ ਦਿੱਤਾ ਗਿਆ। ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਸਨੌਰ ਬਲਾਕ ਦੇ ਪੰਜੌਲਾ ਜ਼ੋਨ ਦੇ ਜਿੱਤੇ ਹੋਏ ਉਮੀਦਵਾਰ ਨੂੰ ਹਾਰਿਆਂ ਐਲਾਨ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। ਦੋ ਘੰਟੇ ਦੀ ਜੱਦੋ ਜਹਿਦ ਤੋਂ ਸਤਪਾਲ ਸਿੰਘ ਪੂਨੀਆ ਨੂੰ ਜੇਤੂ ਕਰਾਰ ਦਿੱਤਾ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਰ ਅੱਧੇ ਘੰਟੇ ਬਾਅਦ ਹਰੇਕ ਕਾਊਂਟਿੰਗ ਸੈਂਟਰ ਦੀ ਲਾਈਟ ਚਲੀ ਜਾਂਦੀ ਸੀ ਕਾਫੀ ਦੇਰ ਬਾਅਦ ਆਉਂਦੀ ਸੀ। ਉਦੋਂ ਤੱਕ ਸਟਾਫ ਕਾਫੀ ਕੁੱਝ ਕਰ ਲੈਂਦਾ ਸੀ। ਇਥੋਂ ਤੱਕ ਕਿ ਕਈ ਸੈਂਟਰਾਂ ਵਿਚ ਮੋਮਬੱਤੀਆਂ ਲਾ ਕੇ ਕਾਊਂਟਿੰਗ ਕੀਤੀ ਗਈ। ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪਿੰਡ ਵਾਲੇ ਜ਼ੋਨ ਤੋਂ ਉਨ੍ਹਾਂ ਦਾ ਅਕਾਲੀ ਉਮੀਦਵਾਰ ਜਿੱਤਿਆ, ਜਿਸ ਦੇ ਪਰਿਵਾਰ ਦੇ ਛੇ ਮੈਂਬਰ ਹਨ ਅਤੇ ਛੇ ‘ਤੇ ਪੁਲਸ ਨੇ ਕੇਸ ਦਰਜ ਕਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਦੇ ਖਿਲਾਫ ਇਕੋ ਘਟਨਾ ਦੇ ਦੋ-ਦੋ ਥਾਣਿਆਂ ਵਿਚ ਕੇਸ ਦਰਜ ਕਰ ਦਿੱਤੇ ਗਏ। ਇਸ ਦੇ ਬਾਵਜੂਦ ਵੀ ਅਕਾਲੀ ਦਲ ਦੇ ਦੋ ਉਮੀਦਵਾਰ ਜਿਥੇ ਜੇਤੂ ਰਹੇ, ਉਥੇ 50 ਤੋਂ ਹੇਠਾਂ ਕਈ ਉਮੀਦਵਾਰਾਂ ਨੂੰ ਧੱਕੇ ਨਾਲ ਹਾਰੇ ਹੋਏ ਐਲਾਨ ਕਰ ਦਿੱਤਾ ਗਿਆ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਸਰਕਾਰ ਸੋਚਣ ਲਈ ਮਜਬੂਰ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਲੋਕ ਅਕਾਲੀ ਦਲ ਦੀ ਪਿੱਠ ‘ਤੇ ਖੜ੍ਹੇ ਹੋਏ ਹਨ ਅਤੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੋਕਾਂ ਨੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਖੁੱਲ੍ਹ ਕੇ ਸਰਕਾਰ ਦੇ ਖਿਲਾਫ ਵੋਟ ਪਾਈ, ਉਸ ਤੋਂ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਜੇਤੂ ਉਮੀਦਵਾਰ ਸਤਪਾਲ ਸਿੰਘ ਪੂਨੀਆ, ਗੁਰਜੰਟ ਸਿੰਘ ਨੂਰਖੇੜੀਆਂ, ਸੁਰਮੁਖ ਸਿੰਘ ਦੌਣਕਲਾਂ, ਕੁਲਦੀਪ ਸਿੰਘ ਹਰਪਾਲਪੁਰ, ਗੁਰਮਿੰਦਰ ਸਿੰਘ ਲਾਡੀ ਪੰਜੌਲਾ, ਅਮਨ ਪ੍ਰਧਾਨ ਪੰਜੌਲਾ, ਸੁਰਿੰਦਰ ਪੰਜੌਲਾ, ਵਿਨੋਦ ਸ਼ਰਮਾ, ਜਤਿੰਦਰ ਪਹਾੜੀਪੁਰ, ਲਾਡੀ ਪਹਾੜੀਪੁਰ, ਹਰਮਿੰਦਰ ਜੋਗੀਪੁਰ, ਸੁਖਜੀਤ ਰਾਠੀਆਂ, ਕਿਰਪਾਲ ਸਿੰਘ ਬਾਲਾ, ਨੰਬਰਦਾਰ ਲਾਲ ਸਿੰਘ, ਅਮਰਜੀਤ ਸਿੰਘ ਮਰਦਾਂਹੇੜੀ, ਗੋਗਾ ਰਾਮ ਮਰਦਾਂਹੇੜੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *