ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਜ਼ਿਲ੍ਹਾ ਪੱਧਰੀ ਕੈਂਪ ਦਾ ਉਦਘਾਟਨ 2 ਨੂੰ ਕੈਬਨਿਟ ਮੰਤਰੀ ਕਰਨਗੇ-ਕੁਮਾਰ ਅਮਿਤ
ਪਟਿਆਲਾ, 28 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ149ਵੇਂ ਜਨਮ ਦਿਨ ਨੂੰ ਰਾਜ ਪੱਧਰੀ ਸਮਾਗਮਾਂ ਦੀ ਲੜੀ ਹੇਠ ਮਨਾਉਂਦਿਆਂ ਪੰਜਾਬ ਦੇ ਸਰਵ ਪੱਖੀ ਵਿਕਾਸ ਅਤੇ ਪੰਜਾਬ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਸਰਬੱਤ ਵਿਕਾਸ ਯੋਜਨਾ ਦੇ ਕੈਂਪ ਲਾਏ ਜਾਣਗੇ।
ਇਨ੍ਹਾਂ ਕੈਂਪਾਂ ਦੀ ਉਲੀਕੀ ਰੂਪ ਰੇਖਾ ਨੂੰ ਅੰਤਮ ਰੂਪ ਦੇਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੈ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਸਮੇਤ ਐਸ.ਡੀ.ਐਮਜ ਤੇ ਹੋਰ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁਜਦਾ ਕਰਨ ਲਈ ਇਹ ਕੈਂਪ ਉਲੀਕੇ ਗਏ ਹਨ। ਇਨ੍ਹਾਂ ਕੈਂਪਾਂ ਦਾ ਜ਼ਿਲ੍ਹਾ ਪੱਧਰ ‘ਤੇ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਕੀਤਾ ਜਾਣਾ ਹੈ ਅਤੇ ਸਬ ਡਵੀਜਨ ਪੱਧਰ ਦੇ ਕੈਂਪਾਂ ‘ਚ ਪ੍ਰਮੁੱਖ ਸਕੱਤਰ ਦੇ ਅਹੁਦੇ ਦੇ ਸੀਨੀਅਰ ਅਧਿਕਾਰੀ ਵੱਲੋਂ ਉਦਘਾਟਨ ਕਰਕੇ ਜਾਇਜਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਰੰਗਦਾਰ ਰਿਬਨਾਂ ਨਾਲ ਕੱਢੇ ਜਾਣ ਵਾਲੇ ਸ਼ਾਂਤੀ ਮਾਰਚ ਰਾਹੀਂ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਦਿਤੇ ਗਏ ਅਹਿੰਸਾ, ਫਿਰਕੂ ਸਦਭਾਵਨਾ ਅਤੇ ਸ਼ਾਂਤੀ ਦਾ ਸੁਨੇਹੇ ਨੂੰ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਂਤੀ ਮਾਰਚ ਪਟਿਆਲਾ ਵਿਖੇ ਮਾਲ ਰੋਡ ‘ਤੇ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਤੋਂ ਸਵੇਰੇ 10 ਵਜੇ ਰਵਾਨਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲੱਗਣ ਵਾਲੇ ਇਨ੍ਹਾਂ ਕੈਂਪਾਂ ਲਈ ਜਗ੍ਹਾ ਨਿਰਧਾਰਤ ਕਰ ਲਈ ਗਈ ਹੈ। ਇਸ ਤਹਿਤ ਪਟਿਆਲਾ ਤੇ ਦੂਧਨ ਸਾਧਾਂ ਸਬ ਡਵੀਜਨ ਲਈ ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ ਬਲਾਕ ਵਿਖੇ ਜਦੋਂਕਿ ਰਾਜਪੁਰਾ ਲਈ ਐਸ.ਡੀ.ਐਮ. ਦਫ਼ਤਰ, ਨਾਭਾ ਲਈ ਮਿਲਨ ਪੈਲੇਸ, ਸਮਾਣਾ ਲਈ ਰੋਟਰੀ ਭਵਨ ਵਿਖੇ ਤੇ ਪਾਤੜਾਂ ਲਈ ਐਸ.ਡੀ.ਐਮ. ਦਫ਼ਤਰ ਵਿਖੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ‘ਚ ਕਰਜੇ ਦੀ ਮਾਰ ਹੇਠ ਆਉਂਦੇ ਕਿਸਾਨ, ਏਡਜ, ਕੈਂਸਰ ਆਦਿ ਭਿਆਨਕ ਬਿਮਾਰੀਆਂ ਤੋਂ ਪੀੜਤ ਪਰਿਵਾਰ, ਆਪਣਾ ਕਮਾਊ ਮੈਂਬਰ ਗਵਾਉਣ ਵਾਲੇ ਔਰਤ ਮੁਖੀ ਵਾਲੇ ਪਰਿਵਾਰ ਤੇ ਜੰਗ ‘ਚ ਜਾਨਾਂ ਗਵਾ ਚੁੱਕੇ ਸੈਨਿਕਾਂ ਦੇ ਪਰਿਵਾਰਾਂ ਨੂੰ ਖਾਸ ਤਵੱਜੋ ਦਿੱਤੀ ਜਾਵੇਗੀ। ਇਥੇ ਲਾਭਪਾਤਰੀਆਂ ਨੂੰ ਪੈਨਸ਼ਨਾਂ, ਪੀਣ ਵਾਲਾ ਪਾਣੀ, ਆਟਾ ਦਾਲ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਲਾਭ ਲੈਣ ਵਾਲੇ ਪਰਿਵਾਰਾਂ ਦੀ ਆਮਦਨ ਪ੍ਰਤੀ ਸਾਲ 60 ਹਜ਼ਾਰ ਤੋਂ ਵੱਧ ਨਹੀਂ ਹੋਣੀ ਚਾਹੀਦੀ, ਪਰਿਵਾਰ ਕੋਲ ਢਾਈ ਏਕੜ ਤੋਂ ਵੱਧ ਜਮੀਨ ਨਾ ਹੋਵੇ ਅਤੇ ਲਾਭਪਾਤਰੀ ਪੰਜਾਬ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ। ਘਰ ਹੀਣ ਪਰਿਵਾਰ ਤੇ ਸਕੂਲਾਂ ਤੋਂ ਵਿਰਵੇ ਤੇ ਕੁਪੋਸ਼ਣ ਦੇ ਸ਼ਿਕਾਰ ਬੱਚੇ ਵੀ ਇਨ੍ਹਾਂ ਕੈਂਪਾਂ ‘ਚ ਲਾਭ ਲੈਣਗੇ, ਅਪਾਹਜ ਤੇ ਮੰਦ ਬੁੱਧੀ ਲੋਕ, ਤੇਜ਼ਾਬੀ ਹਮਲੇ ਦੇ ਸ਼ਿਕਾਰ, ਅਨਾਥ, ਤੀਜੇ ਲਿੰਗ ਵਾਲੇ ਤੇ ਭਿਖਾਰੀਆਂ ਸਮੇਤ ਨਸ਼ੇ ਦੇ ਆਦੀ, ਘਰੋਂ ਕੱਢੇ ਬਜ਼ੁਰਗ, 18 ਸਾਲ ਤੋਂ ਉਪਰ ਦੇ ਬੇਰੁਜ਼ਗਾਰ, ਝੁੱਗੀ ਝੋਪੜੀਂ ‘ਚ ਰਹਿ ਰਹੇ ਤੇ ਕੁਦਰਤੀ ਆਫ਼ਤਾਂ ਤੇ ਦੁਰਘਟਨਾ ਦੇ ਸ਼ਿਕਾਰ ਵਿਅਕਤੀਆਂ ਸਮੇਤ ਹੱਥਾਂ ਨਾਲ ਮੈਲਾ ਢੋਣ ਵਾਲੇ ਤੇ ਸੈਨਟਰੀ ਵਰਕਰ ਵੀ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦੇ ਯੋਗ ਹੋਣਗੇ।
ਮੀਟਿੰਗ ਦੌਰਾਨ ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸਮਾਣਾ ਅਰਵਿੰਦ ਕੁਮਾਰ, ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

