ਪੰਜਾਬ

ਅਪਾਹਜ ਦਲਿਤ ਉਮੀਦਵਾਰ ‘ਤੇ ਹਮਲਾ ਕਰਨ ਵਾਲੇ ਕਾਂਗਰਸੀ ਪ੍ਰਧਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ‘ਆਪ’ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

ਆਪਣੇ ਹਰ ਵਲੰਟੀਅਰ ਨਾਲ ਛਾਤੀ ਠੋਕ ਕੇ ਖੜੀ ਹੈ ‘ਆਪ’ ਲੀਡਰਸ਼ਿਪ-ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 4 ਅਕਤੂਬਰ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਅੱਜ ਜਦੋਂ ਆਪਣੇ ਦਲਿਤ ਅਤੇ ਸਰੀਰਕ ਪੱਖੋਂ ਅਪਾਹਜ ਵਲੰਟੀਅਰ ਅਤੇ ਬਲਾਕ ਸੰਮਤੀ ਜ਼ੋਨ ਝਾੜੋਂ ਤੋਂ ਉਮੀਦਵਾਰ ਜਗਸੀਰ ਸਿੰਘ ਉੱਤੇ ਹਮਲਾ ਕਰਨ ਵਾਲੇ ਅਤੇ ਜਾਤੀ ਸੂਚਕ ਸ਼ਬਦ ਵਰਤਣ ਵਾਲੇ ਸੰਗਰੂਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਐਮ.ਐਲ.ਏ. ਹੋਸਟਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਵੱਲ ਵਧੀ ਤਾਂ ਪਹਿਲਾਂ ਹੀ ਤਾਇਨਾਤ ਭਾਰੀ ਗਿਣਤੀ ‘ਚ ਪੁਲਸ ਫੋਰਸ ਨੇ ਪਾਣੀ ਦੀਆਂ ਤੋਪਾਂ ਚਲਾ ਦਿੱਤੀਆਂ।

ਇਸੇ ਕਸ਼ਮਕਸ਼ ‘ਚ ‘ਆਪ’ ਦੇ ਕਈ ਆਗੂਆਂ ਅਤੇ ਵਲੰਟੀਅਰਾਂ ਨੂੰ ਸੱਟਾਂ ਲੱਗੀਆਂ। ਇਸ ਉਪਰੰਤ ਪੁਲਸ ਨੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਅਮਰਜੀਤ ਸਿੰਘ ਸੰਦੋਆ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜ਼ੋਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ, ਉਪ ਪ੍ਰਧਾਨ ਜੀਵਨਜੋਤ ਕੌਰ, ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਸਮੇਤ ਆਗੂਆਂ ਅਤੇ ਭਾਰੀ ਗਿਣਤੀ ‘ਚ ਵਲੰਟੀਅਰਾਂ ਨੂੰ ਪੁਲਿਸ ਹਿਰਾਸਤ ‘ਚ ਲੈ ਕੇ ਸੈਕਟਰ 3 ਦੇ ਪੁਲਸ ਸਟੇਸ਼ਨ ‘ਚ ਬੰਦ ਕਰ ਦਿੱਤਾ ਗਿਆ। ਇਸ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸੰਦੀਪ ਬਰਾੜ ਥਾਣੇ ਵਿਚ ਹੀ ਮੰਗ ਪੱਤਰ ਲੈਣ ਪਹੁੰਚੇ, ਜਿਸ ਉਪਰੰਤ ਪੁਲਿਸ ਨੇ ਸਾਰੇ ਆਗੂ ਰਿਹਾ ਕਰ ਦਿੱਤੇ।
ਮੰਗ ਪੱਤਰ ਲੈਣ ਪੁੱਜੇ ਮੁੱਖ ਮੰਤਰੀ ਦੇ ਨੁਮਾਇੰਦੇ ਨੂੰ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਰਜਿੰਦਰ ਸਿੰਘ ਰਾਜਾ ਵੱਲੋਂ ਪੰਚਾਇਤ ਸੰਮਤੀ ਚੋਣਾਂ ਦੌਰਾਨ ਕੀਤੀ ਗੁੰਡਾਗਰਦੀ ਅਤੇ ਜਗਸੀਰ ਸਿੰਘ ਉੱਤੇ ਹਮਲੇ ਦੀਆਂ ਵੀਡੀਓ ਸਬੂਤ ਵਜੋਂ ਦਿੱਤੀ। ‘ਆਪ’ ਆਗੂਆਂ ਨੇ ਸਰਕਾਰੀ ਨੁਮਾਇੰਦੇ ਰਾਹੀਂ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਲੋਕਤੰਤਰ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਇੱਕ ਗ਼ਰੀਬ ਦਲਿਤ ਅਤੇ ਅਪਾਹਜ ‘ਤੇ ਹਮਲਾ ਕਰਨ ਵਾਲੇ ਰਜਿੰਦਰ ਸਿੰਘ ਰਾਜਾ ਨੂੰ ਗ੍ਰਿਫ਼ਤਾਰ ਕਰਨ ਤੋਂ ਹੋਰ ਆਨਾਕਾਨੀ ਕੀਤੀ ਤਾਂ ਪਾਰਟੀ ਹੋਰ ਵੱਡਾ ਸੰਘਰਸ਼ ਵਿੱਢੇਗੀ, ਪਰੰਤੂ ਆਪਣੇ ਵਲੰਟੀਅਰਾਂ ਅਤੇ ਆਗੂਆਂ ਨਾਲ ਗਿਣ ਮਿੱਥ ਕੇ ਕੀਤੀ ਗਈ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਬਰਦਾਸ਼ਤ ਨਹੀਂ ਕਰੇਗੀ। ਅਮਨ ਅਰੋੜਾ ਨੇ ਕਿਹਾ ਕਿ ਲੰਘੀ 19 ਸਤੰਬਰ ਨੂੰ ਰਾਜਾ ਵਿਰੁੱਧ ਕੇਸ ਦਰਜ਼ ਹੋਇਆ ਸੀ ਪਰੰਤੂ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਕੀਤੀ।
ਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੁਲਸ ਅਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨ ‘ਚ ਕਾਂਗਰਸ ਸਰਕਾਰ ਬਾਦਲ ਸਰਕਾਰ ਤੋਂ ਵੀ ਦੋ ਕਦਮ ਅੱਗੇ ਨਿਕਲ ਗਈ ਹੈ। ਪੁਲਸ ਦੀ ਸਿਆਸੀ ਦੁਰਵਰਤੋਂ ਦਾ ਘਾਤਕ ਨਤੀਜਾ ਇਹ ਨਿਕਲ ਰਿਹਾ ਹੈ ਕਿ ਪੁਲਿਸ ਅਫ਼ਸਰ ਔਰਤਾਂ ਦਾ ਸ਼ੋਸ਼ਣ ਕਰਨ ਅਤੇ ਗੱਡੀਆਂ ‘ਤੇ ਬੰਨ੍ਹ ਕੇ ਪਿੰਡ ‘ਚ ਘੁਮਾਉਣ ਦੀ ਜੁਰਅਤ ਕਰਨ ਲੱਗੇ ਹਨ। ਸੂਬੇ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਗਈ ਹੈ ਅਤੇ ਪੰਜਾਬ ਅੰਦਰ ਅਜਿਹੀਆਂ ਗੁੰਡਾਗਰਦੀਆਂ ਹੋਣ ਲੱਗੀਆਂ ਹਨ ਜੋ ਕਦੇ ਬਿਹਾਰ ਵਰਗੇ ਰਾਜਾਂ ‘ਚ ਸੁਣਦੇ ਸੀ। ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਉੱਤੇ ਹਮਲਾ ਅਤੇ ਬੂਥ ‘ਤੇ ਕਬਜ਼ਾ ਕਰਨ ਦੀ ਘਟਨਾ ਸੰਮਤੀ ਚੋਣਾਂ ‘ਚ ਲੋਕਤੰਤਰ ਦੀ ਸੂਬਾ ਭਰ ‘ਚ ਸ਼ਰੇਆਮ ਹੋਈ ਹੱਤਿਆ ਦਾ ਸਟੀਕ ਟਰੇਲਰ ਹੈ। ਮੰਗ ਪੱਤਰ ‘ਚ ਰਾਜਾ ਵਿਰੁੱਧ ਜਾਤੀ ਸੂਚਕ ਸ਼ਬਦ ਵਰਤੇ ਜਾਣ ਵਾਲੀ ਐਸ.ਸੀ/ਐਸਟੀ ਐਕਟ ਦੀ ਧਾਰਾ ਜੋੜਨ ਅਤੇ ਰਾਜਾ ਨਾਲ ਸ਼ਾਮਲ ਪੁਲਸ ਕਰਮਚਾਰੀ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਰੱਖੀ ਗਈ ਹੈ।
ਪੁਲਿਸ ਹਿਰਾਸਤ ਤੋਂ ਨਿਕਲਣ ਉਪਰੰਤ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਸਿੰਘ ਮਾਣੂੰਕੇ ਅਤੇ ਹੋਰ ਆਗੂ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ‘ਚ ਜ਼ਖਮੀ ਯੂਥ ਵਿੰਗ ਦੇ ਮੀਤ ਪ੍ਰਧਾਨ ਅਮਰਦੀਪ ਸਿੰਘ ਰਾਜਨ ਅਤੇ ਪ੍ਰਿੰਸੀਪਲ ਐਸ.ਐਸ. ਬਸਰਾ ਦਸੂਹਾ ਦਾ ਉਚੇਚੇ ਤੌਰ ‘ਤੇ ਹਾਲ ਪੁੱਛਣ ਗਏ। ਰਾਜਨ ਦੀਆਂ ਦੋਵੇਂ ਲੱਤਾਂ ਅਤੇ ਪ੍ਰਿੰਸੀਪਲ ਬਸਰਾ ਦੀ ਇੱਕ ਲੱਤ ਟੁੱਟ ਗਈ। ਜਦਕਿ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਵਿਦਿਆਰਥੀ ਆਗੂ ਪਰਮਿੰਦਰ ਸਿੰਘ ਗੋਲਡੀ ਅਤੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਅਤੇ ਮਾਲਵਾ ਜ਼ੋਨ-3 ਦੇ ਸੰਯੁਕਤ ਸਕੱਤਰ ਹਰਜੀਤ ਸਿੰਘ ਲੁਧਿਆਣਾ ਦੇ ਵੀ ਸੱਟਾ ਲੱਗੀਆਂ, ਜਦਕਿ ਪਾਣੀ ਦੀਆਂ ਤੇਜ਼ ਬੁਛਾਰਾ ਕਾਰਨ ਉਪ ਨੇਤਾ ਵਿਰੋਧੀ ਧਿਰ ਬੀਬੀ ਸਰਬਜੀਤ ਕੌਰ ਮਾਣੂੰਕੇ ਵੀ ਡਿਗ ਗਏ ਸਨ।

Leave a Reply

Your email address will not be published. Required fields are marked *