ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪ੍ਰੋ. ਚੰਦੂਮਾਜਰਾ ਵੱਲੋਂ ਰੱਖੀਆਂ ਮੰਗਾਂ ਮੰਨੀਆਂ
54 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ‘ਪ੍ਰਕਾਸ਼ ਪੁੰਜ’ ਸਮੇਤ ਸਾਰੀਆਂ ਮੰਗਾਂ ਪ੍ਰਵਾਨ
ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪ੍ਰੋ. ਚੰਦੂਮਾਜਰਾ ਹੋਏ ਨਤਮਸਤਕ
ਪਟਿਆਲਾ 18 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਤਖ਼ਤ ਸ੍ਰੀ ਪਟਨਾ ਸਾਹਿਬ ਨਤਮਸਤਕ ਹੋਣ ਪੁੱਜੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਸਦਭਾਵਨਾਤਮਕ ਮਾਹੌਲ ‘ਚ ਹੋਈ ਮੁਲਾਕਾਤ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਹਿਮ ਮੰਗਾਂ ਨੂੰ ਮੁੱਖ ਮੰਤਰੀ ਨਿਤਿਸ਼ ਕੁਮਾਰ ਕੋਲ ਚੁੱਕਿਆ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੰਗਾਂ ਨੂੰ ਪ੍ਰਵਾਨ ਕਰਦਿਆਂ ਮੰਗਾਂ ਲਾਗੂ ਕਰਨ ਦੇ ਫੌਰੀ ਆਦੇਸ਼ ਜਾਰੀ ਕਰ ਦਿੱਤੇ ਹਨ।
ਤਖਤ ਸ੍ਰੀ ਪਟਨਾ ਸਾਹਿਬ ਤੋਂ ਪਰਤਣ ਬਾਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਨਤਮਸਤਕ ਹੋਣ ਮੌਕੇ ਕਈ ਅਹਿਮ ਮੰਗਾਂ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਕੋਲ ਉਠਾਇਆ ਗਿਆ ਸੀ, ਜਿਨਾਂ ਨੂੰ ਪ੍ਰਵਾਨ ਕਰ ਲਿਆ ਗਿਆ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਕੋਲ ਪਟਨਾ ਸਾਹਿਬ ਵਿਖੇ ਗੁਰਦੁਆਰਾ ਗੁਰੂ ਕਾ ਬਾਗ” ਸਾਹਿਬ ਵਿੱਚ 54 ਕਰੋੜ ਰੁਪਏ ਲਾਗਤ ਨਾਲ ਬਣਨ ਵਾਲੇ ਪ੍ਰਜੈਕਟ “’ਪ੍ਰਕਾਸ਼ ਪੂੰਜ’” ਨੂੰ ਲੈ ਕੇ ਜਲਦੀ ਸ਼ੁਰੂ ਕੀਤੇ ਜਾਣ ਦੀ ਮੰਗ, ਗੁਰਦੁਆਰਾ ਸ੍ਰੀ ਕੰਗਣਘਾਟ ਤੋਂ ਮੇਨ ਤਖਤ ਸ੍ਰੀ ਪਟਨਾ ਸਹਿਬ ਨੂੰ ਜਾਂਦੀ ਸੜਕ ਨੂੰ ਚੌੜਾ ਕਰਨ, ਤਖਤ ਸ੍ਰੀ ਪਟਨਾ ਸਾਹਿਬ ਦੇ ਨਾਲ ਲੱਗਦੇ ਸਰਕਾਰੀ ਹਾਈ ਸਕੂਲ ਨੂੰ ਤਬਦੀਲ ਕਰਨ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਕਾ ਬਾਗ ਵਿਖੇ 550 ਬੂਟੇ ਫਲਦਾਰ ਲਗਾਕੇ ਪ੍ਰਭਾਵਸ਼ਾਲੀ ਬਾਗ ਬਣਾਉਣ ਦੀ ਮੰਗ ਰੱਖੀ ਗਈ, ਜਿਨਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ।
ਮੁਲਾਕਾਤ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮਨਾਉਣ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਜਿਥੇ ਧੰਨਵਾਦ ਕੀਤਾ, ਉਥੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਜਰਨਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋ ,ਮੀਤ ਪਧਾਨ ਇੰਦਰਜੀਤ ਸਿੰਘ ਟਾਟਾ ਨਗਰ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਾਰਾ, ਜਗਜੀਤ ਸਿੰਘ ਕੋਹਲੀ (ਸਿਆਸੀ ਸਲਾਹਕਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ) ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਵੀ ਮੌਜੂਦ ਸਨ

