25 ਅਕਤੂਬਰ ਦੀ ਰਾਸ਼ਟਰੀ ਹੜਤਾਲ ਨਾਲ ਹੋਵੇਗਾ ਸੰਘਰਸ਼ ਦਾ ਆਗਾਜ਼
ਐਮਰਜੈਂਸੀ ਸੇਵਾਵਾਂ ਦਾ ਵੀ ਕੀਤਾ ਜਾਵੇਗਾ ਬਾਈਕਾਟ
ਪਟਿਆਲਾ 23 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਆਲ ਇੰਡੀਆ ਐਨ.ਐਚ.ਐਮ ਕਰਮਚਾਰੀ ਸੰਘ ਭਾਰਤ ਦੇ ਸੱਦੇ ਤੇ 25 ਅਕਤੂਬਰ ਨੂੰ ਇੱਕ ਦਿਨਾਂ ਹੜਤਾਲ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਸਾਰੇ ਕੇਡਰਾਂ ਦੇ ਮੁਲਾਜਮਾਂ ਨੇ ਭਾਗ ਲਿਆ।
ਇਸ ਮੌਕੇ ਬੋਲਦਿਆਂ ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਤੋਂ ਦੁੱਖੀ ਹੋਕੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਠੇਕੇ ਦੇ ਅਧਾਰ ਤੇ ਕੰਮ ਕਰਦੇ ਸਮੂਹ ਮੁਲਾਜਮਾਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟਾਉਣ ਲਈ ਇੱਕ ਦਿਨਾਂ ਹੜਤਾਲ ਦਾ ਐਲਾਨ ਕੀਤਾ ਹੈ ਅਤੇ ਇਸ ਹੜਤਾਲ ਦੌਰਾਨ ਸਾਰੀਆਂ ਐਮਰਜੈਂਸੀ ਸੇਵਾਵਾਂ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ।ਇਸ ਲਈ ਸਰਕਾਰ ਨੂੰ ਅਸੀਂ ਪਹਿਲਾਂ ਹੀ ਚੇਤਾਵਨੀ ਦਿੰਦੇ ਹਾਂ ਕਿ ਉਹ 25 ਅਕਤੂਬਰ ਨੂੰ ਸਿਹਤ ਸਹੂਲਤਾ ਲਈ ਆਪਣੇ ਬਦਲਵੇ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਣ। ਜੇਕਰ ਮਰੀਜਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਦੀ ਨਿਰੋਲ ਜਿੰਮੇਂਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੋਟਾਂ ਤੋਂ ਪਹਿਲਾਂ ਚੋਣ ਮੈਨੀਫੈਸਟੋ ਵਿੱਚ ਠੇਕਾ ਮੁਲਾਜਮਾਂ ਨਾਲ ਕੀਤੇ ਵਾਅਦਿਆ ਤੋਂ ਭੱਜਦੇ ਨਜਰ ਆ ਰਹੇ ਹਨ।ਉਨ੍ਹਾਂ ਕਿਹਾ ਕਿ ਸਾਡੀ ਲੜਾਈ ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੂ ਕਰਵਾਉਣਾ ਅਤੇ ਹਰਿਆਣਾ ਰਾਜ ਦੀ ਤਰਜ ਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਸਮੂਹ ਮੁਲਾਜਮਾਂ ਤੇ ਰੈਗੂਲਰ ਪੇਅ ਸਕੇਲ ਲਾਗੂ ਕਰਵਾਉਣ ਦੀ ਹੈ।ਉਨ੍ਹਾਂ ਕਿਹਾ ਕਿ ਇਹ ਇੱਕ ਦਿਨਾਂ ਹੜਤਾਲ ਤਾਂ ਆਉਣ ਵਾਲੇ ਸੰਘਰਸ਼ ਦਾ ਆਗਾਜ਼ ਹੈ ਜੇਕਰ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਅੜੀ ਰਹੀ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਦਿਨੇਸ਼ ਗਰਗ ਵੱਲੋਂ ਹੜਤਾਲ ਸਬੰਧੀ ਸਾਰੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਕਿਹਾ ਕਿ ਧਰਨੇ ਦੌਰਾਨ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਜਾਵੇਗਾ ਤਾਂ ਜ਼ੋ ਆਮ ਲੋਕਾਂ ਨੂੰ ਵੀ ਸਰਕਾਰ ਦੀਆਂ ਠੇਕੇ ਦੇ ਅਧਾਰ ਤੇ ਰੱਖੇ ਮੁਲਾਜਮਾਂ ਵਿਰੋਧੀ ਨੀਤੀਆਂ ਤੋ ਜਾਣੂ ਕਰਵਾਇਆ ਜਾ ਸਕੇ।ਇਸ ਮੋਕੇ ਰਘਵੀਰ ਸਿੰਘ,ਦਮਨਜੀਤ ਕੌਰ, ਰਤਿੰਦਰ ਕੌਰ, ਵੰਧਨਾਂ, ਜ਼ਸਵਿੰਦਰ ਕੌਰ, ਪੂਜਾ, ਲਵਲਿੰਦਰ ਸਿੰਘ, ਸੋਨਿਕਾ ਰਾਣੀ, ਸੁਰਿੰਦਰ ਸਿੰਘ, ਨਿਰਮਲ ਸਿੰਘ, ਤ੍ਰਿਪਤਾ ਰਾਣੀ, ਹਰਸ਼, ਜਗਜੀਤ ਸਿੰਘ ਆਦਿ ਹਾਜਰ ਸਨ।

