ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ‘ਚ ਪਾਰਟੀ ਦਾ ਭਵਿੱਖ ਸੁਰੱਖਿਅਤ : ਸਾਬਕਾ ਮੇਅਰ ਬਜਾਜ
ਪਾਰਟੀ ਪ੍ਰਧਾਨ ਦੀ ਅਗਾਂਹਵਧੂ ਸੋਚ ਸਦਕਾ ਸ਼੍ਰੋਮਣੀ ਅਕਾਲੀ ਦਲ ਕੌਮਾਂਤਰੀ ਪੱਧਰ ਤੱਕ ਪੁੱਜਾ
ਪਟਿਆਲਾ 30 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼ ‘ਤੇ ਬੋਲਦਿਆਂ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਪਾਰਟੀ ਪ੍ਰਧਾਨ ‘ਚ ਭਰੋਸਾ ਪ੍ਰਗਟ ਕਰਦਿਆਂ ਅਜਿਹੀ ਪੇਸ਼ਕਸ਼ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਸ. ਬਜਾਜ ਨੇ ਕਿਹਾ ਪਾਰਟੀ ਪ੍ਰਧਾਨ ਨੇ ਸ. ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਪਾਰਟੀ ਵਰਕਰਾਂ ਤੇ ਆਗੂਆਂ ਦੀ ਤਾਕਤ ਵਧਾਈ ਅਤੇ ਮਨੋਬਲ ਵਧਾ ਕੇ ਸ਼ਕਤੀ ਪ੍ਰਦਾਨ ਕੀਤੀ ਹੈ ਅੱਜ ਵੀ ਪਾਰਟੀ ਪ੍ਰਧਾਨ ਦੇ ਹੱਥਾਂ ‘ਚ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਸੁਰੱਖਿਅਤ ਨਜ਼ਰ ਆਉਂਦਾ ਹੈ।
ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸੂਬੇ ‘ਚ 10 ਸਾਲਾਂ ਦੇ ਕਾਰਜਕਾਲ ‘ਚ ਜਿਥੇ ਪਾਰਟੀ ਨੂੰ ਮਜ਼ਬੂਤ ਸਥਿਤੀ ‘ਚ ਲਿਆਂਦਾ ਗਿਆ, ਉਥੇ ਪਾਰਟੀ ਪ੍ਰਧਾਨ ਦੇ ਅਣਥੱਕ ਯਤਨਾਂ ਸਦਕਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ‘ਚ ਹੀ ਨਹੀਂ ਸਗੋਂ ਹਰਿਆਣਾ, ਯੂ.ਪੀ. ਤੋਂ ਇਲਾਵਾ ਕੌਮਾਂਤਰੀ ਪੱਧਰ ‘ਤੇ ਪਾਰਟੀ ਨੂੰ ਸਨਮਾਨ ਦਿਵਾਇਆ ਗਿਆ ਹੈ,ਜਿਸ ਨੂੰ ਪਾਰਟੀ ਆਗੂ ਹੀ ਅਣਗੌਲਿਆਂ ਨਾ ਕਰਨ ਅਤੇ ਪੇਸ਼ਕਸ਼ ‘ਤੇ ਸਵਾਗਤ ਕਰਨ ਦੇ ਫੈਸਲੇ ਨੂੰ ਸ਼ਲਾਘਾਯੋਗ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਾਂਹਵਧੂ ਸੋਚ ਸਦਕਾ ਹੀ ਭਵਿੱਖ ‘ਚ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਅਤੇ ਯੂ.ਪੀ. ‘ਚ ਚੋਣਾਂ ਲੜਨ ਜਾ ਰਿਹਾ ਹੈ।
ਸ. ਬਜਾਜ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਸਾਰਿਆਂ ਨੂੰ ਦਲੇਰ, ਬਹਾਦਰ, ਅਗਾਂਹਵਧੂ, ਮਿਹਨਤੀ ਅਤੇ ਸਿਰੜੀ ਆਗੂ ਦੀ ਯੋਗ ਅਗਵਾਈ ਮਿਲੀ ਹੇ। ਉਨ੍ਹਾਂ ਕਿਹਾ ਕਿ ਅਜੌਕੇ ਹਾਲਾਤ ‘ਚ ਵਿਰੋਧੀ ਧਿਰਾਂ ਦਾ ਇਕੋ ਇਕ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨਾ ਅਤੇ ਪਾਰਟੀ ਪ੍ਰਧਾਨ ਨੂੰ ਨਿਸ਼ਾਨਾ ‘ਤੇ ਲੈਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਸਮੇਂ-ਸਮੇਂ ‘ਤੇ ਕਈ ਚੁਣੌਤੀਆਂ ਆਈਆਂ, ਪਰ ਹਰ ਔਖੀ ਕੜੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂਆਂ ਤੇ ਵਰਕਰਾਂ ਨੇ ਵਿਰੋਧੀਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜੋ ਵੀ ਸਥਿਤੀ ਬਣੀ ਹੋਈ ਹੈ ਉਹ ਸਿਰਫ ਵਿਰੋਧੀਆਂ ਵੱਲੋਂ ਅਕਾਲੀ ਦਲ ਦੇ ਵਰਕਰਾਂ ਦਾ ਮਨੋਬਲ ਤੋੜਨ ਲਈ ਹੈ, ਜਦਕਿ ਪਾਰਟੀ ਆਗੂ ਤੇ ਵਰਕਰ ਹਰ ਚੁਣੌਤੀ ਦਾ ਮੁਕਾਬਲਾ ਕਰਨ ਤੋਂ ਪਿੱਛੇ ਨਹੀਂ ਹੱਟਣਗੇ।
