ਪੰਜਾਬਪਟਿਆਲਾ

ਗੱਡੀਆਂ ਦੀਆਂ ਜਾਅਲੀ ਐਨ.ਓ.ਸੀ. ਤਿਆਰ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਰਾਜ ਦੇ ਮਾਲੀਏ ਨੂੰ ਹੋ ਰਿਹਾ ਸੀ ਵੱਡਾ ਨੁਕਸਾਨ – ਐਸ.ਐਸ.ਪੀ.
132 ਪਰਮਿਟ, 80 ਆਰ.ਸੀਜ਼ ਅਤੇ 12 ਵਾਹਨ ਵੀ ਬਰਾਮਦ
ਪਟਿਆਲਾ, 9 ਨਵੰਬਰ (ਮਧੂਸਾਰ ਬਿਊਰੋ) ਬਾਹਰਲੇ ਰਾਜਾਂ ਤੋਂ ਗੱਡੀਆਂ ਦੀਆਂ ਜਾਅਲੀ ਐਨ.ਓ.ਸੀਜ਼ ਤਿਆਰ ਕਰਕੇ ਪੰਜਾਬ ਵਿੱਚ ਜਾਅਲੀ ਐਡਰੈਸ ਪਰੂਫ਼ ਲਗਾਕੇ ਆਰ.ਸੀ ਤਿਆਰ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਅੰਤਰਰਾਜੀ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ ਕਰਨ ਵਿੱਚ ਪਟਿਆਲਾ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ।

ਪੁਲਿਸ ਲਾਈਨ ਪਟਿਆਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਭੈੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਇਕ ਅਜਿਹੀ ਕਾਮਯਾਬੀ ਮਿਲੀ ਜਦੋਂ ਵਹਾਨਾਂ ਦੇ ਇੰਜਨ ਨੰਬਰ ਅਤੇ ਚੈਸੀ ਨੰਬਰ ਦੇ ਅੱਗੇ ਲੱਗੇ ਨੂਮੈਰੀਕਲ ਅਤੇ ਅਲਫਾਬੈਟੀਕਲ ਨੰਬਰਾਂ ਵਿੱਚ ਕੁੱਝ ਫ਼ਰਕ ਪਾ ਕੇ, ਜਾਅਲੀ ਐਨ.ਓ.ਸੀ ਬਾਹਰਲੀਆਂ ਸਟੇਟਾਂ ਵਿਚੋ ਤਿਆਰ ਕਰਵਾਕੇ, ਪੰਜਾਬ ਵਿੱਚ ਜਾਅਲੀ ਐਡਰੈਸ ਪਰੂਫ਼ ਬਣਾ ਕੇ, ਪੰਜਾਬ ਨੰਬਰ ਦੀਆਂ ਆਰ.ਸੀਜ਼ ਤਿਆਰ ਕਰਕੇ, ਅੱਗੇ ਡੀਲਰਾਂ ਨੂੰ ਦੇਣ ਵਾਲੇ ਇਕ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਜਿੰਨਾ ਵਿੱਚ ਅਮਨਦੀਪ ਸਿੰਘ ਉਰਫ਼ ਰੋਕੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸਿੱਧੂਵਾਲ ਥਾਣਾ ਬਖਸ਼ੀਵਾਲਾ, ਅਰਵਿੰਦਰ ਸਿੰਘ ਉਰਫ਼ ਬੋਨੀ ਪੁੱਤਰ ਨਰਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 18, ਨਵਨੀਤ ਨਗਰ, ਅੰਬਾਲਾ (ਹਰਿਆਣਾ) ਅਤੇ ਪ੍ਰਦੀਪ ਸ਼ਰਮਾ ਪੁੱਤਰ ਤਰਸੇਮ ਲਾਲ ਵਾਸੀ ਮਲੇਰੀਆ ਮੁਹੱਲਾ, ਸਮਾਣਾ ਦੇ ਖਿਲਾਫ਼ ਮੁਕੱਦਮਾ ਨੰਬਰ 132 ਮਿਤੀ 13.10.2018 ਅ/ਧ 419,420,465,467,468,471,120-ਬੀ ਥਾਣਾ ਘੱਗਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਅਮਨਦੀਪ ਸਿੰਘ, ਅਰਵਿੰਦਰ ਸਿੰਘ ਅਤੇ ਪ੍ਰਦੀਪ ਸ਼ਰਮਾ ਨੇ ਹੋਰ ਵਿਅਕਤੀਆਂ ਨਾਲ ਮਿਲਕੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਕਿ ਹਰਿਆਣਾ ਅਤੇ ਹੋਰ ਰਾਜਾਂ ਤੋ ਟਰੱਕ, ਟਿੱਪਰ ਅਤੇ ਹੋਰ ਗੱਡੀਆਂ ਦੀਆਂ ਜਾਅਲੀ ਐਨ.ਓ.ਸੀ ਜਾਰੀ ਕਰਵਾਕੇ ਪੰਜਾਬ ਰਾਜ ਵਿੱਚ ਜਾਅਲੀ ਐਡਰੈਸ ਪਰੂਫ਼ ਦੇ ਕੇ ਗੱਡੀਆਂ ਦੇ ਕਾਗਜ਼ਾਤ ਤਿਆਰ ਕਰਨ ਦਾ ਧੰਦਾ ਕਰਦੇ ਹਨ। ਜੋ ਇਸ ਇਤਲਾਹ ਤੇ ਇਨ੍ਹਾਂ ਦੇ ਖਿਲਾਫ਼ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਇਸ ਮੁਕੱਦਮੇ ਦੀ ਗੰਭੀਰਤਾ ਅਤੇ ਵੱਡੇ ਰੈਕੇਟ ਨੂੰ ਮੁੱਖ ਰੱਖਦੇ ਹੋਏ ਮੁਕੱਦਮਾ ਦੀ ਤਫ਼ਤੀਸ਼ ਨੂੰ ਡੁੰਘਾਈ ਨਾਲ ਕਰਨ ਹਿਤ ਸ੍ਰੀ ਹਰਮੀਤ ਸਿੰਘ ਹੁੰਦਲ, ਕਪਤਾਨ ਪੁਲਿਸ ਸੁਰੱਖਿਆ ਅਤੇ ਟ੍ਰੈਫਿਕ, ਪਟਿਆਲਾ ਨੂੰ ਨਿਗਰਾਨ ਅਫ਼ਸਰ ਨਿਯੁਕਤ ਕੀਤਾ ਗਿਆ। ਜਿਸ ਤੇ ਸ੍ਰੀ ਪ੍ਰਿਤਪਾਲ ਸਿੰਘ, ਉਪ ਕਪਤਾਨ ਪੁਲਿਸ ਪਾਤੜਾਂ ਅਤੇ ਇੰਸਪੈਕਟਰ ਗੁਰਚਰਨ ਸਿੰਘ, ਮੁੱਖ ਅਫ਼ਸਰ ਥਾਣਾ ਘੱਗਾ ਦੀ ਅਗਵਾਈ ਹੇਠ ਮਿਤੀ 1 ਨਵੰਬਰ ਨੂੰ ਏ.ਐਸ.ਆਈ ਸ਼ੇਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਗਿਰੋਹ ਦੇ ਦੋ ਮੈਂਬਰਾਂ ਅਮਨਦੀਪ ਸਿੰਘ ਅਤੇ ਅਰਵਿੰਦਰ ਸਿੰਘ ਨੂੰ ਮੋਟਰਸਾਈਕਲ @ਤੇ ਸਮਾਣਾ ਤੋ ਪਾਤੜਾਂ ਜਾਂਦਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਪਾਸੋਂ ਮੌਕਾ ‘ਤੇ ਹੀ ਅਲੱਗ-ਅਲੱਗ ਗੱਡੀਆਂ ਦੀਆਂ 80 ਆਰ.ਸੀਜ਼ (ਜਿਨ੍ਹਾਂ ਵਿਚੋ 11 ਹਰਿਆਣਾ ਦੀਆਂ ਅਤੇ ਬਾਕੀ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ), 132 ਪਰਮਿਟ (ਸਾਰੇ ਹੀ ਆਰ.ਟੀ.ਏ ਜ਼ਿਲ੍ਹਾ ਪਟਿਆਲਾ ਵੱਲੋਂ ਜਾਰੀ) ਅਤੇ 07 ਜਾਅਲੀ ਮੋਹਰਾਂ (ਜਿਨ੍ਹਾਂ ਵਿਚੋ 05 ਮੋਹਰਾਂ ਆਰ.ਟੀ.ਏ ਪਟਿਆਲਾ ਅਤੇ 02 ਮੋਹਰਾਂ ਖਾਲੀ) ਬਰਾਮਦ ਹੋਈਆਂ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਪੁੱਛਗਿੱਛ ਦੌਰਾਨ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ 04 ਟਿੱਪਰ, 02 ਮਹਿੰਦਰਾ ਪਿੱਕਅਪ, 01 ਘੋੜਾ ਟਰਾਲਾ ਅਤੇ 05 ਟਰੱਕ ਬਰਾਮਦ ਕੀਤੇ ਗਏ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਇਹ ਸੀ ਕਿ ਉਹ ਵਹਾਨ ਦੇ ਇੰਜਨ ਨੰਬਰ ਅਤੇ ਚੈਸੀ ਨੰਬਰ ਦੇ ਅੱਗੇ ਲੱਗੇ ਨੂਮੈਰੀਕਲ ਅਤੇ ਅਲਫਾਬੈਟੀਕਲ ਨੰਬਰਾਂ ਵਿੱਚ ਕੁੱਝ ਫ਼ਰਕ ਪਾ ਕੇ ਜਾਅਲੀ ਐਨ.ਓ.ਸੀ ਬਾਹਰਲੀਆਂ ਸਟੇਟਾਂ ਖਾਸ ਤੌਰ ਪਰ ਅੰਬਾਲਾ (ਹਰਿਆਣਾ) ਵਿਚੋਂ ਤਿਆਰ ਕਰਵਾਕੇ ਪੰਜਾਬ ਵਿੱਚ ਜਾਅਲੀ ਐਡਰੈਸ ਪਰੂਫ਼ ਬਣਾ ਕੇ ਪੰਜਾਬ ਨੰਬਰ ਦੀਆਂ ਆਰ.ਸੀਜ਼ ਤਿਆਰ ਕਰਕੇ ਉਨ੍ਹਾਂ ਨੂੰ ਅੱਗੇ ਡੀਲਰਾਂ ਨੂੰ ਦੇ ਦਿੰਦੇ ਸਨ। ਇਸ ਤਰ੍ਹਾਂ ਇਹ ਸਰਕਾਰ ਨੂੰ ਟੈਕਸ ਵਿੱਚ ਲੱਖਾਂ ਹੀ ਰੁਪਏ ਦਾ ਚੂਨਾ ਲਗਾਉਂਦੇ ਸਨ। ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀਆਂ ਕੁੱਝ ਹੋਰ ਆਰ.ਸੀਜ਼, ਪਰਮਿਟ ਅਤੇ ਜਾਅਲੀ ਮੋਹਰਾਂ ਵੱਖ-ਵੱਖ ਰਜਿਸਟ੍ਰੇਸ਼ਨ ਅਥਾਰਟੀਆਂ ਦੀਆਂ ਇਨ੍ਹਾਂ ਦੇ ਤੀਸਰੇ ਫ਼ਰਾਰ ਸਾਥੀ ਪ੍ਰਦੀਪ ਸ਼ਰਮਾ ਪਾਸ ਵੀ ਹਨ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਦੇ ਨਾਲ ਆਰ.ਟੀ.ਏ ਦਫ਼ਤਰ ਅੰਬਾਲਾ (ਹਰਿਆਣਾ) ਅਤੇ ਆਰ.ਟੀ.ਏ ਦਫ਼ਤਰ ਪਟਿਆਲਾ ਦੀ ਮਿਲੀਭੁਗਤ ਹੋਣ ਬਾਰੇ ਅਤੇ ਜੋ ਗੱਡੀਆਂ ਬਰਾਮਦ ਹੋਈਆਂ ਹਨ, ਉਹ ਚੋਰੀ ਦੀਆਂ ਹਨ ਜਾਂ ਬੈਂਕ ਵੱਲੋਂ ਰਿਕਵਰ ਕੀਤੀਆਂ ਹੋਈਆਂ ਹਨ, ਬਾਰੇ ਵੀ ਡੁੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੇ ਕੋਈ ਸਰਕਾਰੀ ਅਧਿਕਾਰੀ ਜਾ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।

Leave a Reply

Your email address will not be published. Required fields are marked *