ਅੰਤਰਵਰਸਿਟੀ ਸਾਈਕਲਿੰਗ ਟਰੈਕ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ
ਪਟਿਆਲਾ 10 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਮਾਣਯੋਗ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਅਤੇ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਵਿਚ ਸ਼ੁਰੂ ਹੋਈ ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਟਰੈਕ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਦੂਸਰੇ ਦਿਨ ਵਿਚ ਪ੍ਰਵੇਸ਼ ਕਰ ਗਈ ਹੈ।
ਚੈਂਪੀਅਨਸ਼ਿਪ ਦੇ ਦੂਜੇ ਦਿਨ ਕੌਮੀ ਸਾਈਕਲਿੰਗ ਕੋਚ ਮਿੱਤਰਪਾਲ ਸਿੰਘ ਸਿੱਧੂ ਦੇ ਸਿਖਲਾਈ ਯਾਫ਼ਤਾ ਪੰਜਾਬੀ ਯੂਨੀਵਰਸਿਟੀ ਦੇ ਹਰਪ੍ਰੀਤ ਸਿੰਘ, ਸਚਿਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਤੇ ਅਧਾਰਿਤ ਟੀਮ ਨੇ ਸਪਰਿੰਟ ਮੁਕਾਬਲਿਆਂ ਵਿਚ ਨਵਾਂ ਰਿਕਾਰਡ (1.41:964 ਸੈਕਿੰਡ) ਕਾਇਮ ਕੀਤਾ। ਇਸ ਚੈਂਪੀਅਨਸ਼ਿਪ ਵਿਚ 30 ਯੂਨੀਵਰਸਿਟੀਆਂ ਦੇ 275 ਖਿਡਾਰੀ/ਖਿਡਾਰਣਾਂ ਦੀਆਂ ਭਾਗ ਲੈ ਰਹੇ ਹਨ। ਜੇਤੂ ਖਿਡਾਰੀਆਂ ਨੂੰ ਮੈਡਲ ਤਕਸੀਮ ਕਰਨ ਲਈ ਅੱਜ ਡਾ. ਮੁਹੰਮਦ ਇਦਰੀਸ਼ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਤੇ ਡਾ. ਮਹੇਸ਼ ਜੇਤਲੀ ਖੇਡ ਨਿਰਦੇਸ਼ਕ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਜਸਵੰਤ ਸਿੰਘ, ਮੁਕੇਸ਼ ਚੌਧਰੀ, ਰੇਨੂੰ ਬਾਲਾ, ਐਨ.ਆਈ.ਐਸ. ਆਫੀਸੀਅਲਜ਼ ਆਦਿ ਮੌਜ਼ੂਦ ਸਨ।
ਪੁਰਸ਼ਾਂ ਦੇ ਟੀਮ ਸਪਰਿੰਟ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਰਪ੍ਰੀਤ ਸਿੰਘ, ਸਚਿਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਤੇ ਅਧਾਰਿਤ ਟੀਮ ਨੇ 1.41.964 ਸੈਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਣਜੀਤ ਸਿੰਘ, ਅਭਿਰਾਜ ਕੇ. ਤੇ ਸਚਿਨ ਦੇਸਾਈ ਨੇ 1.42.265 ਸੈਕਿੰਡ ਨਾਲ ਦੂਜਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੇ ਹਰਸਿਮਰਨਜੀਤ ਸਿੰਘ, ਹਰਜੀਤ ਸਿੰਘ ਪੰਨੂ ਤੇ ਅਮਨਦੀਪ ਕੰਬੋਜ਼ ਨੇ 1.47.200 ਸੈਕਿੰਡ ਨਾਲ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। 4 ਕਿ.ਮੀ. ਵਿਅਕਤੀਗਤ ਪਰਸ਼ੂਟ ਮੁਕਾਬਲਿਆਂ ਵਿਚ ਇੰਦਰਜੀਤ ਕੁਮਾਰ ਗੁਜ਼ਰਾਜ ਪੀ.ਟੀ.ਯੂ. ਕਪੂਰਥਲਾ ਦੇ ਹਰਸ਼ਵੀਰ ਸਿੰਘ ਨੇ ਪਹਿਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਰਮਾ ਰਾਮ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਨਮਨ ਕਪਿਲ ਨੇ ਤੀਜਾ ਸਥਾਨ ਹਾਸਲ ਕੀਤਾ।
ਔਰਤਾਂ ਦੇ ਟੀਮ ਸਪਰਿੰਟ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖਿਡਾਰਣਾਂ ਸ਼ੁਸ਼ੀ ਕਾਲਾ ਅਤੇ ਮਯੂਰੀ ਧੰਨਰਾਜ ਨੇ 1.17.540 ਸੈਕਿੰਡ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਪੰਜਾਬੀ ਯੂਨੀਵਰਸਿਟੀ ਦੀਆਂ ਜ਼ਸਮੀਨ ਕੌਰ ਤੇ ਪਰਦੀਪ ਕੌਰ ਨੇ ਕ੍ਰਮਵਾਰ 1.20:307 ਸੈਕਿੰਡ ਅਤੇ 1.21:888 ਸੈਕਿੰਡ ਦਾ ਸਮਾਂ ਲੈ ਕੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 3 ਕਿ.ਮੀ. ਵਿਅਕਤੀਗਤ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚੋਬਾ ਦੇਵੀ ਅਤੇ ਇਰੋਮ ਮਾਤੋਲੇਬੀ ਦੇਵੀ ਨੇ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਪੰਜਾਬੀ ਯੂਨੀਵਰਸਿਟੀ ਦੀ ਪਰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।।।

