ਖਾਲਸਾ ਕਾਲਜ ਦੇ ਨਵ‐ਸਥਾਪਿਤ ਸਿੱਖ ਹਿਸਟਰੀ ਸੈਂਟਰ ਵਿਖੇ ਪੁਰਾਤਨ ਖਰੜਿਆਂ ਨੂੰ ਸੰਭਾਲਣ ‘ਤੇ ਵਰਕਸ਼ਾਪ ਲਗਾਈ
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖਾਲਸਾ ਕਾਲਜ ਦੇ ‘ਸਿੱਖ ਹਿਸਟਰੀ ਸੈਂਟਰ’ ਵਿਖੇ ਪੁਰਾਤਨ ਖਰੜਿਆਂ, ਪੋਥੀਆਂ ਆਦਿ ਦੇ ਰੱਖ‐ਰਖਾਵ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਹੈਦਰਾਬਾਦ ਸਥਿਤ ਸਿੱਖ ਹੈਰੀਟੇਜ਼ ਫ਼ਾਊਂਡੇਸ਼ਨ ਹੈਦਰਾਬਾਦ ਦੱਖਣ’ ਦੇ ਸਹਿਯੋਗ ਨਾਲ 30 ਰੋਜ਼ਾ ‘ਕੰਜ਼ਰਵੇਸ਼ਨ ਐਂਡ ਪ੍ਰੈਸਰਵੇਸ਼ਨ ਆਫ਼ ਮੈਨੀਸਕ੍ਰਿਪਟ’ ਦੀ ਇਕ ਮਹੀਨਾ ਚੱਲਣ ਵਾਲੀ ਵਰਕਸ਼ਾਪ ਲਗਾਈ ਗਈ ਹੈ। ਸੱਤਰ ਜੰਗ ਮਿਊਜ਼ੀਅਮ ਦੇ ਸਾਬਕਾ ਕਿਊਰੇਟਰ ਮੁਹੰਮਦ ਅਲੀ ਅਤੇ ਫ਼ਾਊਂਡੇਸ਼ਨ ਦੇ ਕਨਵੀਨਰ ਸ: ਸੱਜਣ ਸਿੰਘ ਆਪਣੀ 6 ਮੈਂਬਰੀ ਟੀਮ ਨਾਲ ਪੁਰਾਤਨ ਖਰੜਿਆਂ, ਪੋਥੀਆਂ ਦੀ ਵਿਗਿਆਨਕ ਢੰਗ ਨਾਲ ਸਾਂਭ‐ਸੰਭਾਲ ‘ਚ ਜੁਟੇ ਹੋਏ ਹਨ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਕੌਂਸਲ ਦੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਵਿਭਾਗ ਮੁੱਖੀ ਡਾ. ਕੁਲਦੀਪ ਸਿੰਘ ਦੀ ਦੇਖ ਰੇਖ ਹੇਠ ਚਲ ਰਹੇ ਕਾਰਜ ਦੀ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਬਹੁਮੁੱਲੇ ਦਸਤਾਵੇਜ਼ਾਂ ਨੂੰ ਸੰਭਾਲਣਾ ਅਤਿਅੰਤ ਜਰੂਰੀ ਹੈ।
ਇਸ ਮੌਕੇ ਅਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਰਕਸ਼ਾਪ ਦਾ ਮਕਸਦ ਪੁਰਾਤਨ ਗ੍ਰੰਥਾਂ, ਖਰੜਿਆ, ਪੋਥੀਆਂ, ਕੁਰਾਨ, ਵਸਤਰਾਂ, ਭਗਵਤੀ ਗੀਤਾ, ਗੁਰੂ ਸਾਹਿਬਾਨ, ਦੇਵੀ‐ਦੇਵਤਿਆਂ ਦੀਆਂ ਖੜਾਵਾਂ ਦੀ ਸਾਂਭ‐ਸੰਭਾਲ ਅਤੇ ਉਨ੍ਹਾਂ ਦੇ ਰੱਖ‐ਰਖਾਵ ਕਰਨਾ ਹੈ ਤਾਂ ਜੋ ਸਦੀਆਂ ਤੱਕ ਉਨ੍ਹਾਂ ਦੀ ਮਿਆਦ ਵੱਧ ਸਕੇ। ਉਨ੍ਹਾਂ ਇਸ ਮੌਕੇ ਆਨਰੇਰੀ ਸਕੱਤਰ ਸ: ਛੀਨਾ ਅਤੇ ਸ: ਗੁਨਬੀਰ ਸਿੰਘ ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ 6 ਮੈਂਬਰਾਂ ਦੀ ਟੀਮ ਜਿਸ ‘ਚ ਖ਼ੁਦ ਤੋਂ ਇਲਾਵਾ ਸਨ੍ਹਾ ਅਹਿਮਦ, ਅਲੀ ਉਸਮਾਨ, ਅਬੁਦਲ ਅਜੀਮ ਅਤੇ ਗੁਲ ਅਫ਼ਸਾ ਖਾਨ ਨਾਲ ਇੱਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਖਰੜਿਆਂ ਦੀ ਸਾਂਭ‐ਸੰਭਾਲ ਤੇ ਰੱਖ‐ਰਖਾਵ ਸਬੰਧੀ ਕਾਲਜ ਦੇ ਵਿਦਿਆਰਥੀਆਂ ਤੇ ਹੋਰਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਕਿ ਆਉਣ ਵਾਲੀ ਪੀੜ੍ਹੀ ਸੁਨਿਹਰੇ ਇਤਿਹਾਸ ਨੂੰ ਸਦੀਆਂ ਤੱਕ ਸਾਂਭ ਸਕੇ।
ਇਸ ਮੌਕੇ ਸ: ਸੱਜਣ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਰਾਤਨ ਖਰੜਿਆਂ ਦੀ ਸਾਂਭ‐ਸੰਭਾਲ ਲਈ ਅਨੇਕਾਂ ਪ੍ਰਕਾਰ ਦੇ ਰਸਾਇਣਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਾਯੂ ਮੰਡਲ ‘ਚ ਕਈ ਤਰ੍ਹਾਂ ਦੇ ਪ੍ਰਦੂਸ਼ਣ ਤੱਕ, ਬੈਕਟੀਰੀਆ, ਲਾਰਵਾ ਆਦਿ ਮੌਜ਼ੂਦ ਹੁੰਦੇ ਹਨ ਜੋ ਸੈਂਕੜੇ ਸਾਲ ਪੁਰਾਣੇ ਕਾਗਜਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਨ੍ਹਾਂ ਹਾਨੀਕਾਰਕ ਤੱਤਾਂ ਤੋਂ ਖਰੜਿਆਂ ਨੂੰ ਬਚਾਉਣ ਲਈ ਲੋੜ ਮੁਤਾਬਕ ਰਸਾਇਣਾਂ ਦੀ ਵਰਤੋਂ ਪੁਰਾਤਨ ਰਵਾਇਤੀ ਅਤੇ ਆਧੁਨਿਕ ਤਕਨੀਕਾਂ ਰਾਹੀਂ ਕੀਤੀ ਜਾਂਦੀ ਹੈ। ਜਿਸ ਨਾਲ ਪੁਰਾਤਨ ਵਿਰਸੇ ਨੂੰ ਸੈਂਕੜੇ ਸਾਲਾਂ ਤੱਕ ਸੰਭਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਮ ਮੈਂਬਰਾਂ ਤੋਂ ਇਲਾਵਾ ਸਿੱਖ ਸੈਂਟਰ ਅਤੇ ਲਾਇਬ੍ਰੇਰੀ ਦੇ ਵਿਦਿਆਰਥੀਆਂ ਨੂੰ ਇਸ ਸਬੰਧੀ ਫਾਊਂਡੇਸ਼ਨ ਵੱਲੋਂ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਸ: ਸੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਠਿੰਡਾ ਦੇ ਰਹਿਣ ਵਾਲੇ ਭਾਈ ਬੂਟਾ ਸਿੰਘ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਛੀਵਾੜੇ ਦੇ ਜੰਗਲਾਂ ਸਮੇਂ ਪਹਿਨੇ ਵਸਤਰ ਜਿਵੇਂ ਕਿ ਦਸਤਾਰ, ਪੁਸ਼ਾਕ, ਖਰਾਵਾਂ ਅਤੇ ਕਛੈਹਰਾ ਤੋਂ ਇਲਾਵਾ ਅਨੇਕਾਂ ਧਾਰਮਿਕ ਗ੍ਰੰਥਾਂ, ਵਸਤਰਾਂ, ਗੁੱਟਕਿਆਂ ਦੀ ਡਰਾਈ ਬ੍ਰਾਅਸ਼ਿੰਗ ਨਾਲ ਸੰਵਾਰਿਆ ਜਾ ਚੁੱਕਾ ਹੈ ਤਾਂ ਉਨ੍ਹਾਂ ਦੀ ਮਿਆਦ ਬਣੀ ਰਹੀ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਸਿੱਖ ਲਾਇਬ੍ਰੇਰੀ ‘ਚ ਬਹੁਮੁੱਲਾ ਖਜ਼ਾਨਾ ਮੌਜ਼ੂਦ ਹੈ ਅਤੇ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਚਿੰਨ੍ਹਾਂ ਦੀ ਸਾਂਭ‐ਸੰਭਾਲ ‘ਤੇ ਜ਼ੋਰ ਦਿੰਦਿਆ ਕਿਹਾ ਕਿ ਇਤਿਹਾਸਕ ਪੋਥੀਆਂ, ਗ੍ਰੰਥ, ਗੁੱਟੇ, ਕੁਰਾਨ, ਭਗਵਤੀ ਗੀਤਾ ਤੇ ਹੋਰ ਧਾਰਮਿਕ ਵਸਤੂਆਂ, ਚਿੰਨ੍ਹ ਸਾਡਾ ਅਨਮੋਲ ਖਜ਼ਾਨਾ ਹੈ ਅਤੇ ਉਸ ਦਾ ਰੱਖ‐ਰਖਾਵ ਕਰਨਾ ਸਾਡਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਦਾ ਲਮਹਾ ਹੈ ਕਿ ਪੁਰਾਤਨ ਚਿੰਨ੍ਹਾਂ, ਵਸਤੂਆਂ ਨੂੰ ਸਦੀਆਂ ਤੱਕ ਸੰਭਾਲ ਕੇ ਰੱਖਣ ਲਈ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਨਾਮਵਰ ਤਜ਼ਰਬੇਕਾਰ 1 ਮਹੀਨੇ ਦੀ ਵਰਕਸ਼ਾਪ ਮੌਕੇ ਸਿਖਲਾਈ ਦੇਣ ਆਏ ਹਨ। ਉਨ੍ਹਾਂ ਕਿਹਾ ਕਾਲਜ ਦੇ ਸਿੱਖ ਸੈਂਟਰ ‘ਚ ਕਰੀਬ 86 ਸਾਲ ਪੁਰਾਣੇ ਸਿੱਖ ਖ਼ੋਜ ਲਾਇਬ੍ਰੇਰੀ ਅਤੇ ਮਿਊਜੀਅਮ, ਜਿਸ ‘ਚ ਪੁਰਾਤਨ ਸੈਂਕੜੇ ਅਣਮੁੱਲੇ ਦਸਤਾਵੇਜ, ਕਿਤਾਬਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਹੱਥ ਲਿਖਤ ਖਰੜੇ ਸੰਭਾਲੇ ਹੋਏ ਹਨ, ਨੂੰ ਹੁਣ ਡਿਜ਼ੀਟਲ ਤਰੀਕੇ ਨਾਲ ਸੰਭਾਲਿਆ ਜਾ ਰਿਹਾ ਹੈ ਜਿਸ ‘ਚ 6274 ਕਿਤਾਬਾਂ ਹਨ, ਜਿੰਨ੍ਹਾਂ ‘ਚ 16ਵੀਂ ਅਤੇ 17ਵੀਂ ਸ਼ਤਾਬਦੀ ਦੀਆਂ 442 ਤੋਂ ਵੱਧ ਕਿਤਾਬਾਂ ਅੰਗਰੇਜ਼ੀ, ਪਾਰਸੀ, ਸੰਸਕ੍ਰਿਤ ਅਤੇ ਊਰਦੂ ‘ਚ ਮੌਜ਼ੂਦ ਹਨ, ਨੂੰ ਮਾਹਿਰਾਂ ਵੱਲੋਂ ਵਾਚਿਆ ਜਾਵੇਗਾ।
ਇਸ ਮੌਕੇ ਸ: ਗੁਨਬੀਰ ਸਿੰਘ ਨੇ ਕਿਹਾ ਕਿ ਕੈਂਪਸ ‘ਚ ਉਸਾਰੀ ਗਈ ਸਿੱਖ ਹਿਸਟਰੀ ਸੈਂਟਰ ਤੇ ਮਿਊਜ਼ੀਅਮ’ ਇਮਾਰਤ ‘ਚ ‘ਚ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕਈ ਅਣਮੁੱਲਾ ਖਜ਼ਾਨਾ ਸਾਂਭਿਆ ਹੋਇਆ ਹੈ ਅਤੇ ਸਮੁੱਚੇ ਇਤਿਹਾਸ ਲਈ ਨਵੇਂ ਤਕਨੀਕ ਦੀ ਮਦਦ ਵੀ ਲਈ ਜਾ ਰਹੀ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਕੁਝ ਦਸਤਾਵੇਜ ਦੁਨੀਆਂ ‘ਚ ਕਿਤੇ ਵੀ ਹੋਰ ਮੌਜ਼ੂਦ ਨਹੀਂ ਹਨ, ਜਿਨ੍ਹਾਂ ‘ਚ ‘ਸ਼ਾਹਨਾਮਾ’ ਮੁਹੰਮਦ ਜ਼ਮਾਲ ਦੁਆਰਾ ਲਿਖਤ ਹੈ, ਜਿਸ ਦੀਆਂ ਸਿਰਫ਼ 2 ਹੀ ਹੋਰ ਕਾਪੀਆਂ ਮੌਜ਼ੂਦ ਹੈ, ਜਿੰਨ੍ਹਾਂ ‘ਚੋਂ ਇਕ ਲੰਡਨ ਮਿਊਜੀਅਮ ਅਤੇ ਦੂਸਰੀ ਲਾਹੌਰ ਮਿਊਜੀਅਮ ‘ਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ-ਲਿਖਤ ਬੀੜਾਂ ਸਿਰਫ ਇੱਥੇ ਹੀ ਮੌਜ਼ੂਦ ਹਨ ਆਦਿ ਨੂੰ ਵੀ ਨਵੀਂ ਤਕਨੀਕ ਨਾਲ ਦਰੁਸਤ ਕੀਤਾ ਜਾਵੇਗਾ। ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਿੱਖ ਇਤਿਹਾਸ ਖੋਜ਼ ਵਿਭਾਗ ਦੇ ਮੁੱਖੀ ਕੁਲਦੀਪ ਸਿੰਘ, ਅੰਡਰ ਸੈਕਟਰੀ ਡੀ. ਐਸ. ਰਟੌਲ ਤੇ ਹੋਰ ਹਾਜ਼ਰ ਸਨ

