ਪੰਜਾਬ ਦੀ ਵਿਆਪਕ ਖੇਡ ਨੀਤੀ ਨਾਲ ਸੂਬੇ ‘ਚ ਖੇਡਾਂ ਨੂੰ ਹੋਰ ਉਤਸ਼ਾਹ ਮਿਲੇਗਾ-ਰਾਣਾ ਗੁਰਮੀਤ ਸਿੰਘ
ਸਰਕਾਰ ਸੂਬੇ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ‘ਚ ਸਿਖਰਾਂ ‘ਤੇ ਲਿਜਾਣ ਲਈ ਵਚਨਬੱਧ’
ਪੀ.ਪੀ.ਐਸ ਨਾਭਾ ਵਿਖੇ 55 ਵੀਂ ਆਲ ਇੰਡੀਆ ਆਈ.ਪੀ.ਐਸ.ਸੀ ਐਥਲੈਟਿਕਸ ਮੀਟ ਦਾ ਉਦਘਾਟਨ
ਨਾਭਾ, 12 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਮਲ ‘ਚ ਲਿਆਂਦੀ ਗਈ ਵਿਆਪਕ ਖੇਡ ਨੀਤੀ ਨਾਲ ਪੰਜਾਬ ‘ਚ ਖੇਡਾਂ ਨੂੰ ਹੋਰ ਉਤਸ਼ਾਹ ਮਿਲੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁਲਤ ਕਰ ਰਹੀ ਹੈ। ਖੇਡ ਮੰਤਰੀ ਅੱਜ ਇਥੇ ਪੰਜਾਬ ਪਬਲਿਕ ਸਕੂਲ ਵਿਖੇ 14 ਨਵੰਬਰ ਤੱਕ ਹੋਣ ਵਾਲੀ 55 ਵੀਂ ਆਲ ਇੰਡੀਆ ਆਈ.ਪੀ.ਐਸ.ਸੀ ਐਥਲੈਟਿਕਸ ਮੀਟ ਦੇ ਉਦਘਾਟਨੀ ਸਮਾਰੋਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਪਬਲਿਕ ਸਕੂਲ ਨਾਭਾ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਦੀ ਵਾਗਡੋਰ ਇਸ ਵੇਲੇ ਖ਼ੁਦ ਖਿਡਾਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ‘ਚ ਹੈ ਤੇ ਉਨ੍ਹਾਂ ਨੇ ਖੇਡਾਂ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਸ. ਰਾਣਾ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਨਸ਼ਾ ਵਿਰੋਧੀ ਮੁਹਿੰਤ ਤਹਿਤ ਵਿਦਿਆਰਥੀਆਂ ਨੂੰ ਖੇਡਾਂ ‘ਚ ਹਿੱਸਾ ਲੈਣ ਲਈ ਪ੍ਰੇਰਤ ਕਰਨ ਸਬੰਧੀਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਉਚ ਅਹੁਦੇ ਤੇ ਵੱਡੀ ਇਨਾਮੀ ਰਾਸ਼ੀ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਨੇ ਹਾਲ ਹੀ ਦੌਰਾਨ ਕਾਮਨਵੈਲਥ ਤੇ ਏਸ਼ੀਆਈ ਖੇਡਾਂ-2018 ‘ਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ ਮਾਨਤਾ ਦੇਣ ਲਈ 15.55 ਕਰੋੜ ਰੁਪਏ ਦੇ ਸੁਬਾਈ ਖੇਡ ਪੁਰਸਕਾਰ ਭੇਟ ਕੀਤੇ ਹਨ।
ਖੇਡ ਮੰਤਰੀ ਨੇ ਦੱਸਿਆ ਕਿ ਬਿਹਤਰੀਨ ਕੋਚਿੰਗ ਸਹੂਲਤਾਂ ਦੇ ਨਾਲ-ਨਾਲ ਉਚ ਦਰਜੇ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਸੂਬੇ ਨੂੰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ‘ਚ ਸਿਖਰਾਂ ‘ਤੇ ਲਿਜਾਇਆ ਜਾ ਸਕੇ। ਖੇਡ ਮੰਤਰੀ ਨੇ ਕਿਹਾ ਕਿ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਸਥਾਪਤ ਕਰਨ ਲਈ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਹੁਨਰ ਦੀ ਕੋਈ ਵੀ ਕਮੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਪੰਜਾਬ ਦੇ ਖਿਡਾਰੀਆਂ ‘ਤੇ ਭਰੋਸਾ ਹੈ ਕਿ ਉਹ ਅਗਲੀਆਂ ਉਲੰਪਿਕ ਖੇਡਾਂ ‘ਚ ਪੂਰੀ ਤਰ੍ਹਾਂ ਚਮਕਣਗੇ।
ਸ. ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜੁਆਬ ‘ਚ ਕਿਹਾ ਕਿ ਕਾਂਗਰਸ ਪਾਰਟੀ ਧਰਮ ਦੇ ਨਾਮ ‘ਤੇ ਕਦੇ ਸਿਆਸਤ ਨਹੀਂ ਕਰਦੀ ਜਦੋਂ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਧਰਮ ਦੇ ਨਾਮ ‘ਤੇ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਸਾਇਦ ਸਿੱਖ ਕੌਮ ਇਨ੍ਹਾਂ ਨੂੰ ਮੁਆਫ ਕਰ ਦੇਵੇ।
ਉਨ੍ਹਾਂ ਅਕਾਲੀ ਦਲ ਦੀ ਅੰਦਰੂਨੀ ਹਿਲਜੁਲ ਬਾਰੇ ਕਿਸੇ ਹੋਰ ਟਿਪਣੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਅਕਾਲੀ ਦਲ ਸੱਤਾ ‘ਚ ਹੁੰਦਾ ਹੈ ਤਾਂ ਇਹ ਲੋਕਾਂ ਨੂੰ ਕੁੱਟਦੇ ਹਨ ਪਰ ਸੱਤਾ ਤੋਂ ਬਾਹਰ ਵਿਹਲੇ ਹੋਕੇ ਇਹ ਆਪਸ ‘ਚ ਲੜਦੇ ਹਨ। ਸ. ਰਾਣਾ ਸੋਢੀ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਆਪਣਾ ਕੰਮ ਕਰ ਰਹੀ ਹੈ, ਇਸ ਵੱਲੋਂ ਬਾਦਲਾਂ ਨੂੰ ਸੱਦਣ ਬਾਰੇ ਉਨ੍ਹਾਂ ਕਿਹਾ ਕਿ ਬੇਅਦਬੀ ਬਾਦਲਾਂ ਦੇ ਰਾਜ ਵਿਚ ਹੋਈ ਸੀ, ਜਿਸ ਲਈ ਇਹ ਜਿੰਮੇਵਾਰ ਹਨ।
ਪੀ.ਪੀ.ਐਸ. ਨਾਭਾ ਦੇ ਹੈਡ ਮਾਸਟਰ ਡਾ. ਜਗਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੀਟ ਦੌਰਾਨ 25 ਦੇ ਲਗਭਗ ਸਕੂਲਾਂ ਦੇ ਕਰੀਬ 600 ਐਥਲੀਟ ਹਿੱਸਾ ਲੈ ਰਹੇ ਹਨ ਤੇ ਇਨ੍ਹਾਂ ‘ਚ ਦੂਨ ਸਕੂਲ ਦੇਹਰਾਦੂਨ, ਵੈਲਹਮ ਸਕੂਲ ਦੇਹਰਾਦੂਨ, ਮਿਓ ਕਾਲਜ ਅਜਮੇਰ, ਸਿੰਧੀਆ ਸਕੂਲ ਗਵਾਲੀਅਰ, ਮਾਡਰਨ ਸਕੂਲ ਨਵੀਂ ਦਿੱਲੀ, ਐਮ.ਐਨ.ਐਸ.ਐਸ ਰਾਏ, ਸ਼੍ਰੀ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ, ਵਾਈ.ਪੀ.ਐਸ ਪਟਿਆਲਾ ਅਤੇ ਮੋਹਾਲੀ ਦੇ ਵਿਦਿਆਰਥੀ ਸ਼ਾਮਲ ਹਨ।
ਇਸ ਮੌਕੇ ਐਥਲੀਟਾਂ ਨੇ ਐਥਲੈਟਿਕਸ ਮੀਟ ‘ਚ ਖੇਡ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁੱਕੀ ਤੇ ਸ਼ਾਨਦਾਰ ਮਾਰਚ ਪਾਸਟ ਨਾਲ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਪਹਿਲੇ ਦਿਨ 1500 ਮੀਟਰ ਦੇ ਮੁਕਾਬਲੇ ਹੋਏ ਜਿਸ ‘ਚ ਲੜਕਿਆਂ ਦੇ ਵਰਗ ‘ਚ ਵੈਲਹਮ ਸਕੂਲ ਦੇਹਰਾਦੂਨ ਦੇ ਹਰਸ਼ਲ ਭਾਟੀਆ ਤੇ ਲੜਕੀਆਂ ਦੇ ਵਰਗ ‘ਚ ਐਮ.ਐਨ.ਐਸ.ਐਸ ਰਾਏ ਦੀ ਰਾਸ਼ੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਾਲ ਦੀ ਮਾਰਚ ਪਾਸਟ ਟਰਾਫੀ ਵੈਲਹਮ ਸਕੂਲ ਦੇਹਰਾਦੂਨ ਦੇ ਨਾਮ ਰਹੀ।

