ਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾ

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ : ਕੀ ‘ਜੈਸ ਮੈਨ’ ਹੋਵੇਗਾ 43ਵਾਂ ਪ੍ਰਧਾਨ, ਹੰਗਾਮੇ ਦੇ ਸੰਕੇਤ

ਭਾਈ ਲੋਂਗੋਵਾਲ ਦਾਅਵੇਦਾਰਾਂ ‘ਚ ਸਭ ਤੋਂ ਅੱਗੇ
ਸੁਖਬੀਰ ਬਾਦਲ ਨੇ ਕਮੇਟੀ ਮੈਂਬਰਾਂ ਦੀ ਲਈ ਸਹਿਮਤੀ,
ਅਕਾਲੀ ਦਲ ਦੇ ਪ੍ਰਧਾਨ ਨੇ ਕਮੇਟੀ ਮੈਂਬਰਾਂ ਦੀ ਲਈ ਮੀਟਿੰਗ, ਪ੍ਰਧਾਨ ਦੇ ਨਾਂ ‘ਤੇ ਮੋਹਰ ਲਈ ਦਿੱਤਾ ਇਸ਼ਾਰਾ
ਪਟਿਆਲਾ 12 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਜਿਥੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਉਥੇ ਇਸ ਵਾਰ ਫਿਰ ਜਨਰਲ ਹਾਊਸ ‘ਚ ਹੰਗਾਮਾ ਹੋਣ ਦੇ ਸੰਕੇਤ ਮਿਲੇ ਹਨ।

ਬਾਦ ਦੁਪਹਿਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵੋਟ ਨਾਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰ੍ਰੋਮਣੀ ਕਮੇਟੀ ਨੂੰ 43ਵੇਂ ਨਵੇਂ ਪ੍ਰਧਾਨ ਵਜੋਂ ਚੁਣੇ ਜਾਣ ਲਈ ਕੀਤੀਆਂ ਜਾ ਰਹੀਆਂ ਦਾਅਵੇਦਾਰੀਆਂ ਦੇ ਚੱਲਦਿਆਂ ਕਿਸੇ ਇਕ ਚਿਹਰੇ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵਜੋਂ ਚੁਣ ਲਿਆ ਜਾਵੇਗਾ। ਸ਼੍ਰੋਮਣੀ ਕਮੇਟੀ ਗਲਿਆਰਿਆਂ ‘ਚ ਦਿਨ ਭਰ ਇਹ ਵੀ ਚਰਚਾ ਬਣੀ ਰਹੀ ਕਿ ਬਾਦਲਾਂ ਦੀ ਮਰਜ਼ੀ ਵਾਲਾ 43ਵਾਂ ਪ੍ਰਧਾਨ ਵੀ ‘ਜੈਸ-ਮੈਨ’ ਹੀ ਹੋਵੇਗਾ।
ਸੂਤਰਾਂ ਦਾ ਕਹਿਣਾ ਭਾਵੇਂ ਮਜਬੂਤ ਦਾਅਵੇਦਾਰਾਂ ‘ਚ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੋਤਾ ਸਿੰਘ ਹੀ ਰਹੇ। ਵਿਵਾਦਤ ਨਾ ਰਹਿਣ ਕਾਰਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮਜ਼ਬੂਤ ਦਾਅਵੇਦਾਰਾਂ ‘ਚੋਂ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ‘ਚ ਟਕਸਾਲੀ ਅਕਾਲੀ ਆਗੂਆਂ ਦੀ ਪ੍ਰਧਾਨ ਦੇ ਚਿਹਰੇ ਲਈ ਰਾਏ ਸਹਿਮਤੀ ਲਈ ਗਈ, ਜਿਸ ਤੋਂ ਸਪੱਸ਼ਟ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ‘ਬਾਦਲਾਂ’ ਦੀ ਮਰਜ਼ੀ ਅਨੁਸਾਰ ਹੀ ਚੁਣਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਭਾਵੇਂ ਬਾਦਲਾਂ ਦਾ ‘ਲਿਫਾਫਾ’ ਕਲਚਰ ਭਾਰੂ ਰਿਹਾ, ਪਰ ਜਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਹਟਾਕੇ ਨਵੇਂ ਪ੍ਰਧਾਨ ਲਈ ਚੋਣ ਕੀਤੀ ਜਾਣੀ ਸੀ ਤਾਂ ਟੌਹੜਾ ਧੜੇ ਨਾਲ ਸਬੰਧਤ ਸੁਖਦੇਵ ਸਿੰਘ ਭੌਰ ਨੇ ਲਿਫਾਫ਼ਾ ਕਲਚਰ ਦਾ ਵਿਰੋਧ ਕਰਦਿਆਂ ‘ਵੋਟ’ ਰਾਹੀਂ ਨਵੇਂ ਪ੍ਰਧਾਨ ਚੁਣੇ ਦੀ ਮੰਗ ਨੂੰ ਲੈ ਕੇ ਜਨਰਲ ਹਾਊਸ ‘ਚ ਹੰਗਾਮਾ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਵਜੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ‘ਵੋਟ’ ਦੇ ਅਧਿਕਾਰ ਤਹਿਤ ਹੀ ਮੈਂਬਰਾਂ ਨੇ ਵੋਟ ਦੇ ਕੇ ਚੁਣਿਆ ।
ਸ਼੍ਰੋਮਣੀ ਅਕਾਲੀ ਦਲ ‘ਚ ਟਕਸਾਲੀ ਅਕਾਲੀ ਆਗਆਂ ਦੀ ਵਿਰੋਧਤਾ ਅਤੇ ਸੂਬੇ ‘ਚ ਬਾਦਲ ਵਿਰੋਧੀ ‘ਮੂਵਮੈਂਟ’ ਦੇ ਚੱਲਦਿਆਂ ਅਕਾਲੀ ਦਲ ਨੇ ਇਸ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਸਮੇਂ ਤੋਂ ਪਹਿਲਾਂ ਕਰਾਉਣ ਦਾ ਪੈਂਤੜਾ ਵਰਤਿਆ, ਜਿਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਵੀ 43ਵੇਂ ਨਵੇਂ ਪ੍ਰਧਾਨ ਦੀ ਚੋਣ ਆਪਣੇ ‘ਲਿਫਾਫ਼ਾ’ ਕਲਚਰ ਰਾਹੀਂ ਹੀ ਕਰੇਗਾ।
ਮੌਜੂਦਾ ਹਾਲਾਤਾਂ ਦੇ ਚੱਲਦਿਆਂ ਇਸ ਵਾਰ ਵੀ ਜਨਰਲ ਹਾਊਸ ‘ਚ ਮਾਮਲਾ ਭਖਣ ਦੇ ਆਸਾਰ ਹਨ ਤੇ ‘ਵੋਟ’ ਕਲਚਰ ਨੂੰ ਲੈ ਕੇ ਹੰਗਾਮੇ ਦੇ ਸੰਕੇਤ ਵੀ ਮਿਲੇ ਹਨ, ਜਿਸ ਨੂੰ ਭਾਂਪਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪਣੇ ਖਾਤੇ ‘ਚ ਭੁਗਤਣ ਲਈ ਜਿਥੇ ਤਿਆਰ ਕਰ ਲਿਆ, ਉਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਤੋਤਾ ਸਿੰਘ ਦਰਮਿਆਨ ਦੇ ਕਿਸੇ ਇਕ ਦੇ ਨਾਂ ‘ਤੇ ‘ਮੋਹਰ’ ਲਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅੰਦਰੋਂ-ਅੰਦਰ ਇਸ਼ਾਰਾ ਦੇ ਦਿੱਤਾ ਤਾਂ ਜੋ ਸ਼੍ਰੋਮਣੀ ਕਮੇਟੀ ਦਾ 43ਵਾਂ ਪ੍ਰਧਾਨ ਵੀ ਇਸ ਵਾਰ ‘ਬਾਦਲਾਂ ਦੀ ਮਰਜ਼ੀ ਅਨੁਸਾਰ ਬਣ ਸਕੇ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਅਤੇ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ 6 ਸਿੰਘ ਸਾਹਿਬਾਨ ਵੀ ਬਤੌਰ ਮੈਂਬਰ ਸ਼ਾਮਲ ਹੁੰਦੇ ਹਨ।ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ 9 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ, ਜਦਕਿ 2 ਮੈਂਬਰਾਂ ਸ. ਸੁੱਚਾ ਸਿੰਘ ਲੰਗਾਹ ਤੇ ਸ. ਸ਼ਰਨਜੀਤ ਸਿੰਘ ਵੱਲੋਂ ਅਸਤੀਫ਼ਾ ਦਿੱਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *