ਪਟਿਆਲਾ

ਸ਼ੋਭਾ ਸਿੰਘ ਫਾਈਨ ਆਰਟਸ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ

ਪਟਿਆਲਾ, 14 ਨਵੰਬਰ (ਮਧੂਸਾਰ ਬਿਊਰੋ)ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸ਼ੋਭਾ ਸਿੰਘ ਫਾਈਨ ਆਰਟਸ ਵਿਭਾਗ ਵੱਲੋਂ ਆਪਣੇ ਰਿਸਰਚ ਸਕਾਲਰ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਚਿੱਤਰਕਲਾਵਾਂ, ਗਰਾਫਿਕਸ ਅਤੇ ਫੋਟੋਆਂ ਦੀ ਇਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਮਿਊਜ਼ੀਅਮ ਐਂਡ ਆਰਟ ਗੈਲਰੀ ਵਿਖੇ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕੀਤਾ ਗਿਆ।

ਆਪਣੇ ਉਦਘਾਟਨੀ ਸ਼ਬਦਾਂ ਦੌਰਾਨ ਇਨ੍ਹਾਂ ਕਲਾਕ੍ਰਿਤਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਡਾ. ਘੁੰਮਣ ਨੇ ਕਿਹਾ ਕਿ ਅਜਿਹੀਆਂ ਕਲਾ ਕ੍ਰਿਤਾਂ ਰੂਹ ਨੂੰ ਸਕੂਨ ਦੇਣ ਦਾ ਕਾਰਜ ਕਰਦੀਆਂ ਹਨ। ਇਸ ਲਈ ਇਨ੍ਹਾਂ ਦਾ ਇਕ ਖਾਸ ਮਹੱਤਵ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿਚਲੀਆਂ ਸ਼ਾਨਦਾਰ ਕਲਾ ਕ੍ਰਿਤਾਂ ਇਸ ਗੱਲ ਦਾ ਸਬੂਤ ਹਨ ਕਿ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਅਤੇ ਸੁਖਾਵਾਂ ਮਾਹੌਲ ਮਿਲ ਰਿਹਾ ਹੈ, ਇਸ ਲਈ ਵਿਭਾਗ ਮੁਖੀ ਡਾ. ਅੰਬਾਲਿਕਾ ਸੂਦ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੇ ਪਾਤਰ ਹਨ।
ਡਾ. ਅੰਬਾਲਿਕਾ ਸੂਦ ਵੱਲੋਂ ਇਸ ਪ੍ਰਦਰਸ਼ਨੀ ਵਿਚ ਸ਼ਾਮਿਲ ਕਲਾ ਕ੍ਰਿਤਾਂ ਦੀ ਰਚਨਾ ਪ੍ਰਕਿਰਿਆ ਬਾਰੇ ਬੋਲਦਿਆਂ ਦੱਸਿਆ ਗਿਆ ਕਿ ਇਸ ਪ੍ਰਦਰਸ਼ਨੀ ਵਿਚ ਕਰੁਣਾ ਭੰਡਾਰੀ, ਮਹਿਤਾਬ ਕੌਰ,ਹੇਮਵਤੀ ਵੈਦ, ਜਸਵੀਰ ਸਿੰਘ, ਅਕਾਸ਼ਦੀਪ ਕੌਰ, ਜਸਪ੍ਰੀਤ ਕੌਰ, ਅਤਿੰਦਰਪਾਲ ਸਿੰਘ, ਸਰਬਜੀਤ ਸਿੰਘ ਅਤੇ ਹਰਦੀਪ ਕੌਰ ਦੀਆਂ ਕ੍ਰਿਤਾਂ ਸ਼ਾਮਿਲ ਹਨ।
ਇਸ ਮੌਕੇ ਇਸ ਪ੍ਰਦਰਸ਼ਨੀ ਦਾ ਬਰੌਸ਼ਰ ਵੀ ਰਿਲੀਜ਼ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿਚ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬੱਤਰਾ, ਮੁਖੀ ਮਨੋਵਿਗਿਆਨ ਵਿਭਾਗ ਡਾ. ਹਰਪ੍ਰੀਤ ਕੌਰ, ਇੰਚਾਰਜ਼ ਥੀਏਟਰ ਅਤੇ ਟੀਵੀ ਵਿਭਾਗ ਡਾ. ਜਸਪਾਲ ਦਿਉਲ ਤੋਂ ਇਲਾਵਾ ਵਿਭਾਗ ਵੱਲੋਂ ਵਿਸ਼ੇਸ ਲੈਕਚਰ ਲਈ ਬੁਲਾਏ ਗਏ ਡਾ. ਜਸਬੀਰ ਚਾਵਲਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨੀ 14 ਦਿਸੰਬਰ 2018 ਤਕ ਜ਼ਾਰੀ ਰਹਿਣੀ ਹੈ।

Leave a Reply

Your email address will not be published. Required fields are marked *