ਕੈਦੀਆਂ ਦੇ ਸੁਧਾਰ ਅਤੇ ਪੁਨਰਵਾਸ ਲਈ ਯਤਨ ਕੀਤਾ ਜਾਣ : ਐਮ.ਕੇ. ਤਿਵਾੜੀ
ਲੀਗਲ ਏਡ ਫਰੇਮਵਰਕ ਇੰਨ ਪ੍ਰਿਜ਼ਨ ਐਡਮਨਿਸਟ੍ਰੇਸ਼ਨ ਵਿਸ਼ੇ ‘ਤੇ ਜੇਲ੍ਹ ਵਿਭਾਗ ਨੇ ਕਰਵਾਈ ਕਾਨਫ਼ਰੰਸ
ਪਟਿਆਲਾ, 28 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਵੱਲੋਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਦੋ ਰੋਜ਼ਾ “ਲੀਗਲ ਏਡ ਫਰੇਮਵਰਕ ਇੰਨ ਪ੍ਰਿਜ਼ਨ ਐਡਮਨਿਸਟ੍ਰੇਸ਼ਨ” ਵਿਸ਼ੇ ‘ਤੇ ਕਰਵਾਈ ਜਾ ਰਹੀ ਕਾਨਫ਼ਰੰਸ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡੀ.ਜੀ.ਪੀ. (ਪ੍ਰਬੰਧਕੀ) ਅਤੇ ਐਮ.ਡੀ. ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਚੰਡੀਗੜ੍ਹ ਸ੍ਰੀ ਐਮ.ਕੇ. ਤਿਵਾੜੀ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਲ੍ਹਾਂ ਵਿੱਚ ਸਾਨੂੰ ਮਨੁੱਖਤਾਵਾਦੀ ਸੋਚ ਅਪਣਾਉਣੀ ਚਾਹੀਦੀ ਹੈ, ਜਿਸ ਨਾਲ ਕੈਦੀਆਂ ਦਾ ਸੁਧਾਰ ਅਤੇ ਪੁਨਰਵਾਸ ਨਿਸ਼ਚਿਤ ਕੀਤਾ ਜਾ ਸਕੇ।
ਸ੍ਰੀ ਐਮ.ਕੇ. ਤਿਵਾੜੀ ਨੇ ਪੰਜਾਬ ਜੇਲ੍ਹ ਵਿਭਾਗ ਵਿੱਚ ਨਵਨਿਯੁਕਤ ਡਿਪਟੀ ਸੁਪਰਡੈਂਟ ਅਤੇ ਸਹਾਇਕ ਸੁਪਰਡੈਂਟ ਦੀਆਂ ਨਿਯੁਕਤੀਆਂ ‘ਤੇ ਖੁਸ਼ੀ ਪ੍ਰਗਟਾਈ ਅਤੇ ਉਮੀਦ ਜਤਾਈ ਕਿ ਇਨ੍ਹਾਂ ਨਵੇਂ ਅਫ਼ਸਰਾਂ ਦੇ ਆਉਣ ਨਾਲ ਜੇਲ੍ਹ ਵਿਭਾਗ ਦੀ ਕਾਰਗੁਜ਼ਾਰੀ ਅਤੇ ਪ੍ਰਬੰਧਕੀ ਕਾਰਜਾਂ ਵਿੱਚ ਤੇਜ਼ੀ ਆਵੇਗੀ ਜਿਸ ਨਾਲ ਤਕਨੀਕ ਅਤੇ ਸੂਚਨਾ ਤਕਨਾਲੋਜੀ ਦਾ ਜੇਲ੍ਹ ਵਿਭਾਗ ਵਿੱਚ ਉਪਯੋਗ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਇਸ ਕਾਨਫ਼ਰੰਸ ਵਿੱਚ ਲੀਗਲ ਏਡ ਨਾਲ ਸਬੰਧਿਤ ਵਿਸ਼ਿਆਂ ‘ਤੇ ਗੱਲਬਾਤ ਕੀਤੀ ਗਈ ਅਤੇ ਕਾਨੂੰਨ ਦੇ ਮਾਹਰਾਂ ਵੱਲੋਂ ਆਪਣੇ ਤਜਰਬੇ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਜੋ ਜੇਲ੍ਹ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਬਹੁਤ ਲਾਭਦਾਇਕ ਹੋਵੇਗੀ।
ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਦੇ ਵਾਇਸ ਪ੍ਰਿੰਸੀਪਲ ਸ੍ਰੀ ਆਰ.ਕੇ. ਸ਼ਰਮਾ ਨੇ ਕਿਹਾ ਕਿ ਇਸ ਕਾਨਫ਼ਰੰਸ ਵਿੱਚ ਕਾਨੂੰਨੀ ਮਾਹਰਾਂ ਵੱਲੋਂ ਲੀਗਲ ਏਡ ਤੇ ਦਿੱਤੀ ਗਈ ਜਾਣਕਾਰੀ ਨਾਲ ਜੇਲ੍ਹ ਅਧਿਕਾਰੀ ਜੇਲ੍ਹ ਪ੍ਰਬੰਧਾ ਨੂੰ ਹੋਰ ਵਧੀਆ ਤਰੀਕੇ ਨਾਲ ਚਲਾ ਸਕਦੇ ਹਨ। ਇਸ ਕਾਨਫ਼ਰੰਸ ਵਿੱਚ ਮੰਚ ਦਾ ਸੰਚਾਲਨ ਸ੍ਰੀ ਮੁਕੇਸ਼ ਕੁਮਾਰ ਸ਼ਰਮਾ ਸਹਾਇਕ ਸੁਪਰਡੈਂਟ ਵੱਲੋਂ ਕੀਤਾ ਗਿਆ।
ਇਸ ਮੌਕੇ ਏ.ਡੀ.ਜੀ.ਪੀ. (ਰਿਟਾ:) ਪੰਜਾਬ ਸ੍ਰੀ ਈਸ਼ਵਰ ਚੰਦਰ ਸ਼ਰਮਾ ਅਤੇ ਸੀਨੀਅਰ ਪ੍ਰੋਗਰਾਮ ਅਫ਼ਸਰ, ਪ੍ਰਿਜ਼ਨ ਰਿਫਾਰਮਸ, ਕਾਮਨਵੈਲਥ ਹਿਊਮਨ ਰਾਇਟਸ ਇਨੀਸਿਏਟਿਵ ਨਵੀਂ ਦਿੱਲੀ ਮਿਸ ਸੁਗੰਧਾ ਸੰਕਰ ਵੱਲੋਂ ਇਸ ਕਾਨਫ਼ਰੰਸ ਵਿੱਚ ਬਤੌਰ ਰਿਸੋਰਸ ਪਰਸਨ ਸ਼ਿਰਕਤ ਕੀਤੀ ਗਈ।
ਇਸ ਮੌਕੇ ਸੁਪਰਡੈਂਟ ਕੇਂਦਰੀ ਜੇਲ੍ਹ-ਕਮ-ਪ੍ਰਿੰਸੀਪਲ ਪੀ.ਜੇ.ਟੀ.ਐਸ. ਪਟਿਆਲਾ ਸ੍ਰੀ ਰਾਜਨ ਕਪੂਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

