ਸਾਂਝੇ ਮੋਰਚੇ ਦੀ ਭੁੱਖ ਹੜਤਾਲ ਤੇ ਡੱਟੇ ਫੈਡਰੇਸ਼ਨ ਦੇ ਕਾਮੇ
ਪਟਿਆਲਾ, 28 ਨਵੰਬਰ (ਮਧੂਸਾਰ ਬਿਊਰੋ) ਲਗਭਗ ਇੱਕ ਸਾਲ ਤੋਂ ਸਰਕਾਰੀ ਸਿੱਖਿਆ ਬਚਾਉਣ ਲਈ ਜੂਝ ਰਹੀਆਂ ਅਧਿਆਪਕ ਜੱਥੇਬੰਦੀਆਂ ਦੀ ਜਿੱਥੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1406/22-ਬੀ ਵੱਲੋਂ ਜਿੱਥੇ ਸ਼ੁਰੂ ਤੋਂ ਹੀ ਡਟਵੀ ਹਮਾਇਤ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਹਰੇਕ ਸੰਘਰਸ਼ ਵਿੱਚ ਫੈਡਰੇਸ਼ਨ ਵੱਲੋਂ ਆਪਣਾ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ।
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਜਿਲ੍ਹਾ ਪਟਿਆਲਾ ਨੇ ਅਹਿਮ ਫੈਸਲਾ ਕਰਦਿਆਂ 29 ਨਵੰਬਰ ਨੂੰ ਸਾਂਝੇ ਅਧਿਆਪਕ ਮੋਰਚੇ ਦੀ ਹਮਾਇਤ ਤੇ ਜਿੱਥੇ ਫੈਡਰੇਸ਼ਨ ਨਾਲ ਸਬੰਧਤ ਮੁਲਾਜਮ 24 ਘੰਟੇ ਦੀ ਭੁੱਖ ਹੜਤਾਲ ਤੇ ਬੈਠਣਗੇ ਉੱਥੇ ਸੈਂਕੜੇ ਸਾਥੀ 24 ਘੰਟੇ ਇਸ ਮੌਰਚੇ ਵਿੱਚ ਆਪਣਾ ਭਰਵਾਂ ਯੋਗਦਾਨ ਪਾਉਣਗੇ। ਜੱਥੇਬੰਦੀ ਦੇ ਆਗੂਆਂ ਦਰਸ਼ਨ ਬੇਲੂਮਾਜਰਾ, ਬਲਬੀਰ ਸਿੰਘ ਮੰਡੋਲੀ, ਛੱਜੂ ਰਾਮ, ਚਮਕੌਰ ਸਿੰਘ ਨੇ ਕਿਹਾ ਕਿ ਮੋਰਚੇ ਦੇ ਕੈਂਪਸ ਵਿੱਚ ਫੈਡਰੇਸ਼ਨ ਨਾਲ ਸਬੰਧਤ ਜੱਥੇਬੰਦੀਆਂ ਆਪਣੀ ਮੀਟਿੰਗ ਕਰਕੇ 2 ਦਸੰਬਰ ਦੇ ਸੰਘਰਸ਼ ‘ਚ ਆਪਣੀ ਭਰਵੀ ਸ਼ਮੂਲੀਅਤ ਕਰਨ ਲਈ ਵੀ ਸਾਥੀਆਂ ਦੀ ਵੰਡ ਕੀਤੀ ਜਾਵੇਗੀ। ਜੱਥੇਬੰਦੀ ਦੇ ਆਗੂਆਂ ਕਿਸ਼ਨ ਕਲਵਾਣੂ, ਜਸਵੀਰ ਖੋਖਰ, ਜਸਵਿੰਦਰ ਸੌਜਾ, ਬਲਵਿੰਦਰ ਸਿੰਘ ਮੰਡੋਲੀ ਨੇ ਕਿਹਾ ਕਿ ਸਰਕਾਰ ਜਿੱਥੇ ਅਧਿਆਪਕਾਂ ਦੀਆਂ ਮੰਗਾਂ ਮੰਨਣ ਤੋਂ ਆਨਾ ਕਾਨੀ ਕਰ ਰਹੀ ਹੈ ਉੱਥੇ ਅਧਿਆਪਕਾਂ ਦੇ ਤਸੱਦਦ ਢਾਇਆ ਜਾ ਰਿਹਾ ਹੈ। ਪਰ ਸਰਕਾਰ ਇਹ ਭੁਲੇਖੇ ਦਾ ਸ਼ਿਕਾਰ ਹੈ ਕਿ ਪੰਜਾਬ ਦੇ ਲੋਕ ਨਾ ਹੀ ਪਹਿਲਾਂ ਕਦੇ ਡਰੇ ਹਨ ਅਤੇ ਨਾ ਹੀ ਹੁਣ ਡਰਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਲਹੂ ਵੀਟਵੇ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਮੁਲਾਜਮਾਂ ਦੀਆਂ ਮੰਗਾਂ ਇੱਕ-ਇੱਕ ਕਰਕੇ ਖਤਮ ਕਰਨ ਜਾ ਰਹੀ ਹੈ ਉੱਥੇ ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਪਬਲਿਕ ਸੈਕਟਰ ਦੇ ਅਦਾਰਿਆ ਨੂੰ ਬੰਦ ਕਰਨ ਜਾ ਰਹੀ ਹੈ। ਪੰਜਾਬ ਦੇ ਕਿਰਤੀ ਲੋਕ ਸਰਕਾਰ ਦੇ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ 2 ਦਸੰਬਰ ਦੇ ਸੰਘਰਸ਼ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਹ ਸੰਘਰਸ਼ ਜਿੱਥੇ ਸਰਕਾਰ ਨੂੰ ਅਧਿਆਪਕਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰੇਗਾ ਉੱਥੇ ਕਿਰਤੀ ਲੋਕਾਂ ਦੀ ਸਾਂਝੀ ਵਾਰਤਾ ਦਾ ਵੀ ਅਹਿਮ ਸੁਨੇਹਾ ਦੇ ਕੇ ਜਾਵੇਗਾ। ਕਿਉਂਕਿ 2 ਦਸੰਬਰ ਨੂੰ ਪੰਜਾਬ ਦੀਆਂ ਸਮੁੱਚੀਆਂ ਲੋਕ ਹਿਤਾਇਸ਼ੀ ਜੱਥੇਬੰਦੀਆਂ ਇਸ ਸੰਘਰਸ਼ ਵਿੱਚ ਵਹੀਰਾ ਘੱਤ ਕੇ ਸ਼ਾਮਲ ਹੋ ਰਹੀਆਂ ਹਨ।

