ਪਟਿਆਲਾ

‘ਨਵੀਨਤਾ ਦੀ ਪਰੰਪਰਾ ਅਤੇ ਪਰੰਪਰਾ ਦੀ ਨਵੀਨਤਾ: ਪੰਜਾਬੀ ਸਾਹਿਤ’ ਵਿਸ਼ੇ ਉੱਪਰ ਦੋ ਰੋਜ਼ਾ ਸੈਮੀਨਾਰ

ਪਟਿਆਲਾ 30 ਨਵੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਨਵੀਨਤਾ ਦੀ ਪਰੰਪਰਾ ਅਤੇ ਪਰੰਪਰਾ ਦੀ ਨਵੀਨਤਾ: ਪੰਜਾਬੀ ਸਾਹਿਤ’ ਵਿਸ਼ੇ ਉੱਪਰ ਇਕ ਦੋ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਸੈਮੀਨਾਰ ਦੇ ਪਹਿਲੇ ਦਿਨ ਸੈਨੇਟ ਹਾਲ ਵਿਖੇ ਹੋਏ ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਕਿਹਾ ਗਿਆ ਕਿ ਭਾਵੇਂ ਕਿਸੇ ਪੜਾਅ ਤੇ ਪਰੰਪਰਾ ਅਤੇ ਨਵੀਨਤਾ ਦੇ ਸੰਕਲਪ ਆਪਸ ਵਿਚ ਵਿਰੋਧੀ ਨਜ਼ਰ ਆਉਂਦੇ ਹਨ ਪਰ ਅਸਲ ਵਿਚ ਇਨ੍ਹਾਂ ਦੋਹਾਂ ਦਾ ਆਪਸ ਵਿਚ ਬੇਹੱਦ ਗੂੜ੍ਹਾ ਸੰਬੰਧ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਪਰੰਪਰਾ ਅਤੇ ਨਵੀਨਤਾ ਦੇ ਇਕ ਚੰਗੇ ਸੁਮੇਲ ਦੀ ਲੋੜ ਹੈ। ਉਨ੍ਹਾਂ ਵੱਲੋਂ ਜਿੱਥੇ ਚੰਗੀ ਪਰੰਪਰਾ ਨੂੰ ਅਪਨਾਏ ਰੱਖਣ ਦੀ ਲੋੜ ਬਾਰੇ ਜ਼ੋਰ ਦਿੱਤਾ ਗਿਆ ਉੱਥੇ ਹੀ ਸਮਾਜ ਨੂੰ ਪਿੱਛੇ ਵੱਲ ਧੱਕਣ ਵਾਲੀਆਂ ਅਤੇ ਮਨੁੱਖਤਾ ਦੇ ਵਿਕਾਸ ਵਿਚ ਰੋੜਾ ਬਣਨ ਵਾਲੀਆਂ ਘਿਸੀਆਂ ਪਰੰਪਰਾਵਾਂ ਛੱਡ ਦੇਣ ਲਈ ਵੀ ਕਿਹਾ ਗਿਆ।
ਉਦਘਾਟਨੀ ਸੈਸ਼ਨ ਦੇ ਆਰੰਭ ਵਿਚ ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਅਤੇ ਡਾਇਰੈਕਟਰ ਮਨੁੱਖੀ ਸ਼ਰੋਤ ਵਿਕਾਸ ਕੇਂਦਰ ਡਾ. ਯੋਗਰਾਜ ਵੱਲੋਂ ਸੈਮੀਨਾਰ ਦੇ ਵਿਸ਼ੇ ਨਾਲ ਮੁੱਢਲੀ ਜਾਣ ਪਛਾਣ ਕਰਵਾਈ ਗਈ ਅਤੇ ਸਾਹਿਤ ਅਕਾਦਮੀ ਵੱਲੋਂ ਪਹੁੰਚੇ ਵਿਦਵਾਨ ਸ਼੍ਰੀ ਕੁਮਾਰ ਅਨੁਪਮ ਵੱਲੋਂ ਇਸ ਵਿਸ਼ੇ ਨੂੰ ਵਿਸਥਾਰ ਦਿੱਤਾ ਗਿਆ। ਪ੍ਰਸਿੱਧ ਕਵੀ ਅਤੇ ਚਿੰਤਕ ਡਾ. ਮਨਮੋਹਨ, ਜੋ ਕਿ ਭਾਰਤੀ ਸਾਹਿਤ ਅਕਾਦਮੀ ਵੱਲੋਂ ਇਸ ਸੈਮੀਨਾਰ ਦੇ ਕੋਆਰਡੀਨੇਟਰ ਸਨ, ਵੱਲੋਂ ਸੈਮੀਨਾਰ ਦੇ ਇਸ ਵਿਸ਼ੇ ਦੀਆਂ ਕੁੱਝ ਪਰਤਾਂ ਫਰੋਲੀਆਂ ਗਈਆਂ ਜਦੋਂ ਕਿ ਮੁੱਖ ਕੁੰਜੀਵਤ ਭਾਸ਼ਣ ਡਾ. ਸਚਿਨ ਕੇਤਕਰ ਵਲੋਂ ਦਿੱਤਾ ਗਿਆ। ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕੇਤਕਰ ਵੱਲੋਂ ਪਰੰਪਰਾ, ਆਧੁਨਿਕਤਾ ਅਤੇ ਉੱਤਰ-ਆਧੁਨਿਕਤਾ ਬਾਰੇ ਪੱਛਮੀ ਅਤੇ ਭਾਰਤੀ ਵਿਦਵਾਨਾਂ ਦੇ ਹਵਾਲੇ ਦੇ ਕੇ ਵਿਸਥਾਰ ਪੂਰਵਕ ਇਸ ਵਿਸ਼ੇ ਬਾਰੇ ਸਮਝਾਇਆ ਗਿਆ।
ਭਾਰਤੀ ਸਾਹਿਤ ਅਕਾਦਮੀ ਦੀ ਗਵਰਨਿੰਗ ਕੌਂਸਲ ਅਤੇ ਪੰਜਾਬੀ ਸਲਾਹਕਾਰ ਬੋਰਡ ਦੇ ਮੈਂਬਰ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਵਿਚਾਰ ਪ੍ਰਗਟਾਉਂਦਿਆਂ ਕਿਹਾ ਗਿਆ ਕਿ ਸਾਹਿਤ ਅਕਾਦਮੀ ਵੱਲੋਂ ਇਸ ਨਿਵੇਕਲੇ ਵਿਸ਼ੇ ਉੱਪਰ ਸੈਮੀਨਾਰ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਨੂੰ ਇਸੇ ਲਈ ਚੁਣਿਆ ਗਿਆ ਕਿਉਂਕਿ ਇਸ ਯੂਨੀਵਰਸਿਟੀ ਦੀ ਅਕਾਦਮਿਕ ਸਮਰਥਾ ਸੰਬੰਧੀ ਕਿਸੇ ਵੀ ਕਿਸਮ ਦਾ ਕੋਈ ਸੰਦੇਹ ਨਹੀਂ ਹੈ।
ਅੰਤ ਵਿਚ ਭਾਰਤੀ ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੀ ਕਨਵੀਨਰ ਡਾ. ਵਨੀਤਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *