ਪੰਜਾਬਪਟਿਆਲਾ

ਸਾਂਝਾ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਤੇ ਸਰਕਾਰ ਦਾ ਪੁਤਲਾ ਸਾੜਿਆ

ਪਟਿਆਲਾ, 12 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) : ਪੰਜਾਬ ਦੇ ਅਧਿਆਪਕ ਮਹਿਜ ਇਕ ਮਹੀਨੇ ਬਾਅਦ ਹੀ ਮੁੜ ਸੰਘਰਸ਼ ਦੇ ਰਾਹ ਤੁਰ ਪਏ ਹਨ। ਇਸ ਤੋਂ ਪਹਿਲਾਂ ਉਹ ਲੰਬਾ ਸਮਾਂ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਰੱਖ ਚੁੱਕੇ ਹਨ। ਸਾਂਝਾ ਅਧਿਆਪਕ ਮੋਰਚਾ ਨੇ ਅੱਜ ਇਥੇ ਸਿੱਖਿਆ ਮੰਤਰੀ ‘ਤੇ ਪਟਿਆਲਾ ਸ਼ਹਿਰ ‘ਚ ਅਧਿਆਪਕਾਂ ਦੇ ਪੱਕੇ ਧਰਨੇ ਦੇ 56ਵੇਂ ਦਿਨ ਕੀਤੇ ਸਾਰੇ ਐਲਾਨਾਂ ਤੋਂ ਪਿੱਛੇ ਹਟਦਿਆਂ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਅਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਇਆ ਹੈ।

ਉਨ੍ਹਾਂ ਕਿਹਾ ਕਿ ਕਰੀਬ ਸਵਾ ਮਹੀਨਾ ਬੀਤਣ ਦੇ ਬਾਵਜੂਦ ਜਨਤਕ ਰੂਪ ਵਿੱਚ ਕੀਤੇ ਐਲਾਨਾਂ ਨੂੰ ਪੂਰਾ ਨਾ ਕਰਕੇ ਅਤੇ ਐੱਸ.ਐੱਸ.ਏ ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਵਾਉਣ ਲਈ ਆਨਲਾਈਨ ਪੋਰਟਲ ਫਿਰ ਤੋਂ ਖੋਲ੍ਹਣ ਦੇ ਰੋਸ ਵਜੋਂ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਮੋਰਚੇ ਦੇ ਸੂਬਾਈ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੂਬਾ ਕੋ-ਕਨਵੀਨਰਾਂ ਹਰਦੀਪ ਸਿੰਘ ਟੋਡਰਪੁਰ, ਕਰਮਿੰਦਰ ਸਿੰਘ ਅਤੇ ਅਧਿਆਪਕ ਆਗੂਆਂ ਵਿਕਰਮ ਦੇਵ ਸਿੰਘ, ਅਤਿੰਦਰਪਾਲ ਘੱਗਾ, ਪਰਮਵੀਰ ਸਿੰਘ ਅਤੇ ਅਮਿਤਇੰਦਰ ਸਿੰਘ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇੜੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਪੁਤਲਾ ਸਾੜਿਆ। ਅਧਿਆਪਕਾਂ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ, ਕਿਸਾਨਾਂ ਅਤੇ ਹੋਰਨਾਂ ਜਨਤਕ ਜਥੇਬੰਦੀਆਂ ਨੂੰ ਨਾਲ ਲੈਂਦਿਆਂ 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ‘ਚ ਵਿਸ਼ਾਲ ਸੂਬਾਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਪਟਿਆਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 7 ਮਹੀਨਿਆਂ ਦੀ ਰੁਕੀਆਂ ਆਪਣੀਆਂ ਤਨਖਾਹਾਂ ਨੂੰ ਅੱਜ ਲੋਹੜੀ ਦੇ ਰੂਪ ਵਿੱਚ ਮੰਗਣ ਜਾਣ ਦਾ ਐਲਾਨ ਵੀ ਕੀਤਾ। ਵੱਖ-ਵੱਖ ਅਧਿਆਪਕ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅਧਿਆਪਕਾਂ ਦੇ ‘ਪੱਕੇ ਮੋਰਚੇ’ ਵਿੱਚ 1 ਦਸੰਬਰ ਨੂੰ ਪਹੁੰਚ ਕੇ ਜਨਤਕ ਤੌਰ ‘ਤੇ ਕੀਤੇ ਐਲਾਨ ਅਤੇ ਭਰੋਸੇ ਦਿੱਤੇ ਗਏ ਸਨ, ਜਿਸ ਉਪਰੰਤ ਮੋਰਚੇ ਵੱਲੋਂ ਗੱਲਬਾਤ ਦਾ ਰਾਹ ਅਖਤਿਆਰ ਕਰਕੇ ਸੰਘਰਸ਼ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਆਗੂਆਂ ਨੇ ਦੱਸਿਆ ਕਿ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਕੇ ਆਮ ਲੋਕਾਂ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਸਿੱਖਿਆ ਮੰਤਰੀ ਵਰਗੇ ਅਹਿਮ ਅਹੁਦੇ ਦੀ ਭਰੋਸੇਯੋਗਤਾ ਨੂੰ ਗਹਿਰੀ ਸੱਟ ਲੱਗੀ ਹੈ, ਜਿਸ ਕਾਰਨ ਅਧਿਆਪਕ ਵਰਗ ਵਿੱਚ ਸਖਤ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਸਿੱਖਿਆ ਮੰਤਰੀ ਵੱਲੋਂ ਕੀਤੇ ਐਲਾਨ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਹਰੇਕ ਪ੍ਰਕਾਰ ਦੀਆਂਵਿਕਟੇਮਾਈਜੇਸ਼ਨਾਂ ਸਮੇਤ ਬਰਖਾਸਤਗੀਆਂ, ਮੁਅੱਤਲੀਆਂ, ਸੈਂਕੜੇ ਕਿਲੋਮੀਟਰ ਦੂਰ ਜਬਰੀ ਕੀਤੀਆਂ ਬਦਲੀਆਂ ਤੇ ਆਰਜ਼ੀ ਪ੍ਰਬੰਧ ਫੌਰੀ ਰੱਦ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਹਾਲੇ ਤੱਕ ਵਾਪਸ ਪਿੱਤਰੀ ਸਕੂਲਾਂ ਵਿੱਚ ਨਹੀਂ ਭੇਜਿਆ ਗਿਆ ਸਗੋਂ ਸੈਂਕੜੇ ਸੰਘਰਸ਼ੀ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਡਰ ਦਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੀਤੇ ਐਲਾਨ ਅਨੁਸਾਰ 8886 ਐੱਸ.ਐੱਸ.ਏ, ਰਮਸਾ, ਆਦਰਸ਼ ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਵਿੱਚ 65% ਤੋਂ 75% ਤਨਖਾਹ ਕਟੌਤੀ ਦੇ ਮੁੱਦੇ ਨੂੰ ਰੀਵਿਊ ਕਰਕੇ ਹੱਲ ਕਰਨ ਸਮੇਤ ਜਾਮ ਕੀਤੇ ਮਹਿੰਗਾਈ ਭੱਤੇ, ਤਿੰਨ ਸਾਲਾਂ ਤੋਂ ਲਟਕਾਈ ਤਨਖਾਹ ਕਮਿਸ਼ਨ ਦੀ ਰਿਪੋਰਟ, ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਕਰਨ ਵਰਗੇ ਅਹਿਮ ਮੁੱਦਿਆਂ ਦਾ ਵਾਜਬ ਹੱਲ ਕੱਢਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਬਜਾਏ ਐੱਸ.ਐੱਸ.ਏ ਰਮਸਾ ਅਧਿਆਪਕਾਂ ਨੂੰ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਿਆਂ 7 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਤੋਂ ਵੀ ਲਗਾਤਾਰ ਹੱਥ ਪਿੱਛੇ ਖਿੱਚੇ ਜਾ ਰਹੇ ਹਨ। ਸਿੱਖਿਆ ਵਿਭਾਗ ਵਿੱਚਲੇ ਮਾਸਟਰ ਕਾਡਰ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਕੇ 1 ਜਨਵਰੀ 2019 ਤੋਂ ਪੂਰਾ ਤਨਖਾਹ ਸਕੇਲ ਦੇਣ ਦੇ ਐਲਾਨ ਨੂੰ ਪੂਰਾ ਕਰਨ ਦੀ ਥਾਂ ਨਿਗੁਣੀਆਂ ਤਨਖਾਹਾਂ ”ਤੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਮੌਕੇ ਐੱਸ.ਐੱਸ.ਏ, ਰਮਸਾ ਨਾਨ ਟੀਚਿੰਗ ਯੂਨੀਅਨ ਤੋਂ ਹਰਦੇਵ ਸਿੰਘ ਤੋਂ ਇਲਾਵਾ ਭਰਤ ਕੁਮਾਰ, ਹਰਵਿੰਦਰ ਰੱਖੜਾ, ਰਾਮਸ਼ਰਨ ਨਾਭਾ, ਜਗਦੀਪ ਸਿੰਘ, ਮਨੋਜ ਕੁਮਾਰ, ਗਗਨ ਰਾਣੂ, ਕਰਮਜੀਤ ਸਿੰਘ ਨਾਭਾ, ਮਨਦੀਪ ਕੌਰ ਟੋਡਰਪੁਰ, ਮਨਪ੍ਰੀਤ ਕੌਰ, ਸੋਨੀਆ ਪਟਿਆਲਾ, ਰਾਜਿੰਦਰ ਸਮਾਣਾ, ਹਰਵੀਰ ਕੌਰ ਅਤੇ ਅਮਨਪ੍ਰੀਤ ਕੌਰ ਆਦਿ ਵੀ ਮੌਜੂਦ ਰਹੇ।

Leave a Reply

Your email address will not be published. Required fields are marked *