ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਇਨਸਾਫ ਮਾਰਚ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਪਟਿਆਲਾ 5 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਦੀ ਕਿਸਾਨੀ, ਨੋਜਵਾਨੀ, ਵਪਾਰੀਆਂ, ਕਰਮਚਾਰੀਆਂ ਅਤੇ ਬਰਗਾੜੀ ਮੋਰਚੇ ਦਾ ਇਨਸਾਫ ਲੈਣ ਲਈ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਹੋਣ ਵਾਲੇ ਪੈਦਲ ਇਨਸਾਫ ਮਾਰਚ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਚਲ ਰਹੀਆਂ ਹਨ।ਤਿਆਰੀਆਂ ਸੰਬੰਧੀ ਗੱਲਬਾਤ ਕਰਨ ਲਈ ਟੀਮ ਖਹਿਰਾ ਨਾਲ ਮੀਡੀਆ ਅਤੇ ਸ਼ੋਸ਼ਲ ਮੀਡੀਆ ਵਿੱਚ ਕੰਮ ਕਰ ਰਹੇ ਸੀਨੀਅਰ ਮੈਂਬਰ ਸੰਦੀਪ ਬੰਧੂ ਅਤੇ ਅਕੀ ਗਿਲ ਨੇ ਸੁਖਪਾਲ ਖਹਿਰਾ ਨਾਲ ਮੁਲਾਕਾਤ ਕੀਤੀ।
ਜਾਣਕਾਰੀ ਦਿੰਦਿਆਂ ਹੋਇਆ ਸੰਦੀਪ ਬੰਧੂ ਨੇ ਕਿਹਾ ਕਿ ਇਨਸਾਫ ਮਾਰਚ ਜੋ ਕਿ ਪੈਦਲ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ 8 ਦਸੰਬਰ ਤੋਂ 16 ਦਸੰਬਰ ਤੱਕ ਹੋਣਾ ਹੈ। ਉਸ ਸੰਬੰਧੀ ਤਿਆਰੀਆਂ ਪੂਰੇ ਜੋਰਾਂ ਤੇ ਚਲ ਰਹੀਆਂ ਹਨ। ਪੰਜਾਬ ਦੇ ਆਮ ਲੋਕਾਂ ਵਿੱਚ ਇਸ ਇਨਸਾਫ ਮਾਰਚ ਨੂੰ ਲੈਕੇ ਕਾਫੀ ਭਰਵਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਲੋਕ 8 ਦਸੰਬਰ ਨੂੰ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਵਲੋਂ ਸੁਖਪਾਲ ਖਹਿਰਾ ਜੀ ਨੂੰ ਸ਼ੋਸ਼ਲ ਮੀਡੀਆ ਅਤੇ ਗਰਾਊਂਡ ਲੈਵਲ ਤੇ ਜੋ ਵੀ ਇਨਸਾਫ ਮਾਰਚ ਨੂੰ ਲੈ ਕੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕੀਤਾ ਜਾ ਰਿਹਾ ਹੈ। ਉਸ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰਾਂ ਸ਼ੋਸ਼ਲ ਮੀਡੀਆ ਉਪਰ ਲਗਾਤਾਰ ਆਮ ਲੋਕਾਂ ਨੂੰ ਇਨਸਾਫ ਮਾਰਚ ਬਾਰੇ ਜਾਗਰੂਕ ਕਰਕੇ ਮਾਰਚ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਗਰਾਊਂਡ ਲੈਵਲ ਤੇ ਵੀ ਫਲੈਕਸ ਬੋਰਡਾਂ ਅਤੇ ਪੋਸਟਰਾਂ ਦੇ ਨਾਲ ਇਨਸਾਫ ਮਾਰਚ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹ ਇਹਨਾਂ ਸਾਰੀਆਂ ਤਿਆਰੀਆਂ ਤੋਂ ਸੰਤੁਸ਼ਟ ਨਜ਼ਰ ਆਏ।
ਸੰਦੀਪ ਬੰਧੂ ਨੇ ਕਿਹਾ ਕਿ ਸੁਖਪਾਲ ਖਹਿਰਾ ਜੀ ਨੇ ਦੱਸਿਆ ਕਿ ਉਹ 6 ਦਸੰਬਰ ਨੂੰ ਜਿਲ੍ਹਾ ਪਟਿਆਲਾ ਵਿਖੇ ਪਹੁੰਚ ਰਹੇ ਹਨ। ਸੁਖਪਾਲ ਖਹਿਰਾ ਜੀ ਅਤੇ ਪਟਿਆਲਾ ਤੋਂ ਲੋਕਸਭਾ ਮੈਂਬਰ ਅਤੇ ਪੰਜਾਬ ਮੰਚ ਦੇ ਆਗੂ ਡਾ: ਧਰਮਵੀਰ ਗਾਂਧੀ ਜੀ ਵਲੋਂ ਸਾਂਝੇ ਤੌਰ ਤੇ ਇਨਸਾਫ ਮਾਰਚ ਦੀਆਂ ਤਿਆਰੀਆਂ ਸੰਬੰਧੀ ਆਮ ਲੋਕਾਂ ਨਾਲ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਹਲਕਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। 6 ਦਸੰਬਰ ਨੂੰ ਹਲਕਾ ਨਾਭਾ ਦੇ ਬੋੜਾਂ ਗੇਟ ਵਿਖੇ 9-30 ਵਜੇ ਸਵੇਰੇ, ਪਿੰਡ ਅਗੌਲ ਵਿੱਚ 10-45 ਵਜੇ ਸਵੇਰੇ, ਹਲਕਾ ਸਮਾਣਾ ਦੇ ਪਿੰਡ ਲਲੋਛੀ ਵਿਖੇ 12-30 ਵਜੇ ਦੁਪਹਿਰ, ਹਲਕਾ ਸ਼ੁਤਰਾਣਾ ਦੇ ਪਿੰਡ ਕਕਰਾਲਾ ਵਿਖੇ 2-30 ਵਜੇ ਦੁਪਹਿਰ ਨੂੰ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਕੇ ਉਹਨਾਂ ਨੂੰ ਇਨਸਾਫ ਮਾਰਚ ਬਾਰੇ ਜਾਣੂ ਕਰਵਾਉਣਗੇ ਅਤੇ ਉਹਨਾਂ ਨੂੰ ਮਾਰਚ ਵਿੱਚ ਸ਼ਾਮਿਲ ਹੋਣ ਬਾਰੇ ਬੇਨਤੀ ਕਰਣਗੇ।
ਸੰਦੀਪ ਬੰਧੂ ਨੇ ਕਿਹਾ ਕਿ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਣੇ ਪੰਜਾਬ ਨੂੰ ਇਹਨਾਂ ਲੋਟੂ ਪਾਰਟੀਆਂ ਦੇ ਸਿਕੰਜੇ ਵਿੱਚੋਂ ਛੁਡਵਾ ਕੇ ਦੁਬਾਰਾ ਹਰਾ ਭਰਾ ਤੇ ਰੰਗਲਾ ਪੰਜਾਬ ਬਣਾਉਣ ਲਈ ਮਿਲਕੇ ਕੰਮ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਵੱਡੀ ਗਿਣਤੀ ਵਿੱਚ ਇਨਸਾਫ ਮਾਰਚ ਵਿੱਚ ਸ਼ਾਮਲ ਹੋ ਕੇ ਇਸਨੂੰ ਸਫਲ ਬਣਾਉਣਾ ਚਾਹੀਦਾ ਹੈ।

