ਪੰਜਾਬਪਟਿਆਲਾ

ਰੋਜਗਾਰ ਦੇ ਮੁੱਦੇ ‘ਤੇ ‘ਆਪ’ ਯੂਥ ਨੇ ਵਰ੍ਹਦੇ ਮੀਂਹ ‘ਚ ਕੀਤਾ ਰੋਸ ਪ੍ਰਦਰਸ਼ਨ

ਕੈਪਟਨ ਸਰਕਾਰ ਨੇ ਨੌਜਵਾਨ ਵਰਗ ਨਾਲ ਕੀਤਾ ਸਭ ਤੋਂ ਵੱਡਾ ਧੋਖਾ-ਮੀਤ ਹੇਅਰ
ਘਰ-ਘਰ ਨੌਕਰੀ ਦਾ ਲਾਰਾ ਲਾਉਣ ਵਾਲੇ ਕੈਪਟਨ ਦੇ ਮੰਤਰੀ ਨੌਜਵਾਨਾਂ ਨਾਲ ਕਰ ਰਹੇ ਨੇ ਕੋਝਾ ਮਜ਼ਾਕ-ਮਨਜਿੰਦਰ ਸਿੰਘ ਸਿੱਧੂ
ਰੋਸ ਪ੍ਰਦਰਸ਼ਨ ‘ਚ ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ ਤੇ ਰੁਪਿੰਦਰ ਕੌਰ ਰੂਬੀ ਨੇ ਕੀਤੀ ਸ਼ਮੂਲੀਅਤ
ਪਟਿਆਲਾ, 12 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਬੇਰੁਜ਼ਗਾਰੀ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਵਚ ਵਰ੍ਹਦੇ ਮੀਂਹ ਦੌਰਾਨ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਵੱਲੋਂ ਆਯੋਜਿਤ ਇਸ ਰੋਸ ਧਰਨੇ ਅਤੇ ਰੋਸ ਮਾਰਚ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਰੁਪਿੰਦਰ ਕੌਰ ਰੂਬੀ, ਯੂਥ ਵਿੰਗ ਦੀ ਸੂਬਾ ਲੀਡਰਸ਼ਿਪ ਸਮੇਤ ਵੱਡੀ ਗਿਣਤੀ ‘ਚ ਨੌਜਵਾਨਾਂ ਅਤੇ ਵਲੰਟੀਅਰਾਂ ਨੇ ਹਿੱਸਾ ਲਿਆ। ਭਾਰੀ ਮੀਂਹ ‘ਚ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਨੇੜੇ ਇਕੱਠੇ ਹੋਏ ‘ਆਪ’ ਪ੍ਰਦਰਸ਼ਨਕਾਰੀਆਂ ਨੇ ਮਿਥੇ ਰੂਟ ਮੁਤਾਬਿਕ ‘ਮੋਤੀ ਮਹਿਲ’ ਵੱਲ ਕੂਚ ਕੀਤਾ, ਪਰੰਤੂ ਪਹਿਲਾਂ ਹੀ ਤਾਇਨਾਤ ਭਾਰੀ ਪੁਲਸ ਫੋਰਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਰਾਜੇਸ਼ ਕੁਮਾਰ ਨੇ ਅੱਗੇ ਆ ਕੇ ਮੈਮੋਰੰਡਮ ਲਿਆ।

ਮੰਗ ਪੱਤਰ ‘ਚ ਚੋਣ ਵਾਅਦੇ ਮੁਤਾਬਿਕ ਹਰ ਘਰ ਨੌਕਰੀ, ਨੌਜਵਾਨਾਂ ਨੂੰ ਮੋਬਾਈਲ ਫ਼ੋਨ, ਨੌਕਰੀ ਉਪਲਬਧ ਕਰਵਾਉਣ ਤੱਕ ਸਾਰੇ ਬੇਰੁਜ਼ਗਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਪ੍ਰੈਲ 2017 ਤੋਂ ਬਕਾਏ ਸਮੇਤ ਤੁਰੰਤ ਜਾਰੀ ਕਰਨ, ਖ਼ਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਤੁਰੰਤ ਰੈਗੂਲਰ ਆਧਾਰ ‘ਤੇ ਭਰਨ ਅਤੇ ਪੰਜਾਬ ‘ਚ ਅਪ੍ਰੈਟਿਸਿਜ਼ ਐਕਟ 1961 ਨੂੰ ਬਿਨਾਂ ਦੇਰੀ ਲਾਗੂ ਕਰਨ ਦੀ ਮੰਗ ਕੀਤੀ, ਜਿਸ ਤਹਿਤ ਸਰਕਾਰ ਵੱਲੋਂ ਨਿਯੁਕਤ ਟਰੇਨਰ ਉਦਯੋਗਿਕ ਖੇਤਰ ਦੇ ਕਾਰੀਗਰਾਂ ਅਤੇ ਮਜ਼ਦੂਰਾਂ ਨੂੰ ਨਵੀਂ-ਨਵੀਂ ਤਕਨੀਕ ਸਿਖਾ ਕੇ ਉਨ੍ਹਾਂ ਦੀ ਸਕਿੱਲ ਵਧਾਉਣ ਤਾਂ ਕਿ ਉਨ੍ਹਾਂ ਦੇ ਵੇਜ਼] ਅਪਗ੍ਰੇਡ ਹੁੰਦੇ ਰਹਿਣ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਕੰਧਾਂ ‘ਤੇ ਲਿਖ ਕੇ ਅਤੇ ਲਿਖਤੀ ਫਾਰਮ ਭਰਵਾ ਕੇ ਨੌਜਵਾਨਾਂ ਨਾਲ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪਰੰਤੂ ਨੌਜਵਾਨਾਂ ਨਾਲ ਕੀਤਾ ਉਹ ਵਾਅਦਾ ਧੋਖਾ ਸਾਬਤ ਹੋਇਆ। ਅੱਜ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਕੈਪਟਨ ਤੋਂ ਜਵਾਬ ਮੰਗ ਰਹੇ ਹਨ।
ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਨੌਜਵਾਨਾਂ ਨਾਲ ਵਾਅਦਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਇੱਕ ਨੌਕਰੀ ਦਿੱਤੀ ਹੈ ਉਹ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਓਵਰਏਜ ਹੋਏ ਪੋਤਰੇ ਨੂੰ ਦੇ ਦਿੱਤੀ। ਸਿੱਧੂ ਨੇ ਕੈਪਟਨ ਤੋਂ ਵਾਅਦੇ ਮੁਤਾਬਿਕ ਹਰੇਕ ਨੌਜਵਾਨਾਂ ਨੂੰ ਨੌਕਰੀ ਦੀ ਮੰਗ ਦੇ ਨਾਲ ਨਾਲ ਇਸ ਸੈਸ਼ਨ ਦੌਰਾਨ ਵਿਸ਼ੇਸ਼ ਬਿਲ ਲਿਆ ਕੇ ਉਨ੍ਹਾਂ ਨੌਜਵਾਨਾਂ ਲਈ ਉਮਰ ਦੀ ਸੀਮਾ ਵਧਾਉਣ ਦੀ ਮੰਗ ਕੀਤੀ ਜੋ ਸੜਕਾਂ ‘ਤੇ ਰੋਜ਼ਗਾਰ ਦੀ ਮੰਗ ਕਰਦੇ ਕਰਦੇ ਓਵਰਏਜ ਹੋ ਚੁੱਕੇ ਹਨ।
ਨੌਜਵਾਨ ਮਹਿਲਾ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ‘ਆਪ’ ਕੈਪਟਨ ਦਾ ਚੋਣ ਮੈਨੀਫੈਸਟੋ ਲੈ ਕੇ ਪਿੰਡ-ਪਿੰਡ ਜਾਵੇਗੀ ਅਤੇ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਕੈਪਟਨ ਅਤੇ ਇਸਦੇ ਮੰਤਰੀਆਂ ਤੋਂ ਹਿਸਾਬ ਮੰਗਣ ਲਈ ਲਾਮਬੰਦ ਕਰੇਗੀ ਜੋ ਹੁਣ ਰੋਜ਼ਗਾਰ ਦੇਣ ਦੀ ਥਾਂ ਨੌਜਵਾਨਾਂ ਦਾ ਮੂੰਗਫਲੀਆਂ ਵੇਚਣ ਤੇ ਕਬਾੜੀਆਂ ਨਾਲ ਤੁਲਨਾ ਕਰ ਕੇ ਕੋਝੇ ਮਜ਼ਾਕ ਕਰ ਰਹੇ ਹਨ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਹ ਇਸ ਸੈਸ਼ਨ ‘ਚ ਨੌਜਵਾਨਾਂ ਦੇ ਰੋਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਣਗੇ। ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਕਾਲਜਾਂ-ਯੂਨੀਵਰਸਿਟੀਆਂ ਦੇ ਪਲੇਸਮੈਂਟ ਪ੍ਰੋਗਰਾਮਾਂ ਨੂੰ ਆਪਣੇ ਖਾਤੇ ‘ਚ ਪਾ ਕੇ ਕੇਵਲ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾ ਰਹੀ ਹੈ ਬਲਕਿ ਸਰਕਾਰੀ ਖ਼ਜ਼ਾਨੇ ਨੂੰ ਵੀ ਬਿਨਾਂ ਕਾਰਨ ਲੁਟਾ ਰਹੀ ਹੈ।
ਇਸ ਮੌਕੇ ‘ਆਪ’ ਯੂਥ ਵਿੰਗ ਦੇ ਸੂਬਾ ਸਹਿ ਪ੍ਰਧਾਨ ਸੰਦੀਪ ਧਾਲੀਵਾਲ, ਜ਼ੋਨ ਪ੍ਰਧਾਨ ਕੁਲਜਿੰਦਰ ਢੀਂਡਸਾ, ਰੋਬੀ ਕੰਗ, ਸੁਖਰਾਜ ਸਿੰਘ ਬੱਲ, ਅਮਨ ਮੋਹੀ, ਗੋਰਾ ਫ਼ਿਰੋਜ਼ਸ਼ਾਹ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਲਾਲੀ ਗਿੱਲ, ਟਰੇਡ ਵਿੰਗ ਪ੍ਰਧਾਨ ਨੀਨਾ ਮਿੱਤਲ, ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਕੋਰ ਕਮੇਟੀ ਮੈਂਬਰ ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਡਾ. ਰਵਜੋਤ ਸਿੰਘ, ਡਾ. ਜਮੀਲੂ ਉਰ ਰਹਿਮਾਨ, ਸੀਨੀਅਰ ਆਗੂ ਬਲਜਿੰਦਰ ਸਿੰਘ ਚੌਂਦਾ, ਆਰਪੀਐਸ ਮਲਹੋਤਰਾ, ਹਰਚੰਦ ਸਿੰਘ ਬਰਸ਼ਟ, ਪਟਿਆਲਾ ਯੂਥ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਹੋਰ ਸੂਬਾ ਅਤੇ ਯੂਥ ਪੱਧਰੀ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ।

Leave a Reply

Your email address will not be published. Required fields are marked *