ਮੈਗਾ ਰੋਜ਼ਗਾਰ ਮੇਲੇ ਨੌਕਰੀਆਂ ਦੇ ਚਾਹਵਾਨਾਂ ਲਈ ਵਰਦਾਨ ਸਾਬਤ ਹੋਏ-ਵਿਧਾਇਕ ਰਾਜਿੰਦਰ ਸਿੰਘ
ਸਮਾਣਾ ਦੇ ਮੈਗਾ ਰੋਜ਼ਗਾਰ ਮੇਲੇ ‘ਚ ਦੋ ਦਰਜਨ ਦੇ ਕਰੀਬ ਕੰਪਨੀਆਂ ਨੇ ਚੁਣੇ 753 ਨੌਜਵਾਨ
ਰੋਜ਼ਗਾਰ ਹਾਸਲ ਕਰਨ ਵਾਲਿਆਂ ਨੇ ਸਾਂਝਾ ਕੀਤਾ ਤਜਰਬਾ, ‘ਪਹਿਲੀ ਨੌਕਰੀ ‘ਤੇ ਲੱਗਣਾ ਸਾਰੀ ਉਮਰ ਲਈ ਚੰਗੀ ਯਾਦ ਬਣਿਆ’
ਸਮਾਣਾ, 15 ਸਤੰਬਰ: (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 7ਵੇਂ ਸੂਬਾ ਪੱਧਰੀ ਦੂਸਰੇ ਮੈਗਾ ਰੋਜ਼ਗਾਰ ਮੇਲੇ ਦੌਰਾਨ ਸਮਾਣਾ ਦੇ ਪਬਲਿਕ ਕਾਲਜ ਵਿਖੇ ਤੀਜਾ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਸਥਾਨਕ ਸ਼ਹਿਰ ਤੇ ਬਾਹਰੋਂ ਪੁੱਜੀਆਂ ਵੱਖ-ਵੱਖ 2 ਦਰਜਨ ਦੇ ਕਰੀਬ ਕੰਪਨੀਆਂ ਨੇ ਇੱਥੇ ਪੁੱਜੇ ਦਰਜ ਹੋਏ 1172 ਨੌਜਵਾਨਾਂ ਵਿੱਚੋਂ 753 ਜਣਿਆਂ ਦੀ ਚੋਣ ਕੀਤੀ ਹੈ।
ਇਸ ਦੌਰਾਨ ਪਹਿਲੀ ਵਾਰ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ, ”ਪਹਿਲੀ ਨੌਕਰੀ ਭਾਵੇਂ ਸਰਕਾਰੀ ਹੋਵੇ ਜਾਂ ਗ਼ੈਰ ਸਰਕਾਰੀ ਕੰਪਨੀ ‘ਚ, ਪਹਿਲੀ ਨੌਕਰੀ ਹਾਸਲ ਕਰਨ ਦਾ ਤਜਰਬਾ, ਉਨ੍ਹਾਂ ਲਈ ਸਾਰੀ ਉਮਰ ਦੀ ਇੱਕ ਚੰਗੀ ਯਾਦ ਬਣ ਗਿਆ ਹੈ।”
ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਰੋਜ਼ਗਾਰ ਦੇਣ ਲਈ ਚੁਣੇ ਨੌਜਵਾਨਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਨ ਪੁੱਜੇ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲੇ ਲਗਾਉਣ ਦਾ ਫੈਸਲਾ ਪੰਜਾਬ ਦੇ ਨੌਜਵਾਨਾਂ ਲਈ ਵਰਦਾਨ ਸਾਬਤ ਹੋਇਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਅਸ਼ਵਨੀ ਗੁਪਤਾ, ਐਸ.ਡੀ.ਐਮ. ਸਵਾਤੀ ਗੁਪਤਾ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ ਵੀ ਮੌਜੂਦ ਸਨ।
ਸ. ਰਾਜਿੰਦਰ ਸਿੰਘ ਨੇ ਸਮਾਣਾ ਵਿਖੇ ਹੀ ਪਹਿਲਾਂ ਲੱਗ 2 ਚੁੱਕੇ ਰੋਜ਼ਗਾਰ ਮੇਲਿਆਂ ‘ਚ 550 ਦੇ ਕਰੀਬ ਨੌਜਵਾਨਾਂ ਵੱਲੋਂ ਰੋਜ਼ਗਾਰ ਹਾਸਲ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮੇਲਿਆਂ ਦੌਰਾਨ 10ਵੀਂ ਤੋਂ ਲੈਕੇ ਉਚ ਸਿੱਖਿਆ ਪ੍ਰਾਪਤ ਤੇ ਹੁਨਰਮੰਦ ਨੌਜਵਾਨਾਂ ਨੂੰ ਉਨ੍ਹਾਂ ਦੇ ਪਸੰਦ ਦੀ ਨੌਕਰੀ ਮਿਲ ਰਹੀ ਹੈ ਅਤੇ ਕੰਪਨੀਆਂ ਨੂੰ ਆਪਣੀ ਲੋੜ ਮੁਤਾਬਕ ਹੁਨਰਮੰਦ ਕਾਮੇ ਤੇ ਮਨੁੱਖੀ ਸ਼ਕਤੀ ਸੁਖਾਲੇ ਢੰਗ ਨਾਲ ਮਿਲ ਜਾਂਦੀ ਹੈ। ਇਥੇ ਨੌਕਰੀਆਂ ਹਾਸਲ ਕਰਨ ਵਾਲਿਆਂ ਨੂੰ 10 ਹਜ਼ਾਰ ਰੁਪਏ ਤੋਂ ਲੈਕੇ ਉਨ੍ਹਾਂ ਦੀ ਯੋਗਤਾ ਮੁਤਾਬਕ ਲੱਖਾਂ ਰੁਪਏ ਦੇ ਪੈਕੇਜ ਦਿੱਤੇ ਜਾ ਰਹੇ ਹਨ।
ਵਿਧਾਇਕ ਨੇ ਕਿਹਾ ਕਿ ਭਾਵੇਂ ਕਿ ਹਰੇਕ ਬੇਰੋਜ਼ਗਾਰ ਨੂੰ ਸਰਕਾਰੀ ਨੌਕਰੀ ਮਿਲਣੀ ਸੰਭਵ ਨਹੀਂ ਪ੍ਰੰਤੂ ਫੇਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਇਸ ਸਾਲ ਸਰਕਾਰੀ ਵਿਭਾਗਾਂ ‘ਚ 50 ਹਜ਼ਾਰ ਤੋਂ ਵਧੇਰੇ ਅਸਾਮੀਆਂ ਕੱਢੀਆਂ ਹਨ, ਜਿਨ੍ਹਾਂ ਦੀ ਭਰਤੀ ਪ੍ਰਕ੍ਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਹੇਠਾਂ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਦੀਨ ਦਿਆਲ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ ਅਧੀਨ ਕਿੱਤਾਮੁਖੀ ਕੋਰਸ ਕਰਵਾਉਂਦੇ ਹੋਏ 2500 ਰੁਪਏ ਪ੍ਰਤੀ ਮਹੀਨਾ ਇੱਕ ਸਾਲ ਲਈ ਵਿੱਤੀ ਮਦਦ ਵੀ ਦਿੱਤੀ ਜਾ ਰਹੀ ਹੈ।
ਐਸ.ਡੀ.ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ‘ਚ ਮਣਕੂ ਐਗਰੋ, ਵਿਸ਼ਾਲ ਕੰਬਾਇਨ, ਰੇਡੀਐਂਟ ਟੈਕਸਟਾਈਜ਼, ਸ਼੍ਰੀ ਰਬੜ ਇੰਡਸਟਰੀ, ਅਟਲੇਅਰ ਆਟੋਮੋਬਾਇਲਜ, ਸਤਿਆ ਮਾਈਕਰੋ ਫਾਇਨਾਂਸ, ਆਈ.ਸੀ.ਆਈ.ਸੀ.ਆਈ. ਬੈਂਕ ਸਕਿਲ ਅਕੈਡਮੀ, ਐਲ.ਆਈ.ਸੀ., ਕੈਪੀਟਲ ਟਰਸਟ, ਐਸ.ਬੀ.ਆਈ. ਇੰਸ਼ੋਰੈਂਸ, ਪੁਖਰਾਜ ਹੈਲਥ ਕੇਅਰ, ਜੀ.ਐਸ.ਏ. ਇੰਡਸਟਰੀਜ, ਹੈਲਥ ਹਰਬਲ ਸਲਿਉਸ਼ਨ, ਮੈਕਸ ਲਾਈਫ਼, ਚੈਕਮੇਟ ਸਕਿਉਰਟੀ, ਪਰਾਅਮਰੀਕਾ ਇੰਸ਼ੋਰੈਂਸ, ਜੀ.ਸੀ.ਐਮ. ਕਾਨਵੈਂਟ ਸਕੂਲ, ਯੂਨੀਵਰਸਲ ਇੰਟਰਨੈਸ਼ਨਲ ਸਮੇਤ ਹੋਰ ਕੰਪਨੀਆਂ ਨੇ ਨੌਜਵਾਨਾਂ ਦੀ ਚੋਣ ਕੀਤੀ ਹੈ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਵਧੀਕ ਡਿਪਟੀਕ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 7ਵੇਂ ਸੂਬਾ ਪੱਧਰੀ ਰੋਜ਼ਗਾਰ ਮੇਲੇ ਤਹਿਤ 17 ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਦਾ ਚੌਥਾ ਰੋਜ਼ਗਾਰ ਮੇਲਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਲਗਾਇਆ ਜਾਵੇਗਾ।
ਸਿੰਪੀ ਸਿੰਗਲਾ ਨੇ ਦੱਸਿਆ ਕਿ ਪਿਛਲੇ 7 ਦਿਨਾਂ ਤੋਂ ਹੁਣ ਤੱਕ 4000 ਨੌਜਵਾਨਾਂ ਨੇ ਰਜਿਸਟਰੇਸ਼ਨ ਕਰਵਾਈ ਅਤੇ 2622 ਨੌਜਵਾਨਾਂ ਦੀ ਵੱਖ-ਵੱਖ ਨੌਕਰੀਆਂ ਲਈ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਬਾਹਰਲੀਆਂ ਕੰਪਨੀਆਂ ਨਾਲ ਵਰਚੂਅਲ ਇੰਟਰਵਿਯੂ ਵੀ ਕਰਵਾਈ ਜਾ ਰਹੀ ਹੈ, ਜਿਸ ‘ਚ 3000 ਨੇ ਭਾਗ ਲਿਆ ਸੀ, ਜਿਸ ‘ਚ 1869 ਦੀ ਚੋਣ ਵੀ ਸ਼ਾਮਲ ਹੈ।
ਇਸ ਮੌਕੇ ਸ਼ਿਵ ਘੱਗਾ, ਸਚਿਨ ਕੰਬੋਜ, ਪਬਲਿਕ ਕਾਲਜ ਸਮਾਣਾ ਦੇ ਪ੍ਰਿੰਸੀਪਲ ਜਤਿੰਦਰ ਦੇਵ, ਤਹਿਸੀਲਦਾਰ ਗੁਰਲੀਨ ਕੌਰ, ਸੀ.ਡੀ.ਪੀ.ਓ. ਉਰਵਸ਼ੀ ਸਮੇਤ ਵੱਡੀ ਗਿਣਤੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਵਿਦਿਆਰਥੀ ਤੇ ਰੋਜ਼ਗਾਰ ਦੇ ਚਾਹਵਾਨ ਮੌਜੂਦ ਸਨ।

