ਯੂਥ ਅਕਾਲੀ ਦਲ ਵੱਡੀ ਸ਼ਕਤੀ ਵਜੋਂ ਜਲਦ ਉਭਰ ਕੇ ਆਵੇਗਾ ਸਾਹਮਣੇ – ਰਾਜੂ ਖੰਨਾ
ਜਨਵਰੀ ਵਿੱਚ ਹੋਵੇਗਾ ਮਾਲਵਾ ਜੋਨ ਵਿੱਚ ਨੌਜਵਾਨ ਦਾ ਵੱਡਾ ਇਕੱਠ, ਸੁਖਬੀਰ ਬਾਦਲ ਤੇ ਮਜੀਠੀਆ ਕਰਨਗੇ ਸੰਬੋਧਨ।
ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਕੇ ਪਾਰਟੀ ਦੀ ਚੜਦੀਕਲਾ ਲਈ ਕੀਤੀ ਅਰਦਾਸ।
ਫਤਹਿਗੜ੍ਹ ਸਾਹਿਬ, 18 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਨੂੰ ਨਾਲ ਲੈਕੇ ਚੱਲਣ ਦੇ ਸਮਰੱਥ ਹੀ ਨਹੀਂ ਸਗੋਂ ਯੂਥ ਅਕਾਲੀ ਦਲ ਇਸ ਪਾਰਟੀ ਦੀ ਰੀਡ ਦੀ ਹੱਡੀ ਹੈ। ਯੂਥ ਨੌਜਵਾਨਾਂ ਵੱਲੋਂ ਜਿੱਥੇ ਚੋਣਾਂ ਸਮੇਂ ਅਹਿਮ ਰੋਲ ਅਦਾ ਕੀਤਾ ਜਾਂਦਾ ਹੈ ਉੱਥੇ ਯੂਥ ਅਕਾਲੀ ਦਲ ਦੇ ਨੌਜਵਾਨ ਪਾਰਟੀ ਦੇ ਹਰ ਮੋਰਚੇ ਅਤੇ ਰੈਲੀਆਂ ਵਿੱਚ ਵੀ ਵੱਧ ਚੜ ਕੇ ਸ਼ਮੂਲੀਅਤ ਕਰਕੇ ਸਮਾਗਮਾਂ ਨੂੰ ਕਾਮਯਾਬ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ।
ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਲਵਾ ਜੋਨ – 3 ਦੇ ਨਵਨਿਯੁਕਤ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਯੂਥ ਅਕਾਲੀ ਦਲ ਆਪਣੀ ਜਿੰਮੇਵਾਰੀ ਨੂੰ ਸਮਝਦਾ ਹੋਇਆ ਪਾਰਟੀ ਦੀ ਚੜਦੀਕਲਾ ਲਈ ਕਾਰਜ ਹੀ ਨਹੀਂ ਕਰੇਗਾ ਸਗੋਂ ਸ਼੍ਰੌਮਣੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜਬੂਤ ਕਰਨ ਲਈ ਸੰਗਠਿਤ ਰੂਪ ਵਿੱਚ ਇੱਕ ਮੁਹਿੰਮ ਵੀ ਚਲਾਵੇਗਾ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਯੂਥ ਅਕਾਲੀ ਦਲ ਵੱਲੋਂ ਘਰ ਘਰ ਤੱਕ ਪਹੁੰਚ ਕਰਕੇ ਜਿੱਥੇ ਕੈਪਟਨ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦਾ ਖੁਲਾਸਾ ਕੀਤਾ ਜਾਵੇਗਾ ਉੱਥੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰੋਗਰਾਮ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਪਹੁੰਚਾਇਆ ਜਾਵੇਗਾ। ਰਾਜੂ ਖੰਨਾ ਨੇ ਕਿਹਾ ਕਿ ਜਨਵਰੀ ਵਿਚ ਮਾਲਵਾ ਜੋਨ 3 ਵਿਚ ਯੂਥ ਦਾ ਇੱਕ ਵੱਡਾ ਇੱਕਠ ਹੋਵੇਗਾ ਜਿਸ ਨੂੰ ਸ਼੍ਰੌਮਣੀ ਅਕਾਲੀ ਦਲ ਦੇ ਪਧਾਨ ਸ. ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਇੰਚਾਰਜ ਸ. ਬਿਕਰਮ ਸਿੰਘ ਮਜੀਠੀਆ ਸੰਬੋਧਨ ਕਰਕੇ ਨੌਜਵਾਨ ਨੂੰ ਲਾਮਬੰਦ ਕਰਨਗੇ। ਉਹਨਾਂ ਕਿਹਾ ਕਿ ਉਹ ਅੱਜ ਪ੍ਰਧਾਨ ਬਣਨ ਤੇ ਗੁਰੂ ਦੇ ਸ਼ੁਕਰਾਨੇ ਲਈ ਅੱਜ ਸ਼ਹੀਦਾ ਦੀ ਪਵਿੱਤਰ ਧਰਤੀ ਤੇ ਇੱਕ ਨਿਮਾਣੇ ਸਿੱਖ ਤੇ ਸੰਗਤ ਦੇ ਰੂਪ ਵਿੱਚ ਆਏ ਹਨ। ਉਹਨਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਪਣਪੀਆਂ ਸਮਾਜਿਕ ਬੁਰਾਈਆਂ ਖਿਲਾਫ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਆਵਾਜ ਬੁਲੰਦ ਕਰਨ ਤਾਂ ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਜਿਸਦੇ ਸਰਪਰਸਤ ਸ. ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ ਵਿੱਚ ਹੀ ਰਹਿ ਕੇ ਉਨਾਂ ਦੇ ਦੁੱਖ ਦਰਦ ਸੁਣ ਕੇ ਹੱਲ ਕਰਦੇ ਹਨ। ਜਦੋਂ ਕਿ ਇਸ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਤਾਂ ਕੀ ਮਿਲਣਾ ਹੈ, ਉਹ ਤਾਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋ ਵੀ ਦੂਰੀ ਬਨਾ ਕੇ ਰੱਖਦੇ ਹਨ। ਇਸ ਮੌਕੇ ਤੇ ਜਿੱਥੇ ਜਿਲ੍ਹੇ ਦੇ ਸਮੁੱਚੀ ਲੀਡਰਸ਼ਿਪ ਰਾਜੂ ਖੰਨਾ ਨਾਲ ਮੌਜੂਦ ਰਹੀ ਉੱਥੇ ਹੀ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਰਾਜੂ ਖੰਨਾ ਨਾਲ ਗੁਰੂ ਘਰ ਜਾ ਕੇ ਨੱਤਮਸਤਕ ਹੋਏ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਜੱਥੇ ਸਵਰਨ ਸਿੰਘ ਚਨਾਰਥਲ, ਸੀਨੀ ਆਗੂ ਰਣਜੀਤ ਸਿੰਘ ਲਿਬੜਾ, ਹਲਕਾ ਇੰਚਾਰਜ ਬੱਸੀ ਪਠਾਣਾ ਦਰਬਾਰਾ ਸਿੰਘ ਗੁਰੂ, ਹਲਕਾ ਇੰਚਾਰਜ ਸਰਹਿੰਦ ਦੀਦਾਰ ਸਿੰਘ ਭੱਟੀ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਕੋਰ ਕਮੇਟੀ ਮੈਂਬਰ ਅਮਿਤ ਸਿੰਘ ਰਾਠੀ, ਐਸ ਓ ਆਈ ਦੇ ਸੀਨੀ ਆਗੂ ਸਰਬਜੀਤ ਸਿੰਘ ਝਿੰਜਰ, ਯੂਥ ਆਗੂ ਅਜੇ ਸਿੰਘ ਲਿਬੜਾ, ਯੂਥ ਆਗੂ ਸ਼ਰਨਜੀਤ ਸਿੰਘ ਚਨਾਰਥਲ, ਯੂਥ ਆਗੂ ਕਮਲਜੀਤ ਸਿੰਘ ਗਿੱਲ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਆਗੂ ਹਾਜਰ ਸਨ।

