ਰਾਜ ਕਲੋਨੀ ‘ਚ ਲੱਗੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਨਿਗਮ ਖਿਲਾਫ਼ ਕੀਤੀ ਨਾਅਰੇਬਾਜ਼ੀ
ਕੂੜੇ ਦੇ ਢੇਰਾਂ ‘ਤੇ ਫੈਲੀ ਗੰਦਗੀ ਤੇ ਮੱਖੀ-ਮੱਛਰ ਦੇ ਰਿਹਾ ਬਿਮਾਰੀਆਂ ਨੂੰ ਸੱਦਾ
ਪਟਿਆਲਾ 19 ਦਸੰਬਰ (ਮੁਕੇਸ਼ ਢੀਂਗਰਾ) ਸਮਾਨੀਆਂ ਗੇਟ ਨਜ਼ਦੀਕ ਰਾਜ ਕਲੋਨੀ ਵੱਲ ਜਾਂਦੇ ਤਿੰਨ ਵਾਰਡਾਂ ਦੇ ਸਾਂਝੇ ਰਾਸਤੇ ਵਿਚ ਲੱਗੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਨਿਗਮ ਪ੍ਰਸ਼ਾਸਨ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਇਲਾਕਾ ਨਿਵਾਸੀ ਤਨਵੀਰ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵੱਲ ਜਾਣ ਲਈ ਇਹ ਮੁੱਖ ਰਸਤਾ ਹੈ, ਜਿਥੇ ਲੋਕਾਂ ਵਲੋਂ ਵੱਡੇ-ਵੱਡੇ ਕੂੜੇ ਅਤੇ ਗੰਦਗੀ ਦੇ ਢੇਰ ਲਗਾ ਦਿੱਤੇ ਗਏ ਹਨ ਪ੍ਰੰਤੂ ਇਕ ਹਫ਼ਤੇ ਤੋਂ ਨਗਰ ਨਿਗਮ ਦਾ ਕੋਈ ਵੀ ਸਫ਼ਾਈ ਕਰਮਚਾਰੀ ਕੂੜਾ ਚੁੱਕਣ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਵਿਚੋਂ ਫੈਲ ਰਹੀ ਗੰਦਗੀ ਤੇ ਬਦਬੂ ਕਾਰਨ ਇਲਾਕੇ ਵਿਚ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆਂ ਗਿਆ ਹੈ। ਸਵਰਨ ਸਿੰਘ ਦਾ ਕਹਿਣਾ ਹੈ ਕਿ ਕੂੜਾ ਸੁੱਟਣ ਇਕੱਠਾ ਕਰਨ ਲਈ ਬਣਾਈਆਂ ਗਈਆਂ ਹੋਦੀਆਂ ਵਿਚ ਗੰਦਾ ਪਾਣੀ ਭਰਿਆ ਹੋਇਆ ਹੈ ਜਿਸ ਵਿਚ ਕਈ ਜਾਨਵਰ ਆਦਿ ਮਰੇ ਪਏ ਹਨ, ਇਨ੍ਹਾਂ ਉਤੇ ਪਣਪ ਰਿਹਾ ਮੱਛਰ ਵੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਅਧਿਕਾਰੀਆਂ ਕੋਲ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪ੍ਰੰਤੂ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ। ਯਾਦਵਿੰਦਰ ਨੇ ਕਿਹਾ ਕਿ ਵਾਰਡ ਦੇ ਸਬੰਧਤ ਕੌਂਸਲਰ ਨੂੰ ਵੀ ਕਈ ਵਾਰ ਸਮੱਸਿਆ ਦੇ ਹੱਲ ਲਈ ਕਿਹਾ ਜਾ ਚੁੱਕਾ ਹੈ ਪ੍ਰੰਤੁ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ। ਇਸ ਮੌਕੇ ਸਵਰਨ ਸਿੰਘ, ਤਨਵੀਰ ਅਹਿਮਦ, ਜੋਤੀ ਪ੍ਰਕਾਸ਼, ਯਾਦਵਿੰਦਰ, ਹਨੀ ਤੇ ਇਰਫ਼ਾਨ ਖਾਨ ਨੇ ਕਿਹਾ ਕਿ ਜੇਕਰ ਇਕ ਦੋ ਦਿਨ ਦੇ ਅੰਦਰ-ਅੰਦਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਨਿਗਮ ਪ੍ਰਸ਼ਾਸਨ ਖਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।
ਵਾਰਡ ਨੰਬਰ 39 ਦੀ ਕੌਂਸਲਰ ਲੀਲਾ ਰਾਣੀ ਨੇ ਦੱਸਿਆ ਕਿ ਇਹ ਪੁਲੀ ਦਾ ਰਸਤਾ ਉਨ੍ਹਾਂ ਦੇ ਵਾਰਡ ਵਿਚ ਨਹੀਂ ਹੈ ਬਲਕਿ ਤਿੰਨ ਵਾਰਡਾਂ 38, 39 ਅਤੇ 40 ਦਾ ਸਾਂਝਾ ਰਸਤਾ ਹੈ, ਜਿਸ ਕਰਕੇ ਇਸ ਦੀ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪੱਕੇ ਡੰਪ ਬਣਾ ਦਿੱਤੇ ਗਏ ਹਨ ਜਲਦ ਹੀ ਕੂੜੇ ਦੀ ਸਮੱਸਿਆ ਦਾ ਕੋਈ ਹੱਲ ਕੀਤਾ ਜਾਵੇਗਾ।

