ਪੰਜਾਬ

ਖਾਲਸਾ ਕਾਲਜ ਪਬਲਿਕ ਸਕੂਲ ‘ਚ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ‘ਇਮਪ੍ਰਿੰਟਸ‐ਦੀ ਰਿਫ਼ਲਿਕਸ਼ਨ ਆਫ਼ ਇਨਕਰੈਡੀਬਲ ਇੰਡੀਆ’ ਵਿਸ਼ੇ ‘ਤੇ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ‘ਚ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਡਾਇਰੈਕਟਰ ਪ੍ਰਿੰਸੀਪਲ ਲਿਟਲ ਫ਼ਲਾਵਰ ਸਕੂਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਕੂਲ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਦੀ ਦੇਖ‐ਰੇਖ ‘ਚ ਆਯੋਜਿਤ ਸਮਾਰੋਹ ਮੌਕੇ ਵਿਦਿਆਰਥੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੱਕ ਤੇ ਸੱਚ ਦੀ ਕਿਰਤ‐ਕਮਾਈ ‘ਤੇ ਦਯਾ ਭਰਪੂਰ ਭਾਵਨਾਵਾਂ ਵਾਲੇ ਧਾਰਮਿਕ ਗੀਤਾਂ ਰਾਹੀਂ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਨੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਇਲਾਵਾ ਨੰਨ੍ਹੇ‐ਮੁੰਨ੍ਹੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਸ੍ਰੀਮਤੀ ਛੀਨਾ ਨੇ ਕਿਹਾ ਕਿ ਅਜੋਕੀ ਪੀੜ੍ਹੀ ਆਪਣੇ ਮਾਰਗ ਤੋਂ ਭਟਕਦੀ ਜਾ ਰਹੀ ਹੈ ਅਤੇ ਇਸ ਲਈ ਸਕੂਲਾਂ, ਕਾਲਜਾਂ ‘ਚ ਕਰਵਾਏ ਜਾਂਦੇ ਅਜਿਹੇ ਪ੍ਰੋਗਰਾਮ ਜਿੱਥੇ ਬੱਚਿਆਂ ਨੂੰ ਸ਼ਾਨਦਾਰ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ ਉਥੇ ਹੁਨਰ ਨੂੰ ਨਿਖਾਰਣ ‘ਚ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਨੇ ਆਪਣੇ ਦ੍ਰਿੜ ਇਰਾਦੇ ਅਤੇ ਸਖਤ ਮਿਹਨਤ ਨਾਲ ਪੂਰੇ ਪ੍ਰਾਂਤ ‘ਚ ਹੀ ਨਹੀਂ ਬਲਕਿ ਦੇਸ਼-ਵਿਦੇਸ਼ ‘ਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੋਈ ਹੈ। ਇਸ ਮੌਕੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਜਿਸ ‘ਚ ਗੱਤਕਾ, ਗਿੱਧਾ, ਭੰਗੜਾ, ਯੋਗਾ, ਡਾਂਸ ਗਰੈਂਡ ਫ਼ਾਈਨੈਲੇ, ਅਬਰੇਲਾ ਡਾਂਸ, ਜਿਮਨਾਸਟਿਕ, ਕੋਰੀਓਗ੍ਰਾਫ਼ੀ ਅਤੇ ਖੇਡੇ ਗਏ ਨਾਟਕ ਦੀ ਸ਼ਲਾਘਾ ਕਰਦਿਆ ਸ੍ਰੀਮਤੀ ਛੀਨਾ, ਵਧੀਕ ਆਨਰੇਰੀ ਸਕੱਤਰ ਸ: ਜਤਿੰਦਰ ਸਿੰਘ ਬਰਾੜ, ਜੁਆਇੰਟ ਸਕੱਤਰ ਸ: ਹਰਮਿੰਦਰ ਸਿੰਘ ਫ਼੍ਰੀਡੰਮ ਨੇ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਸਹਰਾਇਆ।
ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸ: ਗਿੱਲ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਗਏ। ਉਪਰੰਤ ਪ੍ਰਿੰ: ਗਿੱਲ ਨੇ ਸਕੂਲ ਦੀ ਉਪਲਬੱਧੀਆਂ ਸਬੰਧੀ ਸਾਲਾਨਾ ਰਿਪੋਰਟ ਵੀ ਪੜ੍ਹੀ।
ਸਮਾਰੋਹ ਦੌਰਾਨ ਸ੍ਰੀਮਤੀ ਛੀਨਾ ਨੇ ਸ: ਬਰਾੜ ਅਤੇ ਪ੍ਰਿੰ: ਗਿੱਲ ਨਾਲ ਮਿਲ ਕੇ ਬੱਚਿਆਂ ਨੂੰ ਟਰਾਫ਼ੀ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੌਂਸਲ ਦੇ ਮੈਂਬਰ ਸ: ਗੁਰਮਹਿੰਦਰ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਨੀਲਮ ਹੰਸ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਪ੍ਰਿੰਸੀਪਲ ਸ: ਗੁਰਜੀਤ ਸਿੰਘ ਸੇਠੀ, ਖਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ, ਸਕੂਲ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਮੌਜ਼ੂਦ ਸਨ।

Leave a Reply

Your email address will not be published. Required fields are marked *