ਸੱਜਣ ਕੁਮਾਰ ਨੇ ਆਤਮਸਮਰਪਣ ਲਈ ਦਿੱਲੀ ਹਾਈ ਕੋਰਟ ਤੋਂ ਮੰਗਿਆ ਸਮਾਂ
ਨਵੀਂ ਦਿੱਲੀ 20 ਦਸੰਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਆਤਮਸਮਰਪਣ ਕਰਨ ਲਈ 31 ਜਨਵਰੀ ਤਕ ਦਾ ਸਮਾਂ ਮੰਗਿਆ ਹੈ। ਦੱਸਣਯੋਗ ਹੈ ਕਿ ਹਾਈ ਕੋਰਟ ਨੇ ਬੀਤੀ 17 ਦਸੰਬਰ 2018 ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇਕ ਮਾਮਲੇ ਵਿਚ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਸੱਜਣ ਨੂੰ ਹੁਕਮ ਦਿੱਤਾ ਸੀ ਕਿ ਉਹ 31 ਦਸੰਬਰ ਤਕ ਆਤਮਸਮਰਪਣ ਕਰ ਦੇਵੇ ਪਰ ਉਨ੍ਹਾਂ ਪਰਿਵਾਰਕ ਕੰਮਕਾਜ ਕਰਨ ਲਈ ਥੋੜ੍ਹਾ ਸਮਾਂ ਹੋਰ ਮੰਗਿਆ ਹੈ।
ਸੱਜਣ ਵਲੋਂ ਪੇਸ਼ ਵਕੀਲ ਅਨਿਲ ਸ਼ਰਮਾ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਲਈ ਉਨ੍ਹਾਂ ਕੁਝ ਹੋਰ ਸਮਾਂ ਚਾਹੀਦਾ ਹੈ ਅਤੇ ਕੁਮਾਰ ਨੂੰ ਆਪਣੇ ਪਰਿਵਾਰ, ਬੱਚਿਆਂ ਅਤੇ ਜਾਇਦਾਦ ਨਾਲ ਜੁੜੀਆਂ ਜ਼ਿੰਮੇਵਾਰੀਆਂ ਲਈ ਵੀ ਸਮਾਂ ਚਾਹੀਦਾ ਹੈ। ਫਿਲਹਾਲ ਅਰਜ਼ੀ ‘ਤੇ ਸ਼ੁੱਕਰਵਾਰ ਭਾਵ ਕੱਲ ਸੁਣਵਾਈ ਹੋਵੇਗੀ। ਓਧਰ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਉਹ ਇਸ ਸੱਜਣ ਦੀ ਇਸ ਅਰਜ਼ੀ ਦਾ ਅਸੀਂ ਪੁਰਜ਼ੋਰ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਸੱਜਣ ਨੂੰ ਕੋਈ ਸਮਾਂ ਨਹੀਂ ਮਿਲਣਾ ਚਾਹੀਦਾ, ਇਸ ਨੂੰ ਆਤਮਸਮਰਪਣ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੱਜਣ ਨੂੰ ਜਿਸ ਮਾਮਲੇ ‘ਚ ਉਮਰ ਕੈਦ ਹੋਈ ਹੈ, ਉਹ 1984 ‘ਚ 1 ਅਤੇ 2 ਨਵੰਬਰ ਨੂੰ ਦੱਖਣੀ-ਪੱਛਮੀ ਦਿੱਲੀ ਕੈਂਟ ਦੀ ਪਾਲਮ ਕਾਲੋਨੀ ਵਿਚ ਰਾਜਨਗਰ ਪਾਰਟ-1 ‘ਚ 5 ਸਿੱਖਾਂ ਦੇ ਕਤਲ ਅਤੇ ਰਾਜਨਗਰ ਪਾਰਟ-2 ਵਿਚ ਗੁਰਦੁਆਰਾ ਸਾਹਿਬ ‘ਚ ਅਗਜ਼ਨੀ ਨਾਲ ਜੁੜਿਆ ਹੈ।

