ਯੂਨੀਵਰਸਿਟੀ ਵਿਚ ਅਕਾਦਮਿਕ ਅਤੇ ਪ੍ਰਸ਼ਾਸਨਿਕ, ਦੋਹਾਂ ਪੱਖਾਂ ਤੋਂ ਸੁਧਾਰ ਕਰਨ ਦੀ ਲੋੜ : ਡਾ. ਘੁੰਮਣ
ਪਟਿਆਲਾ 27 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਨਵੇਂ ਸਾਲ ਦਾ ਕੈਲੰਡਰ ਜ਼ਾਰੀ ਕਰਨ ਦੀ ਰਸਮ ਅਦਾ ਕੀਤੀ ਗਈ।
ਡਾ. ਘੁੰਮਣ ਵੱਲੋਂ ਇਸ ਸੰਬੰਧੀ ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਲਾਹੁਣਯੋਗ ਕਦਮ ਹੈ ਕਿ ਉਨ੍ਹਾਂ ਦੀ ਟੀਮ ਨੇ ਇਹ ਕੈਲੰਡਰ ਸਮੇਂ ਤੋਂ ਪਹਿਲਾਂ ਤਿਆਰ ਕਰ ਲਿਆ ਗਿਆ ਹੈ। ਇਸ ਮੌਕੇ ਡਾ. ਘੁੰਮਣ ਵੱਲੋਂ ਛੋਟੇ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਸਾਡੀ ਕੌਮ ਦੇ ਇਨ੍ਹਾਂ ਅਦੁੱਤੀ ਬਲੀਦਾਨਾਂ ਤੋਂ ਸਿੱਖਿਆ ਅਤੇ ਸੇਧ ਲੈ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਗਾਮੀ ਵਰ੍ਹੇ ਦੌਰਾਨ ਯੂਨੀਵਰਸਿਟੀ ਵਿਚ ਅਕਾਦਮਿਕ ਅਤੇ ਪ੍ਰਸ਼ਾਸਨਿਕ, ਦੋਹਾਂ ਪੱਖਾਂ ਤੋਂ ਸੁਧਾਰ ਕਰਨ ਦੀ ਲੋੜ ਹੈ ਤਾਂ ਕਿ ਯੂਨੀਵਰਸਿਟੀ ਹੋਰ ਵੀ ਬੁਲੰਦੀਆਂ ਵੱਲ ਵਧ ਸਕੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਸਮੇਤ ਸਭ ਨੂੰ ਸਮੂਹਿਕ ਰੂਪ ਵਿਚ ਹੰਭਲ਼ਾ ਮਾਰਨ ਦੀ ਲੋੜ ਹੈ।
ਡਾ. ਸਰਬਜਿੰਦਰ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਇਸ ਵਾਰ ਦਾ ਕੈਲੰਡਰ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜਿਸ ਕਾਰਨ ਇਸ ਉੱਪਰ ਉਨ੍ਹਾਂ ਦੇ ਜਨਮ ਅਸਥਾਨ ਗੁਰੂਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੀ ਤਸਵੀਰ ਲਗਾਈ ਗਈ ਹੈ। ਇਸ ਰਸਮ ਸਮੇਂ ਹੋਰਨਾਂ ਤੋਂ ਇਲਾਵਾ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡੀਨ ਰਿਸਰਚ ਡਾ. ਜਸਪਾਲ ਕੌਰ, ਡੀਨ ਕਾਲਜਿਜ਼ ਡਾ. ਤ੍ਰਿਸ਼ਨਜੀਤ ਕੌਰ, ਡਾਇਰੈਕਟਰ ਕੰਸਟੀਚਿਊਂਟ ਕਾਲਜਿਜ਼ ਡਾ. ਕਿਰਨਦੀਪ ਕੌਰ, ਕੋਆਰਡੀਨੇਟਰ ਕੰਸਟੀਚਿਊਂਟ ਕਾਲਜਿਜ਼ ਡਾ. ਪੁਸ਼ਪਿੰਦਰ ਗਿੱਲ, ਡਾਇਰੈਕਟਰ ਮੋਨੀਟਰਿੰਗ ਐਂਡ ਪਲਾਨਿੰਗ ਡਾ. ਆਰ. ਐਮ. ਸ਼ਰਮਾ ਅਤੇ ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਮਾਨ ਵੀ ਹਾਜ਼ਰ ਸਨ।

