ਪੰਜਾਬਪਟਿਆਲਾ

ਕੈਪਟਨ ਸਰਕਾਰ ਖੇਡਾਂ ਤੇ ਖਿਡਾਰੀਆਂ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ-ਸੋਨੀ

43ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਜਿੱਤਿਆ
43ਵੇਂ ਲਿਬਰਲਜ਼ ਹਾਕੀ ਟੂਰਨਾਮੈਂਟ ਦੇ ਅੰਤਿਮ ਮੁਕਾਬਲੇ ਮੌਕੇ ਪੁੱਜੇ ਕੈਬਨਿਟ ਮੰਤਰੀ ਓ.ਪੀ. ਸੋਨੀ
ਨਾਭਾ, 30 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਸਿੱਖਿਆ, ਫੂਡ ਪ੍ਰਾਸੈਸਿੰਗ ਤੇ ਫ਼ਰੀਡਮ ਫਾਇਟਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ‘ਚ ਕਰਵਾਈਆਂ ਜਾ ਰਹੀਆਂ ਗ੍ਰਾਮ ਪੰਚਾਇਤ ਚੋਣਾਂ ‘ਚ ਕੋਈ ਦਖਲ ਨਹੀਂ ਦਿੱਤਾ ਅਤੇ ਇਹ ਨਿਰਪੱਖ ਤੇ ਸੁਤੰਤਰ ਢੰਗ ਨਾਲ ਕਰਵਾਈਆ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਪਿੰਡ ਪੱਧਰ ‘ਤੇ ਲੋਕਾਂ ਦੀਆਂ ਆਪਣੀਆਂ ਚੋਣਾਂ ਹੁੰਦੀਆਂ ਹਨ ਅਤੇ ਇਸ ‘ਚ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜੀ ਨਹੀਂ ਕਰਦੀ।

ਸ੍ਰੀ ਸੋਨੀ ਅੱਜ ਇਥੇ ਸੰਪੰਨ ਹੋਏ 43ਵੇਂ ਲਿਬਰਲਜ਼ ਜੀਐਸ ਬੈਂਸ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਨਿਊ ਦਿੱਲੀ ਅਤੇ ਆਰਮੀ ਸਰਵਿਸ ਕੋਰ ਬੰਗਲੁਰੂ ਦਰਮਿਆਨ ਫਾਇਨਲ ਮੁਕਾਬਲੇ ਸ਼ੁਰੂ ਕਰਵਾਏ ਤੇ ਇਹ ਮੈਚ ਸਿੰਧ ਬੈਂਕ ਦੀ ਟੀਮ ਨੇ ਜਿੱਤ ਲਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਵਿਰੋਧੀ ਧਿਰਾਂ ਵੱਲੋਂ ਪੰਚਾਇਤ ਚੋਣਾਂ ‘ਚ ਕਿਸੇ ਕਿਸਮ ਦੀ ਦਖਲਅੰਦਾਜੀ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਕਾਲੀ ਦਲ ਆਪਣੀ ਪਿਛਲੀ ਸਰਕਾਰ ਸਮੇਂ ਕੀਤੀ ਧੱਕੇਸ਼ਾਹੀ ਨੂੰ ਭੁਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਾਣਬੁੱਝ ਕੇ ਸਿਆਸੀ ਦੂਸ਼ਣਬਾਜੀ ਕਰ ਰਿਹਾ ਹੈ। ਜਦੋਂਕਿ ਅਸਲ ਵਿੱਚ ਅਜਿਹਾ ਕੁਝ ਨਹੀਂ ਅਤੇ ਸਰਕਾਰ ਨੇ ਇਨ੍ਹਾਂ ਚੋਣਾਂ ਦਾ ਅਮਲ ਪੂਰੇ ਨਿਰਪੱਖ ਤੇ ਸੁਤੰਤਰ ਤਰੀਕੇ ਨਾਲ ਨੇਪਰੇ ਚੜਾਇਆ ਹੈ।
ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਬਨਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਦਾ ਆਗ਼ਾਜ਼ ਕੀਤਾ ਅਤੇ ਇਸ ਤਹਿਤ ਰਾਜ ਅੰਦਰ ਜਿੱਥੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ, ਉਥੇ ਹੀ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤਾਂ ਪ੍ਰਦਾਨ ਕਰਨ ਲਈ ਠੋਸ ਕਦਮ ਚੁੱਕੇ ਗਏ ਹਨ।
ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਸਮੇਤ ਖੇਡਾਂ ਨਾਲ ਜੁੜਿਆ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵੀ ਵਚਨਬੱਧ ਹੈ। ਸ੍ਰੀ ਸੋਨੀ ਨੇ ਹੋਰ ਕਿਹਾ ਕਿ ਲਿਬਲਰਜ਼ ਜੀ.ਐਸ. ਬੈਂਸ ਵੱਲੋਂ ਕਰਵਾਇਆ ਗਿਆ ਇਹ 43ਵਾਂ ਟੂਰਨਾਮੈਂਟ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਨ੍ਹਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕੇ ਪੂਰੀਆਂ ਕਰਵਾਈਆਂ ਜਾਣਗੀਆਂ।
ਇਸ ਟੂਰਨਾਮੈਂਟ ਦੇ ਅੱਜ ਹੋਏ ਖਿਤਾਬੀ ਮੁਕਾਬਲੇ ਦੌਰਾਨ ਆਰਮੀ ਸਰਵਿਸ ਕੋਰ ਬੰਗਲੁਰੂ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ ਭਿੜੀਆਂ ਅਤੇ ਇਹ ਟੂਰਨਾਮੈਂਟ ਸਿੰਧ ਬੈਂਕ ਦੀ ਟੀਮ ਨੇ 4-2 ਨਾਲ ਏ.ਐਸ.ਸੀ. ਦੀ ਟੀਮ ਨੂੰ ਹਰਾ ਕੇ ਆਪਣੇ ਨਾਮ ਕਰ ਲਿਆ। ਇਸ ਤੋਂ ਪਹਿਲਾਂ ਏ.ਐਸ.ਸੀ. ਨੇ ਬੀ.ਐਸ.ਐਫ. ਜਲੰਧਰ ਨੂੰ 2-0 ਨਾਲ ਅਤੇ ਸਿੰਧ ਬੈਂਕ ਦੀ ਟੀਮ ਨੇ ਈ.ਐਮ.ਈ. ਜਲੰਧਰ ਦੀ ਟੀਮ ਨੂੰ 1-0 ਨਾਲ ਹਰਾ ਕੇ ਫਾਇਨਲ ਮੁਕਾਬਲੇ ‘ਚ ਪ੍ਰਵੇਸ਼ ਕੀਤਾ ਸੀ।
ਇਸ ਦੌਰਾਨ 6ਵੇਂ ਤਨਖਾਹ ਕਮਿਸ਼ਨ ਦੇ ਚੇਅਰਮੈਨ ਸ. ਜੈ ਸਿੰਘ ਗਿੱਲ, ਏ.ਆਈ.ਜੀ. ਕਾਂਊਂਟਰ ਇੰਟੈਲੀਜੈਂਸ ਵਿਕਰਮਜੀਤ ਦੁੱਗਲ ਆਈ.ਪੀ.ਐਸ. ਨੇ ਵੀ ਸ਼ਿਰਕਤ ਕੀਤੀ ਅਤੇ ਲਿਬਰਲਜ਼ ਕਮੇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ, ਵਾਇਸ ਚੇਅਰਮੈਨ ਅਸ਼ੋਕ ਬਾਂਸਲ, ਪੀ.ਐਸ. ਪੰਧੇਰ, ਗੁਰਜੀਤ ਸਿੰਘ ਬੈਂਸ, ਰੁਪਿੰਦਰ ਗਰੇਵਾਲ, ਜਤਿੰਦਰ ਸਿੰਘ ਦਾਖੀ, ਦਲਵੀਰ ਸਿੰਘ ਭੰਗੂ, ਐਡਵੋਕੇਟ ਗੁਰਜਿੰਦਰ ਸਿੰਘ ਧਾਲੀਵਾਲ, ਵਰਿੰਦਰ ਸਿੰਘ ਗੋਲਡੀ, ਕੋਚ ਅਜੇ ਸਿੰਘ ਭੂਰੀਆ ਸਮੇਤ ਵੱਡੀ ਗਿਣਤੀ ‘ਚ ਖਿਡਾਰੀ ਤੇ ਦਰਸ਼ਕ ਵੀ ਹਾਜ਼ਰ ਸਨ।

Leave a Reply

Your email address will not be published. Required fields are marked *