ਪੰਚਾਇਤੀ ਚੋਣਾਂ: ਜ਼ਿਲ੍ਹੇ ਵਿੱਚ 83.89 ਫ਼ੀਸਦ ਮਤਦਾਨ, ਸ਼ਾਂਤੀਮਈ ਢੰਗ ਨਾਲ ਪਈਆਂ ਵੋਟਾਂ
ਜ਼ਿਲ੍ਹੇ ਵਿੱਚ 295 ਸਰਪੰਚਾਂ ਤੇ 1060 ਪੰਚਾਂ ਦੀ ਚੋਣ ਲਈ ਵੋਟਰਾਂ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ
ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ 295 ਸਰਪੰਚਾਂ ਤੇ 1060 ਪੰਚਾਂ ਦੀ ਚੋਣ ਲਈ 83.89 ਫੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਪੂਰੀ ਹੋਈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਲੋਕਾਂ ਨੇ ਪੂਰੇ ਉਤਸ਼ਾਹ ਅਤੇ ਬਿਨਾਂ ਕਿਸੇ ਭੈਅ ਤੋਂ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਸ. ਢਿੱਲੋਂ ਨੇ ਦੱਸਿਆ ਕਿ ਬਲਾਕ ਅਮਲੋਹ ਵਿੱਚ 86.9 ਫੀਸਦੀ, ਬਸੀ ਪਠਾਣਾ ਬਲਾਕ ਵਿੱਚ 80 ਫੀਸਦੀ, ਸਰਹਿੰਦ ਬਲਾਕ ਵਿੱਚ 80.87 ਫੀਸਦੀ, ਖੇੜਾ ਬਲਾਕ ਵਿੱਚ 86.5 ਫੀਸਦੀ ਅਤੇ ਖਮਾਣੋਂ ਬਲਾਕ ਵਿੱਚ 85. 18 ਫੀਸਦੀ ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 132 ਸਰਪੰਚਾਂ ਤੇ 1413 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਵੋਟਿੰਗ ਤਹਿਤ ਸਵੇਰ 10:00 ਵਜੇ ਤੱਕ ਜ਼ਿਲ੍ਹੇ ਵਿੱਚ 15.30 ਫ਼ੀਸਦ, ਦੁਪਹਿਰ 12:00 ਵਜੇ ਤੱਕ 36.60 ਫ਼ੀਸਦ ਅਤੇ ਦੁਪਹਿਰ 02:00 ਵਜੇ ਤੱਕ 61.20 ਫ਼ੀਸਦ ਮਤਦਾਨ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਣਾਂ ਲਈ ਬਣਾਏ 367 ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਇਸ ਸਬੰਧੀ 1835 ਸਿਵਲ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਲਈ 900 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਬੂਥ ‘ਤੇ 05 ਕਰਮਚਾਰੀਆਂ ਦੀ ਬਤੌਰ ਪੋਲਿੰਗ ਸਟਾਫ ਡਿਊਟੀ ਲਗਾਈ ਗਈ ਸੀ ਅਤੇ ਇਨ੍ਹਾਂ ਪੋਲਿੰਗ ਪਾਰਟੀਆਂ ਦੀ ਮਦਦ ਤੇ ਨਿਗਰਾਨੀ ਲਈ ਚੋਣ ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਨੇ ਵੋਟਾਂ ਪਾਉਣ ਦੇ ਅਮਲ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਅਧਿਕਾਰੀਆਂ, ਸਮੁੱਚੇ ਚੋਣ ਅਮਲੇ ਅਤੇ ਅਮਨ-ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਸ਼ਾਂਤਮਈ ਚੋਣਾਂ ਲਈ ਪਿੰਡਾਂ ਦੇ ਸੂਝਵਾਨ ਵੋਟਰਾਂ ਦੀ ਵੀ ਧੰਨਵਾਦ ਕੀਤਾ।

