ਬਿਜਲੀ ਕਾਮਿਆਂ ਵੱਲੋਂ ਹੈਡ ਆਫਿਸ ਪਟਿਆਲਾ ਅੱਗੇ ਪੰਜਵੇਂ ਦਿਨ ਰੋਸ ਪ੍ਰਦਰਸ਼ਨ।
26 ਨਵੰਬਰ ਤੱਕ ਰੋਸ ਪ੍ਰਦਰਸ਼ਨ ਅਤੇ ਮਾਸ ਕੈਜੂਅਲ ਲੀਵ ਤੇ ਰਹਿਣਗੇ।
2 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੁਰਿੰਡਾ ਵਿਖੇ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਤੇਜ।
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜਮਾਂ ਦੀਆਂ 14 ਜਥੇਬੰਦੀਆਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਹੈਡ ਆਫਿਸ ਪਟਿਆਲਾ ਅੱਗੇ ਪੰਜਵੇਂ ਦਿਨ ਛੁੱਟੀ ਦੇ ਬਾਵਜੂਦ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਮ੍ਰਿਤਕਾਂ ਦੇ ਆਸ਼ਰਿਤ ਪਰਿਵਾਰਾਂ ਵਲੋਂ ਵੀ ਸਮੂਲੀਅਤ ਕੀਤੀ ਗਈ। ਰੋਸ ਪ੍ਰਦਰਸ਼ਨ ਸਮੇਂ ਜਥੇਬੰਦੀਆਂ ਦੇ ਆਗੂ ਸਰਬ ਸਾਥੀ ਕਰਮਚੰਦ ਭਾਰਦਵਾਜ, ਅਵਤਾਰ ਸਿੰਘ ਕੈਂਥ, ਗੁਰਪ੍ਰੀਤ ਸਿੰਘ, ਅਮਰ ਨਾਥ, ਚਰਨਜੀਤ ਸਿੰਘ ਦਿਓਲ, ਲਖਵੀਰ ਸਿੰਘ ਅਤੇ ਬਲਵਿੰਦਰ ਸਿੰਘ ਸੰਧੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਉਹ ਮੁਲਾਜਮਾਂ ਦੀਆਂ 22 ਨੁਕਾਤੀ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਤੋਂ ਟਾਲ ਮਟੋਲ ਕਰਕੇ ਲਾਗੂ ਕਰਨ ਤੋਂ ਇਨਕਾਰੀ ਹੈ। ਪੇ—ਬੈਂਡ ਵਿੱਚ ਵਾਧੇ ਦੀ ਮੰਗ ਲਾਗੂ ਕਰਨ ਤੋਂ ਬਿਨਾਂ ਹੀ ਮੁਲਾਜਮਾਂ ਦੇ ਤਨਖਾਹ ਸਕੇਲ ਇਕਤਰਫਾ ਸੋਧਨ ਲਈ ਸਰਕੂਲਰ ਜਾਰੀ ਕਰਕੇ, ਮੁਲਾਜਮਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਸ ਕਾਰਨ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਵਾਧੇ ਦੀ ਥਾਂ ਘਾਟਾ ਪਵੇਗਾ। ਇਸ ਤਰ੍ਹਾਂ ਬਿਜਲੀ ਕਰਮਚਾਰੀਆਂ ਨਾਲ ਧੋਖਾ ਕੀਤਾ ਗਿਆ ਹੈ।
ਇਸ ਧੱਕੇਸ਼ਾਹੀ ਵਿਰੁੱਧ ਬਿਜਲੀ ਮੁਲਾਜਮਾਂ ਵਿੱਚ ਸਖਤ ਰੋਸ ਹੈ। ਉਨ੍ਹਾਂ ਸੰਘਰਸ਼ ਤੋਂ ਬਾਹਰ ਰਹੀਆਂ ਜਥੇਬੰਦੀਆਂ ਨੂੰ ਸਾਥ ਦੇਣ ਅਤੇ ਏਕਾ ਬਣਾਈ ਰੱਖਣ ਦੀ ਅਪੀਲ ਕੀਤੀ। ਆਗੂਆਂ ਨੇ 16—07—2020 ਤੋਂ ਬਾਅਦ ਨਵ ਨਿਯੁਕਤ ਕਰਮਚਾਰੀਆਂ ਉਪਰ ਕੇਂਦਰ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਵੀ ਨਿੰਦਾ ਕੀਤੀ। ਆਗੂਆਂ ਨੇ ਪਿਛਲੀਆਂ ਮੀਟਿੰਗਾਂ ਵਿੱਚ ਬਣੀਆ ਸਹਿਮਤੀਆਂ ਪੇ ਬੈਂਡ ਵਿੱਚ ਵਾਧਾ, ਤੀਜੀ ਤਰੱਕੀ ਸਮੇਂ ਹੀ 23 ਸਾਲਾਂ ਦੀ ਸੇਵਾ ਲਾਭ ਦਾ ਮਿਲਾਨ ਕਰਨ, ਕੱਚੇ ਕਾਮੇ ਪੱਕੇ ਕਰਨ, ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ, ਸਾਰੇ ਵਰਗਾਂ ਦੀਆਂ ਬਣਦੀਆਂ ਤਰੱਕੀਆਂ, ਕੱਚੇ ਕਾਮੇ ਪੱਕੇ ਕਰਨ, ਸਬ ਸਟੇਸ਼ਨ ਸਟਾਫ ਦਾ ਓਵਰ ਟਾਇਮ ਦੇਣ, ਸਹਾਇਕ ਲ.ਮ. ਨੂੰ ਪੂਰੀ ਤਨਖਾਹ ਦੇਣ ਅਤੇ ਉਸਦੀਆਂ ਡਿਊਟੀਆਂ ਵਿੱਚ ਕੀਤੀ ਸੋਧ ਵਾਪਸ ਲੈਣ ਆਦਿ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਪਾਵਰਮੈਨੇਜਮੈਂਟ ਦੀ ਅਣਫੇਅਰ ਲੇਬਰ ਪ੍ਰੈਕਟਿਸ ਕਰਨ ਦੀ ਨਿੰਦਾ ਕਰਦਿਆਂ ਬਿਜਲੀ ਵਰਗੇ ਸੰਵੇਦਨਸ਼ੀਲ ਅਦਾਰੇ ਨੂੰ ਸਨਅਤੀ ਮਾਹੌਲ ਖਰਾਬ ਕਰਨ ਦੀ ਥਾਂ ਆਪਸੀ ਗੱਲਬਾਤ ਰਾਹੀਂ ਮੁਲਾਜਮਾਂ ਦਾ ਰੋਸ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਪੇ ਬੈਂਡ, ਪੇ ਰਵੀਜਨ ਅਤੇ ਹੋਰ ਮੰਗਾਂ ਨਾ ਮੰਨੀਆਂ ਤਾਂ ਬਿਜਲੀ ਕਾਮੇ ਆਪਣੇ 26 ਨਵੰਬਰ ਤੱਕ ਸਮੂਹਿਕ ਛੁੱਟੀ ਅਤੇ 2 ਦਸੰਬਰ ਦੇ ਮੋਰਿੰਡਾ ਵਿਖੇ ਸੂਬਾਈ ਧਰਨੇ ਉਪਰੰਤ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰਨਗੇ।

