ਪੰਜਾਬਪਟਿਆਲਾ

ਮੁੱਖ ਮੰਤਰੀ ਦੇ ਸ਼ਹਿਰ ‘ਚ ਕਿਸਾਨਾਂ ਨੇ ਲਾਇਆ ਮੋਰਚਾ, ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਪਟਿਆਲਾ 2 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਦੇ ਖੇਤਰੀ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਆਂ ਉਗਰਾਹਾਂ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ਼ ਭੜਾਸ ਵੀ ਕੱਢੀ।

ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਮੰਗ ਕੀਤੀ ਕਿ ਕਰਜਾ ਲੈਣ ਮੌਕੇ ਲਏ ਗਏ ਖਾਲੀ ਪਰਨੋਟ ਤੇ ਚੈੱਕ ਵਾਪਸ ਕੀਤੇ ਜਾਣ। ਮੰਗ ਪੂਰੀ ਨਾ ਹੋਣ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਧਰਨਾ ਲਗਾਤਾਰ ਜਾਰੀ ਰਹੇਗਾ। ਪੱਕਾ ਮੋਰਚਾ ਲਾਉਣ ਲਈ ਕਿਸਾਨ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਕਰਕੇ ਆਏ ਹਨ। ਕਿਸਾਨ ਟਰਾਲੀਆਂ ਵਿਚ ਸਬਜੀਆਂ, ਲੱਕੜਾਂ, ਆਟਾ ਤੇ ਰਜਾਈਆਂ ਬਿਸਤਰੇ ਲੈ ਕੇ ਪੁੱਜੇ। ਮੰਗਲਵਾਰ ਦੀ ਦੁਪਹਿਰ ਕਿਸਾਨਾਂ ਵਲੋਂ ਸ਼ੇਰਾਂ ਵਾਲਾ ਗੇਟ ਵਿਖੇ ਐਸਬੀਆਈ ਦਫਤਰ ਅੱਗੇ ਸੜਕ ‘ਤੇ ਧਰਨਾ ਦਿੱਤਾ ਗਿਆ। ਪੁਲਿਸ ਵਲੋਂ ਗੱਲਬਾਤ ਕਰਨ ‘ਤੇ ਕਿਸਾਨਾਂ ਨੇ ਸੜਕ ਤੋਂ ਧਰਨਾ ਤਾਂ ਚੁੱਕਾ ਦਿੱਤਾ ਗਿਆ ਸੜਕ ਕਿਨਾਰੇ ਪੱਕਾ ਮੋਰਚਾ ਲਗਾ ਦਿੱਤਾ ਹੈ। ਕਿਸਾਨਾਂ ਵਲੋਂ ਸੜਕ ਕੰਢੇ ਹੀ ਭੱਠੀਆਂ ਬਾਲ ਕੇ ਰੋਟੀ ਤੇ ਚਾਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਕਰਜਿਆਂ ਬਦਲੇ ਬੈਂਕਾਂ ਤੇ ਸ਼ਾਹੂਕਾਰਾਂ ਵਲੋਂ ਕਿਸਾਨਾਂ ਦੇ ਖਾਲੀ ਪਰਨੋਟ ਤੇ ਖਾਲੀ ਚੈੱਕ ਲਏ ਗਏ ਸਨ। ਜਿਨਾਂ ਨੂੰ ਵਾਪਸ ਕਰਵਾਉਣ ਸਬੰਧੀ ਚੋਣ ਦੋਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ‘ ਕਰਜਾ ਕੁਰਕੀ ਖਤਮ ਤੇ ਫਸਲ ਦੀ ਪੂਰੀ ਰਕਮ’ ਨਾਅਰਾ ਦਿੱਤਾ ਗਿਆ ਸੀ ਪ੍ਰੰਤੂ ਬੈਂਕ ਤੇ ਸ਼ਾਹੂਕਾਰਾਂ ਵਲੋਂ ਕੁਰਕੀਆਂ ਜਾਰੀ ਹਨ। ਕਰਜੇ ਤੋਂ ਸਤਾਏ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਦੀ ਅਗਵਾਈ ਹੇਠ ਐਸਬੀਆਈ ਦਫਤਰ ਅੱਗੇ ਮਜਬੂਰਨ ਧਰਨਾ ਲਾਉਣਾ ਪਿਆ ਹੈ। ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਸਾਡੀ ਫਸਲਾਂ ਦੀ ਲੁੱਟ ਕੀਤੀ ਹੈ ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਇਆ ਹੈ। ਉਨਾਂ ਕਿਹਾ ਕਿ ਯੂਨੀਅਨ ਵਲੋਂ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਖਜਾਨਚੀ ਜਸਵਿੰਦਰ ਸਿੰਘ ਬਰਾਸ, ਰਘਵੀਰ ਸਿੰਘ ਮਿਲਾਕ, ਜਸਵਿੰਦਰ ਸਿੰਘ ਬਿਸ਼ਨਪੁਰਾ, ਬਲਵਿੰਦਰ ਸਿੰਘ ਘੱਗਾ, ਲਾਭ ਸਿੰਘ ਬਰਾਸ, ਭਜਨ ਸਿੰਘ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਉਨਾਂ ਦਾ ਪੱਕਾ ਧਰਨਾ ਬੈਂਕ ਦੇ ਸਾਹਮਣੇ ਲਗਾਤਾਰ ਜਾਰੀ ਰਹੇਗੀ।

Leave a Reply

Your email address will not be published. Required fields are marked *