ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਹੁਦੇਦਾਰਾਂ ਨੇ ਕੀਤੀ ਮੁਲਾਕਾਤ

ਛੀਨਾ ਨੇ ਸ੍ਰੀ ਮੋਦੀ ਨਾਲ ਕਰਤਾਰਪੁਰ ਕੋਰੀਡੋਰ, 84 ਸਿੱਖ ਕਤਲੇਆਮ ਤੇ ਹੋਰ ਅਹਿਮ ਮੁੱਦਿਆਂ ‘ਤੇ ਕੀਤੀ ਵਿਚਾਰ‐ਚਰਚਾ
ਅੰਮ੍ਰਿਤਸਰ, 2 ਜਨਵਰੀ (ਮਧੂਸਾਰ ਬਿਊਰੋ) ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ 7 ਮੈਂਬਰੀ ਵਫ਼ਦ ਨੇ ਸੰਸਦ ਭਵਨ ਵਿਖੇ ਮੁਲਾਕਾਤ ਕੀਤੀ।

ਇਸ ਮੌਕੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਿੱਖਾਂ ਦੀ ਬੜ੍ਹੇ ਚਿਰਾਂ ਤੋਂ ਚੱਲੀ ਆ ਰਹੀ ਮੰਗ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੀ ਪਹਿਲਕਦਮੀ ਲਈ ਭਾਰਤ ਸਰਕਾਰ ਖਾਸਕਰ ਸ੍ਰੀ ਮੋਦੀ ਦਾ ਧੰਨਵਾਦ ਕਰਨ ਅਤੇ ਸੰਨ 1984 ‘ਚ ਹੋਏ ਘੱਟ ਗਿਣਤੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤੋਂ ਇਲਾਵਾ ਘੱਟ ਗਿਣਤੀ ਭਾਈਚਾਰੇ ਦੀਆਂ ਹੋਰਨਾਂ ਦਰਪੇਸ਼ ਮੁਸ਼ਕਿਲਾਂ ‘ਤੇ ਵਿਚਾਰ‐ਚਰਚਾ ਕੀਤੀ। ਸ੍ਰੀ ਮੋਦੀ ਨਾਲ 25 ਮਿੰਟ ਤੋਂ ਵਧੇਰੇ ਸਮੇਂ ਦੀ ਮੀਟਿੰਗ ਕਰਨ ਉਪਰੰਤ ਵਫ਼ਦ ਨੇ ਦੇਸ਼ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਵੀ ਮੁਲਾਕਾਤ ਕੀਤੀ।
ਸ: ਛੀਨਾ ਦੀ ਅਗਵਾਈ ਹੇਠ ਦਿੱਲੀ ਪੁੱਜੇ ਇਸ ‘ਚ ਵਫ਼ਦ ‘ਚ ਕੌਂਸਲ ਦੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਸ: ਅਜ਼ਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਅੰਡਰ ਸੈਕਟਰੀ ਸ: ਡੀ. ਐਸ. ਰਟੌਲ ਵੀ ਮੌਜ਼ੂਦ ਸਨ। ਇਸ ਮੌਕੇ ਸ: ਛੀਨਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਈ ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਨੂੰ ਸਾਲ‐2019 ‘ਚ ਸਮਰਪਿਤ ਕਰਨ ਲਈ ਕੇਂਦਰ ਸਰਕਾਰ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਹੁਣ ਨਿਆਂਪਾਲਿਕਾ ਨੇ ਚੋਟੀ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਸਜ਼ਾ ਦਿੱਤੀ ਹੈ।
ਇਸ ਮੌਕੇ ਸ: ਛੀਨਾ ਨੇ ਪ੍ਰਧਾਨ ਮੰਤਰੀ ਨੂੰ ਘੱਟ ਗਿਣਤੀ ਵਿੱਦਿਅਕ ਸੰਸਥਾਵਾਂ ਲਈ ਦਾਨ, ਗ੍ਰਾਂਟ ਅਤੇ ਹੋਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵੱਖ‐ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਲਈ ਅਜਿਹੀਆਂ ਸਕੀਮਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ। ਸ: ਛੀਨਾ ਨੇ ਪ੍ਰਧਾਨ ਮੰਤਰੀ ਨਾਲ ਖੇਤੀਬਾੜੀ ਖੇਤਰ ਦੇ ਵਰਤਮਾਨ ਦ੍ਰਿਸ਼ਟੀ ‘ਤੇ ਵੀ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ ਜਿਸ ਨਾਲ ਦੁੱਖੀ ਕਿਰਸਾਨੀ ਦੇ ਖੇਤਰ ‘ਚ ਇਕ ਨਵੀਂ ਕ੍ਰਾਂਤੀ ਆਵੇਗੀ। ਸ: ਛੀਨਾ ਨੇ ਪ੍ਰਧਾਨ ਮੰਤਰੀ ਨਾਲ ਗੁਰੂ ਨਗਰੀ ਦੇ ਵਿਕਾਸ ਦੇ ਮੁੱਦਿਆਂ ‘ਤੇ ਵੀ ਵਿਚਾਰ‐ਚਰਚਾ ਕੀਤੀ। ਇਸ ਮੌਕੇ ਸ: ਛੀਨਾ ਨੇ 1892 ਤੋਂ ਸਥਾਪਿਤ ਉਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਇਤਿਹਾਸਕ ਸਬੰਧੀ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਕਾਲਜ ਦੇ ਹੋਂਦ ‘ਤੇ ਆਉਣ ਦੇ ਦੌਰ ਤੋਂ ਹੀ ਕਿਸਾਨੀ ਭਾਈਚਾਰੇ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਵਿਹਾਰਕ ਮੁਸ਼ਕਿਲਾਂ ਦੇ ਹੱਲ ਲਈ ਸਭ ਤੋਂ ਪੁਰਾਣਾ ਖੇਤੀਬਾੜੀ ਵਿਭਾਗ ਚਲਾ ਰਿਹਾ ਹੈ।
ਸ: ਛੀਨਾ ਨੇ ਕਿਹਾ ਕਿ ਸੰਨ 1890 ‘ਚ ਬ੍ਰਿਟਿਸ਼ ਯੁੱਗ ‘ਚ ਸਥਾਪਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਭਾਰਤ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਹੈ, ਜੋ 19 ਵਿੱਦਿਅਕ ਅਦਾਰਿਆਂ ਨੂੰ ਸਫ਼ਲਤਾਪੂਰਵਕ ਚਲਾ ਰਿਹਾ ਹੈ, ਜਿਸ ‘ਚ ਇਤਿਹਾਸਕ ਖ਼ਾਲਸਾ ਕਾਲਜ ਦੀ ਇਮਾਰਤ ਇਕ ਵਿਲੱਖਣ ਤੇ ਅਦਭੁੱਤ ਸੰਸਥਾ ਵਜੋਂ ਸਥਿਤ ਹੈ ਅਤੇ ਕੌਂਸਲ ਅਧੀਨ ਨਾਮਵਰ ਵਿੱਦਿਅਕ ਅਦਾਰੇ ਮੋਹਾਲੀ (ਚੰਡੀਗੜ੍ਹ) ਤੱਕ ਸਥਾਪਿਤ ਹਨ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾ ਨਾਲ ਵਫਦ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਗੱਲਬਾਤ ‘ਚ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ‘ਚ ਦੇਸ਼ ਲਈ ਬਲੀਦਾਨਾਂ ਸਬੰਧੀ ਬਹਾਦਰੀ ਅਤੇ ਇਤਿਹਾਸ ਲਈ ਉਹ ਸਿੱਖ ਕੌਮ ਦੇ ਬਹੁਤ ਪ੍ਰਸੰਸਕ ਹਨ। ਸ੍ਰੀ ਮੋਦੀ ਨੇ ਸਿੱਖਾਂ ਨੂੰ ਸ਼ਾਂਤੀਪੂਰਨ, ਉੱਦਮੀ ਭਾਈਚਾਰੇ ਦੇ ਤੌਰ ‘ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੌਮ ਦੇ ਵਿਕਾਸ ਅਤੇ ਤਰੱਕੀ ‘ਚ ਉਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ।

Leave a Reply

Your email address will not be published. Required fields are marked *