ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਮੁਲਾਜਮਾਂ-ਮਜਦੂਰਾਂ ਵਲੋਂ ਰੈਲੀ
ਪਟਿਆਲਾ 8 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਵਿਖੇ ਬੱਸ ਸਟੈਂਡ ਉਪਰ ਵੱਖ-ਵੱਖ ਅਦਾਰਿਆਂ ਅਤੇ ਸਨਅਤੀ ਖੇਤਰ ਦੇ ਮੁਲਾਜਮਾਂ-ਮਜਦੂਰਾਂ ਵਲੋਂ 8 ਅਤੇ 9 ਜਨਵਰੀ ਦੀ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੁੰਦਿਆ ਵਿਸ਼ਾਲ ਰੈਲੀ ਕੀਤੀ ਅਤੇ ਉਪਰੰਤ ਪਟਿਆਲਾ ਸ਼ਹਿਰ ਦੇ ਬਜਾਰਾਂ ਵਿੱਚੋਂ ਦੀ ਲਾਮਿਸਾਲ ਜਲੂਸ ਕੱਢਿਆ। ਮੁਲਾਜਮਾਂ, ਮਜਦੂਰਾਂ ਦੇ ਹੱਥਾਂ ਵਿੱਚ ਬੈਨਰ, ਝੰਡੇ ਅਤੇ ਵੱਖ-ਵੱਖ ਮੰਗਾਂ ਦਰਸਾਉਂਦੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਜਲੂਸ ਦੀ ਸ਼ਕਲ ਵਿੱਚ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਬੱਸ ਸਟੈਂਡ ਪਟਿਆਲਾ ਤੇ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਵਿਆਪੀ ਹੜਤਾਲ ਦਾ ਸੱਦਾ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤਾ ਗਿਆ ਸੀ। ਧਾਲੀਵਾਲ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਹੜਤਾਲ ਕੀਤੀ ਗਈ ਉਨ੍ਹਾਂ ਦਾ ਜਿਕਰ ਕਰਦਿਆਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਦੇਸ਼ ਦੀ ਵਾਗ ਡੋਰ ਸੰਭਾਲੀ ਉਸੇ ਸਮੇਂ ਤੋਂ ਦੇਸ਼ ਦੀ ਜਨਤਾ ਦੀ ਮੰਦਹਾਲੀ ਦਾ ਦੌਰ ਵੀ ਸ਼ੁਰੂ ਹੋਇਆ ਸੀ ਅਤੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਅਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਤ ਕਰਨ ਦੇ ਹੱਥਕੰਡੇ ਬੀ.ਜੇ.ਪੀ. ਅਤੇ ਆਰ.ਐਸ.ਐਸ. ਦੇ ਆਗੂਆਂ ਨੇ ਖੁਲਿਆਮ ਅਪਣਾਉਣੇ ਸ਼ੁਰੂ ਕੀਤੇ ਹੋਏ ਹਨ। ਇਸ ਤੋਂ ਇਲਾਵਾ ਆਰਥਕ ਤੌਰ ਤੇ ਗਰੀਬ ਲੋਕਾਂ ਨੂੰ ਮੋਦੀ ਸਰਕਾਰ ਨੇ ਹੋਰ ਗਰੀਬ ਕਰਨ ਦੀਆਂ ਨੀਤੀਆਂ ਬਹੁਕੋਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਘੜਕੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਮਜਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਲੇਬਰ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਕਰਕੇ ਮਜਦੂਰਾਂ ਦੇ ਹੱਕਾਂ ਉਪਰ ਵੱਡਾ ਹਮਲਾ ਕੀਤਾ ਹੈ। ਠੇਕੇਦਾਰੀ ਅਤੇ ਆਊਟ ਸੋਰਸਿੰਗ ਸਿਸਟਮ ਅਧੀਨ ਨਿਗੁਣੀਆਂ ਤਨਖਾਹਾਂ ਬਦਲੇ ਨੌਜੁਆਨਾਂ ਦਾ ਗੰਭੀਰ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਰੋਕਣਾ, ਸੁਪਰੀਮ ਕੋਰਟ ਦਾ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕਰਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ, ਸਕੀਮ ਵਰਕਰਾਂ ਨੂੰ ਰੈਗੂਲਰ ਕਰਵਾਉਣਾ, ਵਿਦਿਅਕ ਅਤੇ ਸਿਹਤ ਸਹੂਲਤਾਂ ਦਾ ਨਿੱਜੀਕਰਨ ਰੋਕਣਾ, ਸਭਭਨਾਂ ਲਈ ਸਮਾਜਿਕ ਸੁਰੱਖਿਆ ਯੋਜਨਾ ਬਣਾਉਣਾ, ਨੌਜੁਆਨਾਂ ਨੂੰ ਰੁਜਗਾਰ ਦੇਣਾ ਆਦਿ ਮੁੱਦੇ ਇਸ ਹੜਤਾਲ ਦਾ ਕੇਂਦਰ ਬਿੰਦੂ ਹਨ।
ਰੈਲੀ ਨੂੰ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ ਪ੍ਰਧਾਨ ਪ.ਸ.ਸ.ਫ., ਹਰੀ ਸਿੰਘ ਟੌਹੜਾ ਪ੍ਰਧਾਨ ਸਟੇਟ ਕਰਮਚਾਰੀ ਦਲ, ਦਰਸ਼ਨ ਸਿੰਘ ਬੇਲੂਮਾਜਰਾ ਪ.ਸ.ਸ.ਫ. (ਸਤੀਸ਼ ਰਾਣਾ) ਆਗੂ, ਉਤਮ ਸਿੰਘ ਬਾਗੜੀ, ਜਗਮੋਹਨ ਨੋਲੱਖਾ, ਗੁਰਵਿੰਦਰ ਸਿੰਘ ਗੋਲਡੀ ਪ੍ਰਧਾਨ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ, ਮੁਹੰਮਦ ਖਲੀਲ, ਕਰਮਚੰਦ ਗਾਂਧੀ, ਇੰਦਰਜੀਤ ਢਿੱਲੋਂ ਆਦਿ ਆਗੂਆਂ ਨੇ ਵੱਖ-ਵੱਖ ਮੁੱਦਿਆਂ ਦੀ ਭਰਪੂਰ ਵਿਆਖਿਆ ਸਹਿਤ ਸੰਬੋਧਨ ਕਰਦਿਆ ਮਜਦੂਰ ਜਮਾਤ ਨੂੰ ਸਖਤ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆ ਮਜਦੂਰਾਂ ਨੂੰ ਸਰਮਾਏਦਾਰੀ ਪ੍ਰਬੰਧ ਦੀ ਲੁੱਟ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਤੇ ਵੀ ਜੋਰ ਦਿੱਤਾ ਅਤੇ ਕਲ 9 ਜਨਵਰੀ ਨੂੰ ਫਿਰ ਲੇਬਰ ਦਫਤਰ ਪਟਿਆਲਾ ਸਾਹਮਣੇ ਰੈਲੀ ਵਿੱਚ ਪੁੱਜਣ ਤੇ ਜੋਰ ਦਿੱਤਾ।
ਰੈਲੀ ਦੀ ਸਮਾਪਤੀ ਉਪਰੰਤ ਇੱਕ ਵਿਸ਼ਾਲ ਜਲੂਸ ਬਜਾਰਾਂ ਵਿੱਚੋਂ ਦੀ ਕੱਢਿਆ ਗਿਆ। ਜਿਸ ਵਿੱਚ ਮੋਦੀ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਨ ਦੇ ਨਾਲ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਕੋਸਿਆ ਗਿਆ।
ਅੱਜ ਦਾ ਰੈਲੀ ਦੀ ਸਟੇਜ਼ ਦੀ ਕਾਰਵਾਈ ਸ੍ਰੀ ਸੁਖਦੇਵ ਰਾਮ ਸੁੱਖੀ ਨੇ ਨਿਭਾਈ ਅਤੇ ਭਿੰਦਰ ਸਿੰਘ ਪ੍ਰਧਾਨ ਭਾਈਚਾਰਾ ਯੂਨੀਅਨ ਨੇ ਧੰਨਵਾਦ ਕੀਤਾ।

