ਸਵੱਛ ਭਾਰਤ ਸਰਵੇਖਣ-2019 ਦਾ ਏ.ਡੀ.ਸੀ. ਨੇ ਲਿਆ ਜਾਇਜ਼ਾ
ਸਰਕਾਰੀ ਦਫ਼ਤਰਾਂ ਤੇ ਆਲੇ-ਦੁਆਲੇ ਦਾ ਨਿਰੀਖਣ ਖ਼ੁਦ ਡਿਪਟੀ ਕਮਿਸ਼ਨਰ ਕਰਨਗੇ-ਪਰੇ
ਪਟਿਆਲਾ, 14 ਜਨਵਰੀ (ਮਧੂਸਾਰ ਬਿਊਰੋ) ਸਵੱਛ ਭਾਰਤ ਸਰਵੇਖਣ-2019 ਤਹਿਤ ਪਟਿਆਲਾ ਸ਼ਹਿਰ ਨੂੰ ਸਵੱਛਤਾ ਰੈਕਿੰਗ ‘ਚ ਮੋਹਰੀ ਸਥਾਨ ਦਿਵਾਉਣ ਲਈ ਜਿੱਥੇ ਸਰਕਾਰੀ ਦਫ਼ਤਰਾਂ ਦੀ ਸਾਫ਼ ਸਫ਼ਾਈ ਸੁਚੱਜੇ ਢੰਗ ਨਾਲ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ, ਉਥੇ ਹੀ ਆਮ ਲੋਕਾਂ ਨੂੰ ਵੀ ਸ਼ਹਿਰ ਨੂੰ ਸਵੱਛ ਬਨਾਉਣ ਲਈ ਅਪੀਲ ਕੀਤੀ ਗਈ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਵੱਛਤਾ ਸਰਵੇਖਣ ਤਹਿਤ ਸਰਕਾਰੀ ਦਫ਼ਤਰਾਂ ‘ਚ ਕਰਵਾਈ ਗਈ ਸਾਫ਼ ਸਫ਼ਾਈ ਦਾ ਜਾਇਜ਼ਾ ਲੈਣ ਲਈ ਸਮੂਹ ਸਰਕਾਰੀ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ‘ਚ ਕੀਤਾ।
ਸ੍ਰੀ ਪਰੇ ਨੇ ਇਸ ਮੌਕੇ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਦਫ਼ਤਰਾਂ ‘ਚ ਪਖਾਨਿਆਂ ਦੀ ਸਵੱਛਤਾ ਸਮੇਤ ਗੰਦਗੀ ਰਹਿਤ ਆਲਾ-ਦੁਆਲਾ, ਕੂੜਾਦਾਨ ਦੀ ਵਰਤੋਂ, ਦਫ਼ਤਰ ਦੀ ਬਾਹਰੀ ਦਿਵਾਰ ‘ਤੇ ਸਵੱਛ ਸਰਵੇਖਣ-2019 ਦਾ ਲੋਗੋ ਆਦਿ ਤੇ ਦਫ਼ਤਰ ‘ਚ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਉਹ ਖ਼ੁਦ, ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀਮਤੀ ਪੂਨਮਦੀਪ ਕੌਰ ਅਤੇ ਨਗਰ ਨਿਗਮ ਤੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਸਮੂਹ ਦਫ਼ਤਰਾਂ ਦਾ 15 ਜਨਵਰੀ ਤੋਂ ਨਿਰੀਖਣ ਸ਼ੁਰੂ ਕਰਨਗੇ ਅਤੇ ਜੇਕਰ ਸਾਫ਼-ਸਫ਼ਾਈ ‘ਚ ਕੋਈ ਕਮੀ ਪਾਈ ਗਈ ਤਾਂ ਇਸਦਾ ਗੰਭੀਰ ਨੋਟਿਸ ਲਿਆ ਜਾਵੇਗਾ।
ਸ੍ਰੀ ਪਰੇ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਨੂੰ ਸਵੱਛਤਾ ਰੈਕਿੰਗ ਵਿੱਚ ਮੋਹਰੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ, ਜਿਸ ਨੂੰ ਸਮੂਹ ਸ਼ਹਿਰ ਨਿਵਾਸੀ ਕਾਮਯਾਬ ਕਰਨ ਤਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫ਼ਲ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ‘ਚ 4 ਜਨਵਰੀ ਤੋਂ ਸ਼ੁਰੂ ਹੋਇਆ ਸਰਵੇਖਣ 31 ਜਨਵਰੀ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਸਵੱਛ ਸਰਵੇਖਣ 2019 ਤਹਿਤ ਕੇਂਦਰ ਸਰਕਾਰ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਨਿਰੀਖਣ ਕੀਤਾ ਜਾਣਾ ਹੈ, ਜਿਸ ਲਈ ਹਰ ਨਾਗਰਿਕ ਇਸ ‘ਚ ਸਹਿਯੋਗ ਕਰੇ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਸਵੱਛਤਾ ਐਪ ਵੀ ਆਪਣੇ ਮੁਬਾਇਲਾਂ ‘ਚ ਡਾਊਨਲੋਡ ਕਰਨ ਦੀ ਅਪੀਲ ਕੀਤੀ ਤਾਂ ਕਿ ਸਮੂਹ ਸ਼ਹਿਰੀਆਂ ਤੇ ਵਿਭਾਗਾਂ ਦੇ ਸਹਿਯੋਗ ਨਾਲ ਸਵੱਛ ਰੈਕਿੰਗ ‘ਚ ਪਟਿਆਲਾ ਸ਼ਹਿਰ ਨੂੰ ਮੋਹਰੀ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਜਾ ਸਕੇ।
ਏ.ਡੀ.ਸੀ. ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਸਕੂਲਾਂ ਅਤੇ ਕਾਲਜਾਂ ਦੇ ਮੁਖੀ ਇਹ ਯਕੀਨੀ ਬਨਾਉਣ ਕਿ ਉਹ ਆਪਣੇ ਦਫ਼ਤਰ/ਅਦਾਰਿਆਂ ਅਤੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਜਾਇਦਾਦਾਂ ਅਤੇ ਸਥਾਨਾਂ ਨੂੰ ਸੁਚੱਜੇ ਢੰਗ ਨਾਲ ਸਾਫ਼-ਸੁਥਰਾ ਬਣਾਉਣ। ਉਨ੍ਹਾਂ ਸ਼ਹਿਰੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਆਪਣੇ ਸ਼ਹਿਰ ਨੂੰ ਸਫ਼ਾਈ ਪੱਖੋਂ ਮੋਹਰੀ ਸ਼ਹਿਰਾਂ ਵਿੱਚ ਲਿਆਉਣ ਲਈ ਸਹਿਯੋਗ ਦੇਣ ਤੇ ਘਰਾਂ ਦਾ ਕੂੜਾ ਸੜਕਾਂ ‘ਤੇ ਸੁੱਟਣ ਦੀ ਬਜਾਏ ਨਗਰ ਨਿਗਮ ਵੱਲੋਂ ਨਿਰਧਾਰਤ ਸਥਾਨਾਂ ‘ਤੇ ਹੀ ਸੁਟਵਾਇਆ ਜਾਵੇ।
ਮੀਟਿੰਗ ਦੌਰਾਨ ਐਸ.ਡੀ.ਐਮ. ਦੂਧਨ ਸਾਧਾਂ ਸ੍ਰੀ ਅਜੇ ਅਰੋੜਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਹਰਕੀਰਤ ਕੌਰ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ.ਈ.ਓ. ਚਰਨਜੋਤ ਸਿੰਘ ਵਾਲੀਆ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਭੂਸ਼ਣ ਸਿੰਘ ਬਾਜਵਾ, ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ, ਡੀ.ਐਸ.ਐਸ.ਓ. ਵਰਿੰਦਰ ਸਿੰਘ ਟਿਵਾਣਾ, ਡੀ.ਪੀ.ਓ. ਗੁਲਬਹਾਰ ਸਿੰਘ ਤੂਰ, ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਲਜੀਤ ਸਿੰਘ ਬਰਾੜ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਸਮੇਤ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

