ਪੰਜਾਬਪਟਿਆਲਾ

ਸਵਾਈਨ ਫਲੂ ਦੀ ਜਾਗਰੂਕਤਾ ਸਬੰਧੀ ਪੋਸਟਰ ਹੋਇਆ ਜਾਰੀ

ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ – ਡਿਪਟੀ ਕਮਿਸ਼ਨਰ
ਪਟਿਆਲਾ,17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਸਰਦੀ ਦੇ ਮੌਸਮ ਵਿਚ ਸਵਾਈਨ ਫਲੂ ਵਰਗੀਆਂ ਬਿਮਾਰੀਆਂ ਦੇ ਹੋਣ ਦੇ ਖਦਸ਼ੇ ਨੂੰ ਦੇਖਦੇ ਹੋਏ, ਆਮ ਲੋਕਾਂ ਵਿਚ ਬਿਮਾਰੀ ਦੀ ਜਾਗਰੂਕਤਾ ਲਈ ਸਵਾਈਨ ਫਲੂ ਦੇ ਲੱਛਣਾਂ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਨੁਕਤੇ ਦਰਸਾਉਂਦਾ ਪੋਸਟਰ ਜਾਰੀ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਵਾਈਨ ਫਲੂ ਵਰਗੀ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀ ਅਤੇ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਸਕਦਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਆਦਾ ਸਰਦੀ ਦੇ ਮੌਸਮ ਵਿਚ ਆਮ ਤੋਰ ਤੇ ਲੋਕਾਂ ਵਿਚ ਇਮੀਉਨਿਟੀ ਘੱਟ ਜਾਂਦੀ ਹੈ ਜਿਸ ਕਾਰਨ ਬਿਮਾਰੀਆਂ ਦੀ ਲਾਗ ਜ਼ਿਆਦਾ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਵਿਚ ਬਜ਼ੁਰਗਾਂ ਨੂੰ ਸਵੇਰ ਸਮੇਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਸਰਦੀ ਦੇ ਮੌਸਮ ਵਿਚ ਆਪਣਾ ਸਰੀਰ ਪੂਰੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਸਵਾਈਨ ਫਲ਼ੂ ਦੀਆਂ ਦਵਾਈਆਂ ਟੈਮੀਫਲੂ ਜ਼ਿਲ੍ਹਾ, ਸਬ ਡਵੀਜ਼ਨ ਅਤੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਉਪਲਬਧ ਹਨ ਅਤੇ ਸਵਾਈਨ ਫਲੂ ਕੈਟਾਗਰੀ ਸੀ ਦੇ ਮਰੀਜ਼ਾ ਦਾ ਟੈਸਟ ਪੀ.ਜੀ.ਆਈ ਚੰਡੀਗੜ ਤੋਂ ਅਤੇ ਰਾਜਿੰਦਰਾ ਹਸਪਤਾਲ ਵਿਚ ਮੁਫਤ ਕਰਵਾਇਆ ਜਾਂਦਾ ਹੈ।
ਡਾ. ਮਨਜੀਤ ਸਿੰਘ ਨੇ ਸਵਾਈਨ ਫਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਵਾਈਨ ਫਲੂ ਇਕ ਵਾਇਰਲ ਬੁਖਾਰ ਹੈ ਜੋ ਕਿ ਐਚ1 ਐਨ1 ਵਾਇਰਸ ਨਾਲ ਹੁੰਦਾ ਹੈ ਜਿਸ ਦੀ ਲਾਗ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਸਾਹ ਰਾਹੀ ਹੁੰਦੀ ਹੈ। ਇਸ ਲਈ ਬਿਮਾਰੀ ਤੋਂ ਬਚਣ ਲਈ ਖੰਘਣ, ਛਿੱਕ ਮਾਰਨ ਵੇਲੇ ਮੂੰਹ ਤੇ ਕੱਪੜਾ ਜਾਂ ਰੁਮਾਲ ਦੀ ਵਰਤੋਂ ਕਰਨ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਯਕੀਨੀ ਬਣਾਉਣ। ਭੀੜ ਵਾਲੀਆਂ ਥਾਵਾਂ ਤੇ ਨਾ ਜਾਇਆਂ ਜਾਵੇ ਅਤੇ ਤਰਲ ਪਦਾਰਥ ਵੱਧ ਤੋਂ ਵੱਧ ਲਏ ਜਾਣ। ਉਨ੍ਹਾਂ ਕਿਹਾ ਤੇਜ਼ ਬੁਖਾਰ, ਖਾਂਸੀ ਜ਼ੁਕਾਮ, ਛਿੱਕਾ ਆਉਣੀਆਂ, ਨੱਕ ਵਗਣਾ, ਗਲੇ ਵਿਚ ਦਰਦ, ਸਾਹ ਲੈਣ ਵਿਚ ਤਕਲੀਫ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਸਵਾਈਨ ਫਲੂ ਦੀਆਂ ਨਿਸ਼ਾਨੀਆਂ ਹਨ। ਇਸ ਲਈ ਕਿਸੇ ਵੀ ਕਿਸਮ ਦਾ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਦੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਬਿਨਾਂ ਡਾਕਟਰੀ ਜਾਂਚ ਤੋ ਦਵਾਈ ਨਾ ਲਈ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਨਿਸ਼ਾਨੀਆਂ ਵਾਲੇ ਮਰੀਜ਼ਾ ਨੂੰ ਵੱਧ ਤੋ ਵੱਧ ਆਰਾਮ ਕਰਨ ਅਤੇ ਚੰਗਾ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਹੁੰਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਵਾਈਨ ਫਲੂ ਦੀਆਂ ਕੈਟਾਗਰੀ ਏ. ਬੀ. ਤੇ ਸੀ. ਹਨ ਕੈਟਾਗਰੀ ਏ ਦੇ ਮਰੀਜ਼ ਉਹ ਹਨ ਜਿਨ੍ਹਾਂ ਨੂੰ ਖਾਂਸੀ, ਜ਼ੁਕਾਮ ਤੇ ਹਲਕਾ ਬੁਖਾਰ ਹੁੰਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਕੋਈ ਦਵਾਈ ਦੀ ਜ਼ਰੂਰਤ ਨਹੀ ਹੁੰਦੀ। ਇਨ੍ਹਾਂ ਮਰੀਜ਼ਾ ਨੂੰ ਘਰ ਵਿਚ ਹੀ ਅਰਾਮ ਕਰਨ ਅਤੇ ਚੰਗੀ ਖੁਰਾਕ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਤੋ ਵੱਧ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੈਟਾਗਰੀ ਬੀ ਵਿਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਨੂੰ ਖਾਂਸੀ ਜ਼ੁਕਾਮ ਦੇ ਨਾਲ-ਨਾਲ ਬਹੁਤ ਤੇਜ਼ ਬੁਖਾਰ ਹੁੰਦਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਜਿਵੇ ਕਿ ਦਿਲ, ਗੁਰਦੇ, ਲੀਵਰ, ਸ਼ੂਗਰ ਦੇ ਮਰੀਜ਼, 60 ਸਾਲ ਤੋਂ ਵੱਡੇ ਬਜ਼ੁਰਗ, ਜਿਹੜੇ ਸਟੀਰੋਇਡ ਥੈਰੇਪੀ ਤੇ ਹਨ ਅਤੇ ਹੋਰ ਕੋਈ ਗੰਭੀਰ ਬਿਮਾਰੀ ਨਾਲ ਪੀੜ੍ਹਤ ਹਨ। ਉਨ੍ਹਾਂ ਸਾਰੇ ਮਰੀਜ਼ਾਂ ਨੂੰ ਟੈਮੀ ਫਲਿਊ ਦਵਾਈ ਦੀ ਦੇਣ ਦੀ ਲੋੜ ਹੈ। ਏ. ਅਤੇ ਬੀ. ਕੈਟਾਗਰੀ ਲਈ ਕੋਈ ਟੈਸਟ ਦੀ ਜ਼ਰੂਰਤ ਨਹੀ ਹੈ। ਕੈਟਾਗਰੀ ਸੀ ਵਿਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਨੂੰ ਕੈਟਾਗਰੀ ਏ. ਅਤੇ ਬੀ. ਦੇ ਲੱਛਣਾਂ ਦੇ ਨਾਲ-ਨਾਲ ਸਾਹ ਲੈਣ ਵਿਚ ਤਕਲੀਫ, ਬਲਗਮ ਵਿਚ ਖੂਨ, ਉਲਟੀਆਂ, ਟੱਟੀਆਂ ਅਤੇ ਹੱਥਾਂ ਤੇ ਪੈਰਾਂ ਦੇ ਨਹੁੰਆਂ ਦਾ ਨੀਲਾ ਹੋਣਾ ਆਦਿ ਲੱਛਣ ਹਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਹੋਣਾ ਚਾਹੀਦਾ ਹੈ ਜਿਥੇ ਕਿ ਉਨ੍ਹਾਂ ਦਾ ਟੈਸਟ ਲੈ ਕੇ ਦਵਾਈ ਸ਼ੁਰੂ ਕੀਤੀ ਜਾਂਦੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸ਼ੇਲੀ ਜੇਤਲੀ, ਜਿਲਾ ਟੀਕਾਕਰਨ ਅਪਸਰ ਡਾ. ਸੁਧਾ ਗਰੋਵਰ,ਜਿਲਾ ਐਪੀਡੋਮੋਲੋਜਿਸਟ ਡਾ.ਗੁਰਮੀਤ ਸਿੰਘ, ਡਾ. ਸੁਮੀਤ ਸਿੰਘ , ਮਾਸ ਮੀਡੀਆ ਅਫਸਰ ਕ੍ਰਿਸਨ ਕੁਮਾਰ ਤੇਂ ਬਿੱਟੂ ਵੀ ਹਾਜਰ ਸਨ।

Leave a Reply

Your email address will not be published. Required fields are marked *