ਟਰੈਫਿਕ ਪੁਲਿਸ ਵੱਲੋਂ ਗਣਤੰਤਰ ਦਿਵਸ ਮੌਕੇ ਟਰੈਫਿਕ ਦਾ ਰੂਟ ਪਲਾਨ ਜਾਰੀ
ਪਟਿਆਲਾ, 24 ਜਨਵਰੀ (ਕੰਵਰ ਬੇਦੀ) ਟਰੈਫਿਕ ਪੁਲਿਸ ਪਟਿਆਲਾ ਵੱਲੋਂ ਗਣਤੰਤਰ ਦਿਵਸ ਮੌਕੇ ਲੋਕਾਂ ਦੀ ਸਹੂਲਤ ਨੂੰ ਮੁੱਖ ਰਖਦੇ ਹੋਏ ਟ੍ਰੈਫਿਕ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜਾਣਕਾਰੀ ਦਿੰਦੇ ਹੋਏ ਐਸ.ਪੀ. ਟ੍ਰੈਫਿਕ ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਸਬੰਧੀ ਟ੍ਰੈਫਿਕ ਪੁਲਿਸ ਪਟਿਆਲਾ ਵੱਲੋਂ ਵੱਖ-ਵੱਖ ਪਾਰਕਿੰਗਾਂ ਦੇ ਪ੍ਰਬੰਧ ਕੀਤੇ ਗਏ ਹਨ।
ਐਸ.ਪੀ. ਸ. ਹਰਮੀਤ ਸਿੰਘ ਹੁੰਦਲ ਨੇ ਪਾਰਕਿੰਗ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵਾਹਨ ਅਤੇ ਐਮ.ਸੀਜ਼ ਦੇ ਵਾਹਨਾਂ ਦੀ ਪਾਰਕਿੰਗ ਵਾਈ.ਪੀ.ਐਸ ਚੌਂਕ ਦੇ ਨੇੜੇ ਪਾਣੀ ਵਾਲੀ ਟੈਂਕੀ ਵਾਲੇ ਗਰਾਊਂਡ ਵਿੱਚ, ਪ੍ਰੈਸ ਅਤੇ ਸਵਤੰਤਰਤਾ ਸੰਗਰਾਮੀਆ ਦੀਆਂ ਗੱਡੀਆਂ ਲਈ ਪੋਲੋ ਗਰਾਊਂਡ ਇੰਨਡੋਰ ਸਟੇਡੀਅਮ ਵਿਖੇ ਪਾਰਕਿੰਗ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਆਮ ਪਬਲਿਕ ਦੇ ਵਾਹਨਾਂ ਦੀ ਪਾਰਕਿੰਗ ਸਰਕਾਰੀ ਕਾਲਜ ਲੜਕੀਆਂ ਵਿੱਚ, ਅਮਰ ਆਸ਼ਰਮ ਵਾਲੇ ਪਾਸੇ ਅਤੇ ਸਾਈ ਮਾਰਕੀਟ ਦੇ ਪਿਛਲੇ ਪਾਸੇ ਹੋਵੇਗਾ। ਸ. ਹੁੰਦਲ ਨੇ ਦੱਸਿਆ ਕਿ ਸਕੂਲੀ ਬੱਸਾਂ ਦੀ ਪਾਰਕਿੰਗ ਲੋਅਰ ਮਾਲ ਰੋਡ ਸਾਈ ਮਾਰਕੀਟ ਵਾਲੀ ਸਾਈਡ ਹੋਵੇਗੀ।
ਐਸ.ਪੀ. ਟ੍ਰੈਫਿਕ ਨੇ ਦੱਸਿਆ ਕਿ ਵੀ.ਆਈ.ਪੀ. ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਠੀਕਰੀਵਾਲਾ ਚੌਂਕ ਤੋਂ ਵਾਈ.ਪੀ.ਐਸ. ਨੂੰ ਆ ਰਹੀ ਸੜਕ ਨੂੰ ਸਾਈ ਮਾਰਕੀਟ ਮੋੜ ਨੇੜੇ ਪੋਲੋ ਗਰਾਊਂਡ ਗੇਟ ਨੰਬਰ 1 ਤੋਂ ਲੈਕੇ ਵੀ.ਆਈ.ਪੀ. ਗੇਟ ਪੋਲੋ ਗਰਾਊਂਡ ਤੱਕ ਇੱਕ ਤਰਫ਼ਾਂ ਰਸਤਾ ਬੰਦ ਰੱਖਿਆ ਜਾਵੇਗਾ। ਉਨ੍ਹਾਂ ਸਾਰੇ ਲੋਕਾਂ ਨੂੰ ਟਰੈਫਿਕ ਪੁਲਿਸ ਪਟਿਆਲਾ ਦਾ ਸਹਿਯੋਗ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ 26 ਜਨਵਰੀ ਵਾਲੇ ਦਿਨ ਆਵਾਜਾਈ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ।

