ਗਣਤੰਤਰ ਦਿਵਸ ਸਬੰਧੀ ਫੁੱਲ ਡਰੈਸ ਰਿਹਰਸਲ ਹੋਈ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ
70ਵੇਂ ਗਣਤੰਤਰ ਦਿਵਸ ਦੇ
ਸਮਾਗਮ ਲਈ ਤਿਆਰੀਆਂ ਮੁਕੰਮਲ-ਕੁਮਾਰ ਅਮਿਤ
ਪਟਿਆਲਾ, 24 ਜਨਵਰੀ (ਕੰਵਰ ਬੇਦੀ) 26 ਜਨਵਰੀ ਨੂੰ ਦੇਸ਼ ਦੇ 70ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਨਾਲ ਇਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕਰਨਗੇ ਅਤੇ ਪੰਜਾਬ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਅਤੇ ਇਸ ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਰੇਡ ਵਿੱਚ 17 ਟੁਕੜੀਆਂ ਹਿੱਸਾ ਲੈਣਗੀਆਂ ਜਿਹਨਾਂ ਵਿਚੋਂ ਚਾਰ ਟੁਕੜੀਆਂ, ਪੁਲਿਸ ਰਿਕਰੂਟਸ ਟਰੇਨਿੰਗ ਸੈਂਟਰ ਜਹਾਨ ਖੇਲਾਂ ਦੀਆਂ ਤੇ ਦੋ ਟੁਕੜੀਆਂ ਪਟਿਆਲਾ ਪੁਲਿਸ ਦੇ ਪੁਰਸ਼ਾਂ ਦੀਆਂ ਭਾਗ ਲੈਣਗੀਆਂ ਅਤੇ ਇੱਕ ਟੁਕੜੀ ਮਹਿਲਾ ਵਿੰਗ ਪਟਿਆਲਾ ਅਤੇ ਹੋਮ ਗਾਰਡਜ਼ ਦੀ ਇੱਕ ਟੁਕੜੀ ਸਮੇਤ ਐਨ.ਸੀ.ਸੀ. ਏਅਰ ਵਿੰਗ, ਐਨ.ਸੀ.ਸੀ. ਆਰਮੀ ਵਿੰਗ, ਐਨ.ਸੀ.ਸੀ. ਗਰਲਜ਼ ਬਟਾਲੀਅਨ, ਰੈਡ ਕਰਾਸ ਸੇਂਟ ਜੌਨ੍ਹ ਐਂਬੂਲੈਂਸ, ਸਕਾਊਟਸ ਤੇ ਗਰਲਜ਼ ਗਾਈਡ, ਪਟਿਆਲਾ ਸਕੂਲ ਆਫ਼ ਡੈਫ ਦੇ ਬੱਚੇ ਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਦਾ ਬਰਾਸ ਬੈਡ ਅਤੇ ਪੰਜਾਬ ਆਰਮਡ ਪੁਲਿਸ ਜਲੰਧਰ ਦਾ ਪਾਈਪ ਬੈਂਡ ਸ਼ਾਮਲ ਹੋਣਗੇ ਅਤੇ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਡੀ.ਐਸ.ਪੀ. ਗੁਰਪ੍ਰਤਾਪ ਸਿੰਘ ਸਹੋਤਾ ਅਤੇ ਸਹਾਇਕ ਪਰੇਡ ਕਮਾਂਡਰ ਜਸਪ੍ਰੀਤ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਮਾਰਚ ਪਾਸਟ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ 17 ਝਾਕੀਆਂ ਕੱਢੀਆਂ ਜਾਣਗੀਆਂ ਅਤੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਸਰਕਾਰੀ ਮਾਡਲ ਸਕੂਲ ਫੀਲਖਾਨਾ, ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਸਰਕਾਰੀ ਮਲਟੀਪਰਪਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼, ਸਰਕਾਰੀ ਹਾਈ ਸਕੂਲ ਸਨੌਰੀ ਅੱਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਦੀਆਂ ਵਿਦਿਆਰਥਣਾਂ ਹਿੱਸਾ ਲੈਣਗੀਆਂ, ਨਰਾਇਣ ਪਬਲਿਕ ਸਕੂਲ ਦੇ ਬੱਚੇ ਗੁਬਾਰੇ ਛੱਡਣਗੇ। ਇਸ ਸਮੇਤ ਘੋੜਸਵਾਰੀ ਦੇ ਕਰਤੱਵ ਹੋਣਗੇ। ਸਰਕਾਰੀ ਮਹਿੰਦਰਾ ਕਾਲਜ, ਬਿਕਰਮ ਕਾਲਜ ਆਫ ਕਮਰਸ, ਫਿਜ਼ੀਕਲ ਕਾਲਜ, ਖਾਲਸਾ ਕਾਲਜ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦੇ ਵਿਦਿਆਰਥੀ ਭੰਗੜਾ ਪੇਸ਼ ਕਰਨਗੇ ਅਤੇ ਸਰਕਾਰੀ ਕਾਲਜ ਲੜਕੀਆਂ, ਮਹਿੰਦਰਾ ਕਾਲਜ, ਸਟੇਟ ਕਾਲਜ, ਖਾਲਸਾ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਜ਼ਾਦੀ ਘੁਲਾਟੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨਗੇ ਤੇ ਲੋੜਵੰਦਾਂ ਨੂੰ ਵ੍ਹੀਲ ਚੇਅਰ, ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕਰਨਗੇ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲੇ ਤੇ ਦੂਸਰੇ ਸਥਾਨ ‘ਤੇ ਆਉਣ ਵਾਲੀਆਂ ਪਰੇਡਾਂ, ਝਾਕੀਆਂ, ਸਕੂਲੀ ਬੱਚਿਆਂ, ਗਿੱਧਾ ਟੀਮ, ਭੰਗੜਾ ਟੀਮ, ਬੈਂਡ ਮਾਸਟਰ ਆਦਿ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਮਾਰੋਹ ਦੇ ਅਖੀਰ ਵਿੱਚ ਕੌਮੀ ਗੀਤ ਦਾ ਗਾਇਨ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਇਸ ਸਾਰੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਕਿ ਉਹ ਆਪਣੇ ਦਫ਼ਤਰਾਂ ਦੇ ਸਮੂਹ ਅਧਿਕਾਰੀਆਂ-ਕਰਮਚਾਰੀਆਂ ਦੀ 26 ਜਨਵਰੀ ਵਾਲੇ ਦਿਨ ਸਮਾਗਮ ‘ਚ ਹਾਜ਼ਰੀ ਯਕੀਨੀ ਬਣਾਉਣ। ਇਸੇ ਦੌਰਾਨ ਐਸ.ਐਸ.ਪੀ. ਸ੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ।

