ਖੇਤੀਬਾੜੀ ਬੋਰਾਂ ਰਾਹੀਂ ਧਰਤੀ ਹੇਠਲਾ ਪਾਣੀ ਪਲੀਤ ਕਰਨ ਵਾਲੇ ਦਾ ਪਰਦਾਫ਼ਾਸ਼
ਹੁਣ ਤੱਕ 17 ਹਜ਼ਾਰ ਬੋਰਾਂ ‘ਚ ਪਾ ਚੁੱਕਾਂ ਸੀ ਹਜ਼ਾਰਾਂ ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ
6 ਕੁਇੰਟਲ ਤੋਂ ਵਧੇਰੇ ਤੇਜ਼ਾਬ ਤੇ ਕੈਮੀਕਲ ਇੱਕ ਬੋਰ ਰਾਹੀਂ ਧਰਤੀ ਹੇਠ ਦਿੰਦੇ ਸਨ ਖਪਾ
13 ਸਾਲਾਂ ਤੋਂ ਧਰਤੀ ਹੇਠਲੇ ਪਾਣੀ ‘ਚ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀਆਂ ਜਿੰਦਗੀਆਂ ਨਾਲ ਕਰ ਰਹੇ ਸਨ ਖਿਲਵਾੜ
ਡਿਪਟੀ ਕਮਿਸ਼ਨਰ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ
ਪਟਿਆਲਾ, 30 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਵਾਲਿਆਂ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਟੀਮ ਨੇ ਸਾਂਝੀ ਕਾਰਵਾਈ ਤਹਿਤ ਐਮ.ਆਰ. ਕੈਮੀਕਲਜ ਸੇਲਜ ਕਾਰਪੋਰੇਸ਼ਨ ਦੇ ਪਟਿਆਲਾ ਦੇ ਘਲੋੜੀ ਗੇਟ ਵਿਖੇ ਬਣਾਏ ਗੋਦਾਮ ਵਿਖੇ ਪਏ ਲੱਖਾਂ ਲਿਟਰ ਤੇਜ਼ਾਬ ਤੇ ਕੈਮੀਕਲਜ ਸਮੇਤ ਹੋਰ ਸਾਜ਼ੋ ਸਮਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਨਾਲ ਹੀ ਡਰੱਗ ਲਾਇਸੈਂਸਿੰਗ ਅਥਾਰਟੀ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਇਸ ਫ਼ਰਮ ਦਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ।
ਇਸ ਟੀਮ ਨੇ ਇਹ ਕਾਰਵਾਈ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀ, ਜਿਨ੍ਹਾਂ ਨੂੰ ਇਸ ਫ਼ਰਮ ਵੱਲੋਂ ਖੇਤੀਬਾੜੀ ਬੋਰਾਂ ਦਾ ਪਾਣੀ ਵਧਾਉਣ ਅਤੇ ਬੰਦ ਪਏ ਬੋਰਾਂ ਨੂੰ ਇਹ ਤੇਜ਼ਾਬੀ ਕੈਮੀਕਲ ਪਾ ਕੇ ਮੁੜ ਚਲਾਉਣ ਲਈ ਅਜਿਹੇ ਕੈਮੀਕਲ ਵੱਡੀ ਮਾਤਰਾ ‘ਚ ਵੇਚੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ।
ਇਸ ਸੂਚਨਾ ਦੇ ਅਧਾਰ ‘ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਇਸ ਫ਼ਰਮ ਦਾ ਪਰਦਾਫ਼ਾਸ਼ ਕਰਨ ਲਈ ਵਿਛਾਏ ਗਏ ਜਾਲ ਅਧੀਨ ਕੁਲਵਿੰਦਰ ਰਾਏਕੋਟ ਨਾਮ ਦੇ ਵਿਅਕਤੀ ਰਾਹੀਂ, 1600 ਕਿਲੋ ਤੇਜ਼ਾਬ ਤੇ ਕੈਮੀਕਲ, ਜਿਸ ਨੂੰ ਇਹ ‘ਬੋਰ ਕੈਮੀਕਲ’ ਦੇ ਨਾ ਹੇਠ ਕੇਵਲ ਖੇਤੀਬਾੜੀ ਵਰਤੋਂ ਲਈ ਵੇਚਦਾ ਸੀ, 7552 ਰੁਪਏ ‘ਚ ਖਰੀਦ ਕਰਵਾਇਆ।
ਇਸ ਟੀਮ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਇੱਕ ਹੋਰ ਟੀਮ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਟਿਆਲਾ ਦੇ ਘਲੋੜੀ ਗੇਟ ਵਿਖੇ ਛਾਪਾਮਾਰੀ ਕਰਕੇ ਲੱਖਾਂ ਲਿਟਰ ਤੇਜ਼ਾਬ ਤੇ ਹੋਰ ਕੈਮੀਕਲ ਬਰਾਮਦ ਕੀਤਾ। ਇਥੇ ਹੀ ਇਸ ਫ਼ਰਮ ਵੱਲੋਂ ਕੀਤਾ ਗਿਆ ਇੱਕ ਗ਼ੈਰਕਾਨੂੰਨੀ ਬੋਰ ਵੀ ਮਿਲਿਆ, ਜਿਸ ‘ਚ ਇਸ ਫ਼ਰਮ ਵੱਲੋਂ ਤੇਜ਼ਾਬ ਤੇ ਹੋਰ ਕੈਮੀਕਲ ਬਿਨ੍ਹਾਂ ਸੋਧੇ ਸਿੱਧੇ ਹੀ ਧਰਤੀ ‘ਚ ਇਸ ਬੋਰ ਰਾਹੀਂ ਪਾ ਕੇ ਧਰਤੀ ਹੇਠਲਾ ਜਲ ਪਲੀਤ ਕੀਤਾ ਜਾ ਰਿਹਾ ਸੀ।
ਇਸ ਟੀਮ ‘ਚ ਡਰੱਗ ਕੰਟਰੋਲ ਅਫ਼ਸਰ ਪਟਿਆਲਾ ਸ੍ਰੀ ਰੋਹਿਤ ਕਾਲੜਾ ਤੇ ਸ੍ਰੀ ਅਮਨਮਦੀਪ ਵਰਮਾ, ਜ਼ੋਨ ਲਾਇਸੈਂਸਿੰਗ ਅਥਾਰਟੀ ਡਰੱਗ ਪਟਿਆਲਾ ਮਿਸ ਨਵਜੋਤ ਕੌਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਇੰ. ਗਰਬਖ਼ਸੀਸ਼ ਸਿੰਘ ਗਿੱਲ ਤੇ ਪਟਿਆਲਾ ਖੇਤਰ ਦੇ ਇੰਜ. ਲਵਨੀਤ ਦੂਬੇ, ਵਿਗਿਆਨ ਅਫ਼ਸਰ ਡਾ. ਚਰਨਜੀਤ ਸਿੰਘ ਨਾਭਾ, ਏ.ਈ.ਈ. ਸ੍ਰੀ ਜਤਿੰਦਰ ਸੋਨੀ, ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸ੍ਰੀ ਰਾਹੁਲ ਕੌਸ਼ਲ ਆਦਿ ਸ਼ਾਮਲ ਸਨ।
ਇਸ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਫ਼ਰਮ ਐਮ.ਆਰ. ਦੇ ਅਧਿਕਾਰਤ ਲਾਇਸੈਂਸੀ ਨਵਨੀਤ ਮਲਹੋਤਰਾ ਨੇ ਮੰਨਿਆ ਕਿ ਉਹ ਇਹ ਕੰਮ ਪਿਛਲੇ ਕਰੀਬ 13 ਸਾਲਾਂ ਤੋਂ ਕਰ ਰਿਹਾ ਹੈ। ਉਸ ਮੁਤਾਬਕ ਇਕ ਬੋਰ ‘ਚ ਕਰੀਬ 6 ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ ਪਾਏ ਜਾਂਦੇ ਸਨ ਅਤੇ ਹੁਣ ਤੱਕ ਉਹ ਕਰੀਬ 17 ਹਜ਼ਾਰ ਟਿਊਬਵੈਲਾਂ ‘ਚ ਇਹ ਕੈਮੀਕਲ ਪੁਆ ਚੁੱਕਾ ਹੈ। ਉਸ ਮੁਤਾਬਕ ਇਹ ਕੈਮੀਕਲ ਉਹ ਕਿਸਾਨ ਲਿਜਾਂਦੇ ਸਨ, ਜਿਨ੍ਹਾਂ ਦੇ ਬੋਰਾਂ ਦਾ ਪਾਣੀ ਘਟ ਜਾਂਦਾ ਸੀ ਜਾਂ ਉਹ ਸੁੱਕ ਜਾਂਦੇ ਸਨ ਅਤੇ ਉਹ ਇਨ੍ਹਾਂ ਨੂੰ ਖੇਤੀਬਾੜੀ ਵਰਤੋਂ ਲਈ ਦਸਕੇ ਇਹ ਕੈਮੀਕਲ ਵੇਚਦਾ ਸੀ ਅਤੇ ਹੁਣ ਤੱਕ ਲੱਖਾਂ ਲਿਟਰ ਅਜਿਹਾ ਤੇਜਾਬੀ ਕੈਮੀਕਲ ਧਰਤੀ ਹੇਠ ਖਪਾ ਚੁੱਕਾ ਹੈ ਪਰੰਤੂ ਉਹ ਇਹ ਰਿਕਾਰਡ ਨਹੀਂ ਪੇਸ਼ ਕਰ ਸਕਿਆ ਕਿ ਇਹ ਹੁਣ ਤਕ ਕਿਸ ਕਿਸਨੂੰ ਇਹ ਵੇਚ ਚੁੱਕਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਟੀਮ ਵੱਲੋਂ ਇਸ ਫ਼ਰਮ ਐਮ.ਆਰ. ਕੈਮੀਕਲਜ ਦਾ ਲਾਇਸੈਂਸ ਰੱਦ ਕਰਨ ਦੀ ਮਿਲੀ ਸਿਫ਼ਾਰਸ਼ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੇ ਧੰਦੇ ਕਰਨ ਤੋਂ ਬਾਜ ਆਉਣ ਵਰਨਾ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਇਹ ਕਾਰਵਾਈ ਕਰਨ ਵਾਲੀ ਟੀਮ ਦੇ ਮੈਂਬਰ ਜ਼ੋਨ ਲਾਇਸੈਂਸਿੰਗ ਅਥਾਰਟੀ ਡਰੱਗ ਪਟਿਆਲਾ ਨਵਜੋਤ ਕੌਰ ਨੇ ਦੱਸਿਆ ਕਿ ਇਹ ਤੇਜ਼ਾਬ ਤੇ ਕੁਝ ਹੋਰ ਕੈਮੀਕਲ ਮਿਲਾ ਕੇ ਖੇਤੀਬਾੜੀ ਵਰਤੋਂ ਲਈ ਵਰਤਿਆ ਜਾਂਦਾ ਸੀ, ਪਰ ਇਹ ਸਭ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਫ਼ਰਮ ਦੇ ਘਲੋੜੀ ਗੇਟ ਗੋਦਾਮ ਵਿਖੇ 1000 ਦੇ ਲਗਪਗ ਕੇਨ ਪਏ ਹਨ, ਜਿਨ੍ਹਾਂ ‘ਚ ਪ੍ਰਤੀ ਕੇਨ 50 ਕਿਲੋ ਦੇ ਕਰੀਬ ਤੇਜ਼ਾਬ ਤੇ ਹੋਰ ਕੈਮੀਕਲ ਸਮੇਤ ਹੋਰ ਸਾਜ਼ੋ ਸਮਾਨ ਜਮਾਂ ਹੈ, ਜਿਸ ਨੂੰ ਉਨ੍ਹਾਂ ਦੀ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ ਹੈ।

