ਪੰਜਾਬਪਟਿਆਲਾ

‘ਪੰਜਾਬ ਦੀ ਸਥਾਨਕਤਾ ਅਤੇ ਪੰਜਾਬੀ ਸਾਹਿਤ: ਹਰੀ ਕ੍ਰਾਂਤੀ ਦੇ ਹਵਾਲੇ ਨਾਲ’ ਵਿਸ਼ੇ ‘ਤੇ ਸੈਮੀਨਾਰ

ਪਟਿਆਲਾ 6 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਦੇ ਪੰਜਾਬੀ ਵਿਭਾਗ ਵੱਲੋਂ ‘ਪੰਜਾਬ ਦੀ ਸਥਾਨਕਤਾ ਅਤੇ ਪੰਜਾਬੀ ਸਾਹਿਤ: ਹਰੀ ਕ੍ਰਾਂਤੀ ਦੇ ਹਵਾਲੇ ਨਾਲ’ ਵਿਸ਼ੇ ਉਤੇ ਇਕ ਰੋਜਾ ਕੌਮੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਪੰਜਾਬ ਖੇਤਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਹਰੀਕ੍ਰਾਂਤੀ ਦੇ ਇਤਿਹਾਸ ਅਤੇ ਇਸਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਅਤੇ ਕਿਸਾਨਾਂ ਦੀ ਸਮੱਸਿਆਵਾਂ ਨੂੰ ਖਤਮ ਕਰਨ ਲਈ ਸਹੀ ਪਾਲਿਸੀ ਦਾ ਮਾਡਲ ਵੀ ਸਾਂਝਾ ਕੀਤਾ ।ਉਹਨਾਂ ਨੇ ਪੰਜਾਬੀ ਸੱਭਿਆਚਾਰ ਵਿਚ ਆ ਰਹੇ ਨਿਘਾਰ ਜਿਵੇਂ ਕਿਰਤ ਸੱਭਿਆਚਾਰ ਦਾ ਖਤਮ ਹੋਣਾ, ਸੰਗੀਤ ਦਾ ਬੇਸੁਰੇ ਹੋ ਜਾਣਾ, ਪੰਜਾਬੀ ਭਾਈਚਾਰੇ ਦੇ ਟੁੱਟਣ ਦਾ ਅਫਸੋਸ ਵੀ ਜ਼ਾਹਿਰ ਕੀਤਾ।

ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਡਾ. ਜਸਵਿੰਦਰ ਸਿੰਘ, ਸਾਬਕਾ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁੱਖ ਵਕਤਾ ਵਜੋਂ ਪਹੁੰਚੇ। ਉਹਨਾਂ ਆਪਣੇ ਮੁੱਖ ਭਾਸ਼ਣ ਵਿਚ ਸੰਬੋਧਿਤ ਹੁੰਦਿਆ ਕਿਹਾ ਕਿ ਖੇਤੀ ਸਾਡੇ ਲਈ ਕੇਵਲ ਪੇਸ਼ਾ ਨਹੀਂ ਰਹੀ ਸਗੋਂ ਜੀਵਨ ਸ਼ੈਲੀ ਰਹੀ ਹੈ। ਪੰਜਾਬੀਆਂ ਦਾ ਪਸ਼ੂਆਂ, ਜ਼ਮੀਨਾਂ ਅਤੇ ਸਥਾਨਕਤਾ ਨਾਲ ਇਕ ਮੋਹ ਰਿਹਾ ਹੈ ਜੋ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਟੁੱਟਦਾ ਜਾ ਰਿਹਾ ਹੈ।ਉਹਨਾਂ ਇਹ ਵੀ ਕਿਹਾ ਕਿ ਭਾਵੇਂ ਹਰੀ-ਕ੍ਰਾਂਤੀ ਦੇ ਅਨੇਕਾਂ ਹਾਂ-ਪੱਖੀ ਪ੍ਰਭਾਵ ਰਹੇ ਹਨ ਪਰ ਇਸਦੇ ਨਾ-ਪੱਖੀ ਪ੍ਰਭਾਵਾਂ ਕਰਕੇ ਪੰਜਾਬੀਆਂ ਵਿਚ ਨਾ-ਉਮੀਦੀ ਤੇ ਉਦਾਸੀ ਦਾ ਮਾਹੌਲ ਵੀ ਹੈ ਜਿਸ ਕਾਰਨ ਪੰਜਾਬ ਪਰਦੇਸ ਜਾ ਰਿਹਾ ਹੈ। ਉਹਨਾਂ ਸਾਹਿਤ ਦੀ ਸਾਰਥਿਕਤਾ ਤੇ ਸਾਹਿਤ ਵੱਲੋਂ ਸਾਂਝੇ ਇਨਸਾਨੀ ਮੁੱਲਾਂ ਵਾਲਾ ਦਰਸ਼ਨ ਉਸਾਰਨ ਦੀ ਲੋੜ ਬਾਰੇ ਵੀ ਚਰਚਾ ਕੀਤੀ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਵਾਇਸ ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਕੀਤੀ। ਉਹਨਾਂ ਸੰਬੋਧਿਤ ਹੁੰਦਿਆਂ ਬਦਲਦੇ ਸਮਾਜ ਨਾਲ ਬਦਲਦੇ ਸਾਹਿਤ ਦੀ ਚਰਚਾ ਕਰਦਿਆਂ ਹਰੀ-ਕ੍ਰਾਂਤੀ ਦੇ ਪੰਜਾਬ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਢਾਂਚੇ ਉਤੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ ਅਤੇ ਇਸਦੇ ਪ੍ਰਭਾਵ ਅਧੀਨ ਹੋਏ ਵਿਕਾਸ ਤੇ ਵਿਨਾਸ਼ ਬਾਰੇ ਗੱਲਬਾਤ ਕੀਤੀ।
ਉਦਘਾਟਨੀ ਸੈਸ਼ਨ ਦੇ ਅੰਤ ਵਿਚ ਯੂਨੀਵਰਸਿਟੀ ਰਜਿਸਟਰਾਰ ਡਾ. ਪਰਿਤਪਾਲ ਸਿੰਘ ਨੇ ਪਹੁੰਚੀਆਂ ਮੁਅੱਜ਼ਜ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਹਰੀ ਕ੍ਰਾਂਤੀ ਦੇ ਪ੍ਰਭਾਵ ਨਾਲ ਆਈਆਂ ਵਾਤਾਵਰਨ ਤਬਦੀਲੀਆਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਸਿਕੰਦਰ ਸਿੰਘ ਨੇ ਸੈਮੀਨਾਰ ਦੇ ਵਿਸ਼ੇ ਦੇ ਘੇਰੇ ਤੇ ਸਾਰਥਕਤਾ ਤੋਂ ਜਾਣੂ ਕਰਵਾਇਆ।
ਇਸ ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਮੁਖ ਸਿੰਘ, ਸਹਿ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਸੈਮੀਨਾਰ ਦੇ ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ, ਸਾਬਕਾ ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਨੇ ਕੀਤੀ।ਇਸ ਮੌਕੇ ਵਿਭਿੰਨ ਕਾਲਜਾਂ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਆਪਣੇ ਖੋਜ ਭਰਪੂਰ ਪੇਪਰ ਪ੍ਰਸਤੁਤ ਕੀਤੇ।

Leave a Reply

Your email address will not be published. Required fields are marked *