ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਸਮਾਜ ਸੇਵਾ ‘ਚ ਵੀ ਯੋਗਦਾਨ ਪਾਉਣ- ਮਨਦੀਪ ਸਿੰਘ ਸਿੱਧੂ
ਬਿਕਰਮ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਵਿਦੇਸ਼ ਵਿੱਚ ਕਾਲਜ ਦਾ ਕੀਤਾ ਨਾਮ ਰੌਸ਼ਨ – ਐਸ.ਐਸ.ਪੀ
-13 ਰੋਲ ਆਫ਼ ਆਨਰ, 41 ਕਾਲਜ ਕਲਰ ਅਤੇ 115 ਮੈਰਿਟ ਸਰਟੀਫਿਕੇਟ ਤਕਸੀਮ ਕੀਤੇ
ਪਟਿਆਲਾ, 18 ਫਰਵਰੀ (ਮਧੂਸਾਰ ਬਿਊਰੋ) ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਆਪਣੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਡਾ: ਹਰਮਿੰਦਰ ਕੋਰ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸੈਸ਼ਨ 2017-18 ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਸਮਾਰੋਹ ਮੌਕੇ ਸ. ਮਨਦੀਪ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਸਰਕਾਰੀ ਬਿਕਰਮ ਕਾਲਜ, ਕਾਮਰਸ ਭਾਰਤ ਦੇ ਚੌਣਵੇ ਕਾਲਜਾਂ ਵਿੱਚੋਂ ਹੈ ਜਿਥੋਂ ਦੇ ਪੜ੍ਹੇ ਵਿਦਿਆਰਥੀਆਂ ਨੇ ਭਾਰਤ ਹੀ ਨਹੀਂ ਬਲਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਵੀ ਹਰ ਖੇਤਰ ‘ਚ ਦੇਸ਼, ਪੰਜਾਬ ਸਮੇਤ ਆਪਣਾ ਤੇ ਇਸ ਕਾਲਜ ਦਾ ਵੀ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਸਭਿਅਕ ਇਨਸਾਨ ਬਣਾਉਣ ਲਈ ਨੈਤਿਕ ਸਿੱਖਿਆ ਪ੍ਰਦਾਨ ਕਰਨ ਵਿੱਚ ਵੀ ਅਹਿਮ ਸਥਾਨ ਰੱਖਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਯੋਗਦਾਨ ਪਾਉਣ ਲਈ ਕਿਹਾ।
ਸ. ਮਨਦੀਪ ਸਿੰਘ ਸਿੱਧੂ ਨੇ ਇਸ ਦੌਰਾਨ 13 ਵਿਦਿਆਰਥੀਆਂ ਨੂੰ ਅਕਾਦਮਿਕ ਰੋਲ ਆਫ ਆਨਰ, 41 ਨੂੰ ਕਾਲਜ ਕਲਰ ਅਤੇ 115 ਵਿਦਿਆਰਥੀਆਂ ਨੂੰ ਅਕਾਦਮਿਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ, ਐਨ.ਸੀ.ਸੀ., ਐਨ.ਐਸ.ਐਸ. ਦੇ ਲਈ ਮੈਰਿਟ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਹਰਮਿੰਦਰ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਦੇ ਐਮ.ਕਾਮ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਪਹਿਲੀਆਂ 10 ਪੁਜ਼ੀਸ਼ਨਾਂ ਵਿਚੋਂ 07 ਪੁਜ਼ੀਸ਼ਨਾਂ ਅਤੇ ਬੀ.ਕਾਮ ਭਾਗ ਤੀਜਾ ਦੀਆਂ ਪਹਿਲੀਆਂ 10 ਪੁਜ਼ੀਸ਼ਨਾਂ ਵਿਚੋ 5 ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

