ਪੰਜਾਬਪਟਿਆਲਾ

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ ਪੰਜਾਬੀ ਯੂਨੀਵਰਸਿਟੀ ਦੀ ਸਾਂਝੀ ਵਰਕਸ਼ਾਪ ਦਾ ਉਦਘਾਟਨ

ਪਟਿਆਲਾ 18 ਫਰਵਰੀ (ਰਮਨਦੀਪ ਕੌਰ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਕੈਨੇਡਾ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਨਾਲ ਸਾਂਝੇ ਤੌਰ ਤੇ ਸੱਤ ਦਿਨਾ ਵਰਕਸ਼ਾਪ ਕਮ ਖੋਜ਼ ਕਾਨਫਰੰਸ ਲਗਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਅਜਿਹੀ ਕਿਸਮ ਦੀ ਪਹਿਲੀ ਵਰਕਸ਼ਾਪ ਕਮ ਖੋਜ਼ ਕਾਨਫਰੰਸ ਹੈ।

ਉਦਘਾਟਨੀ ਸਮਾਰੋਹ ਵਿਚ ਵਾਈਸ-ਚਾਂਸਲਰ ਡਾ. ਬੀ. ਐੱਸ਼ ਘੁੰਮਣ ਵੱਲੋਂ ਸ਼ਿਰਕਤ ਕੀਤੀ ਗਈ ਜਦੋਂ ਕਿ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਡਾ. ਐਨੇ ਮਰਫ਼ੀ ਵੱਲੋਂ ਇਸ ਦਾ ਮੁੱਖ ਸੁਰ ਭਾਸ਼ਣ ਪੜ੍ਹਿਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਖੋਜ਼ ਡਾ. ਜਸਪਾਲ ਕੌਰ, ਜੋ ਕਿ ਇਸ ਵਰਕਸ਼ਾਪ ਦੇ ਕੋਆਰਡੀਨੇਟਰ ਹਨ, ਅਤੇ ਡਾ. ਸੁਰਜੀਤ ਲੀਅਜ, ਸਾਬਕਾ ਪ੍ਰੋਫੈਸਰ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। 22 ਫਰਵਰੀ 2019 ਤਕ ਚੱਲਣ ਵਾਲ਼ੀ ਇਸ ਵਰਕਸ਼ਾਪ ਵਿਚ ਵਿਚਾਰਿਆ ਜਾਵੇਗਾ ਕਿ ਵਿਰਸਾ, ਸੰਸਮਰਣ ਅਤੇ ਪੰਜਾਬੀਅਤ ਦੇ ਹਵਾਲੇ ਨਾਲ ਇਤਿਹਾਸ ਨੂੰ ਅਸੀਂ ਕਿਵੇਂ ਜਾਣਦੇ ਅਤੇ ਅਨੁਭਵ ਕਰਦੇ ਹਾਂ।
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਾਈਸ-ਚਾਂਸਲਰ ਡਾ.ਬੀ. ਐੱਸ਼ ਘੁੰਮਣ ਵੱਲੋਂ ਕਿਹਾ ਗਿਆ ਕਿ ਦੋਹੇਂ ਯੂਨੀਵਰਸਿਟੀਆਂ ਦੋ ਵਖ-ਵਖ ਸਭਿਆਤਾਵਾਂ ਪੂਰਬ ਅਤੇ ਪੱਛਮ ਦੇ ਫਲਸਫੇ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਮਹਾਨ ਯੂਨੀਵਰਸਿਟੀਆਂ ਹਨ। ਜਿੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀਅਤ ਦੇ ਖੇਤਰ ਵਿਚ ਮੱਕੇ ਵਰਗੀ ਸਥਿਤੀ ਪ੍ਰਾਪਤ ਕਰ ਚੁੱਕੀ ਹੈ ਉੱਥੇ ਹੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਅਹਿਮ ਯੂਨੀਵਰਸਿਟੀ ਹੈ। ਦੋਹੇਂ ਯੂਨੀਵਰਸਿਟੀਆਂ ਬਹੁ ਸਭਿਆਚਾਰ ਅਤੇ ਬਹੁ ਭਾਸ਼ਾਈ ਪਹੁੰਚ ਵਾਲ਼ੀ ਅਕਾਦਮਿਕਤਾ ਨੂੰ ਪ੍ਰਫੁੱਲਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਜ਼ਰੀਏ ਦੋਹਾਂ ਅਦਾਰਿਆਂ ਨੂੰ ਇਕ ਦੂਸਰੇ ਨਾਲ ਪਕੇਰੀ ਸਾਂਝ ਪਾਉਣੀ ਚਾਹੀਦੀ ਹੈ। ਇਕ ਦੂਸਰੇ ਦੇ ਫਲਸਫੇ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਨੇਡੀਅਨ ਯੂਨੀਵਰਸਿਟੀ ਨਾਲ ਕੀਤੇ ਗਏ ਸਮਝੌਤੇ ਤੋਂ ਕੁੱਝ ਮਹੀਨਿਆਂ ਉਪਰੰਤ ਹੀ ਇਹ ਅਮਲੀ ਜਾਮਾ ਪਹਿਨਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ ਕਿ ਆਪਣੇ ਆਪ ਵਿਚ ਇਕ ਸ਼ੁਭ ਸੰਕੇਤ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪੰਦਰਾਂ ਵਿਦਿਆਰਥੀ ਡਾ. ਐਨ. ਮਰਫ਼ੀ ਦੀ ਅਗਵਾਈ ਵਿਚ ਇਸ ਵਰਕਸ਼ਾਪ ਵਿਚ ਭਾਗ ਲੈਣ ਲਈ ਉਚੇਚੇ ਤੌਰ ਤੇ ਕੈਨੇਡਾ ਤੋਂ ਪੰਜਾਬ ਪਹੁੰਚੇ ਹਨ। ਡਾ. ਐਨੇ. ਮਰਫ਼ੀ ਕੈਨੇਡਾ ਦੀ ਇਸ ਯੂਨੀਵਰਸਿਟੀ ਵਿਚ ਏਸ਼ੀਅਨ ਅਧਿਐਨ ਸੰਬੰਧੀ ਵਿਭਾਗ ਦੇ ਮੁਖੀ ਹਨ। ਅੰਗਰੇਜ਼ੀ ਮੂਲ ਦੇ ਮਰਫ਼ੀ ਬਹੁਤ ਸੋਹਣੀ ਪੰਜਾਬੀ ਬੋਲ ਲੈਂਦੇ ਹਨ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਕੰਮ ਕਰ ਰਹੇ ਹਨ। ਮੁੱਖ ਸੁਰ ਭਾਸ਼ਣ ਦਿੰਦਿਆਂ ਡਾ. ਮਰਫ਼ੀ ਵੱਲੋਂ ਜਿੱਥੇ ਆਪਣੇ ਵਲੋਂ ਕੈਨੇਡਾ ਵਿਚ ਕੀਤੇ ਜਾ ਰਹੇ ਕਾਰਜਾਂ ਤੇ ਚਾਨਣਾ ਪਾਇਆ ਉੱਥੇ ਨਾਲ ਹੀ ਦੱਸਿਆ ਕਿ ਪੰਦਰਾਂ ਵਿਦਿਆਰਥੀਆਂ ਦਾ ਇਹ ਵਫ਼ਦ ਆਪਣੇ ਇਸ ਦੌਰੇ ਦੌਰਾਨ ਪੰਜਾਬ ਦੀਆਂ ਕੁੱਝ ਇਤਿਹਾਸਕ ਥਾਵਾਂ ਤੇ ਵੀ ਜਾਵੇਗਾ। ਉਨ੍ਹਾਂ ਕਿਹਾ ਕਿ ਦੋਹਾਂ ਕੌਮਾਂ ਨੂੰ ਹੁਣ ਆਪਣੇ ਇਤਿਹਾਸ ਸੰਬੰਧੀ ਵੱਖਰੇ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ। ਵਰਨਣਯੋਗ ਹੈ ਕਿ ਡਾ. ਘੁੰਮਣ ਵੱਲੋਂ ਦਿੱਤੇ ਵੇਰਵੇ ਅਨੁਸਾਰ ਭਵਿੱਖ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਵੀ ਵਿਦਿਆਰਥੀਆਂ ਦਾ ਵਫ਼ਦ ਇਸੇ ਤਰਜ਼ ਤੇ ਕੈਨੇਡਾ ਦੀ ਇਸ ਯੂਨੀਵਰਸਿਟੀ ਵਿਚ ਜਾਵੇਗਾ। ਡਾ. ਸੁਰਜੀਤ ਲੀਅ ਵੱਲੋਂ ਆਪਣੇ ਉਦਘਾਟਨੀ ਭਾਸ਼ਨ ਵਿਚ ਕਿਹਾ ਗਿਆ ਕਿ ਅਲੋਪ ਹੋ ਜਾ ਰਹੇ ਸਭਿਆਚਾਰਾਂ ਬਾਰੇ ਕੰਮ ਕਰਨ ਦੀ ਬਹੁਤ ਲੋੜ ਹੈ ਤਾਂ ਕਿ ਕਿਸੇ ਇਕ ਸਭਿਆਚਾਰ ਦੀ ਬਜਾਇ ਸਭਿਆਚਾਰਾਂ ਦੀ ਵੱਖਰਤਾ ਦਾ ਸੰਕਲਪ ਕਾਇਮ ਰਹੇ। ਡਾ. ਜਸਪਾਲ ਕੌਰ ਵੱਲੋਂ ਆਪਣੇ ਭਾਸ਼ਣ ਦੌਰਾਨ ਇਤਿਹਾਸ ਦੇ ਮੌਖਿਕ ਸ਼ਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੇ ਜਾਣ ਤੇ ਜ਼ੋਰ ਦਿੱਤਾ ਗਿਆ। ਇਸ ਸੈਸ਼ਨ ਦੇ ਸਵਾਗਤੀ ਸ਼ਬਦ ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਇਦਰੀਸ ਵੱਲੋਂ ਕਹੇ ਗਏ ਅਤੇ ਧੰਨਵਾਦ ਦਾ ਮਤਾ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *