ਪਟਿਆਲਾ

ਐਲੀਵੇਟਿਡ ਰੋਡ ਪ੍ਰੋਜੈਕਟ ਰੱਦ ਕਰਕੇ ਕੈਪਟਨ ਸਾਹਿਬ ਦਾ ਪਟਿਆਲਵੀਆਂ ਨਾਲ ਪਿਆਰ ਜਗ ਜਾਹਰ ਹੋਇਆ : ਗੁਰਤੇਜ ਢਿੱਲੋਂ

ਕੇਂਦਰ ਅੰਦਰ ਮੋਦੀ ਸਰਕਾਰ ਬਣਨ ‘ਤੇ 800 ਕਰੋੜ ਦੇ ਪ੍ਰੋਜੈਕਟ ਨੂੰ ਹਰ ਹੀਲੇ ਮੁਕੰਮਲ ਕਰਵਾਇਆ ਜਾਵੇਗਾ
ਪਟਿਆਲਾ ਲਈ ਬਹੁ ਕਰੋੜੀ ਐਲੀਵੇਟਿਡ ਰੋਡ ਪ੍ਰੋਜੈਕਟ ਦਾ ਮਾਮਲਾ
ਪਟਿਆਲਾ, 18 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਨੇ ਅੱਜ ਸਥਾਨਕ ਪੀਡਬਲਿਊਡੀ ਰੈਸਟ ਹਾਊਸ ਵਿਖੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਪ੍ਰੈਸ ਕਾਨਫਰੰਸ ਦੌਰਾਨ ਸ. ਢਿੱਲੋਂ ਨੇ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਸਾਲ 2017 ‘ਚ ਮੇਰੇ ਵਲੋਂ ਪਟਿਆਲਾ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ਵਿਚ ਰਖਦਿਆਂ ਐਲੀਵੇਟਿਡ ਰੋਡ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਧਿਆਨ ਵਿਚ ਲਿਆ ਕੇ ਸ਼ੁਰੂ ਕਰਵਾਉਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਸਨ, ਦਾ ਸਿਹਰਾ ਪੰਜਾਬ ਸਰਕਾਰ ਆਪਣੇ ਸਿਰ ਬੰਨ੍ਹਣ ਦੀ ਫਿਰਾਕ ਵਿਚ ਸੀ, ਜਿਸਨੂੰ ਹੁਣ ਰੱਦ ਕਰਕੇ ਇਸ ਸਬੰਧੀ ਪ੍ਰਪੋਜ਼ਲ ਕੂੜੇ ਵਾਲੀ ਟੋਕਰੀ ਵਿਚ ਸੁਟ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੇ ਰੱਦ ਹੋਣ ਨਾਲ ਜਿਥੇ ਪਟਿਆਲਾ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਨਾਲ ਜੂਝਣਾ ਪਵੇਗਾ, ਉਥੇ ਹੀ ਕਾਂਗਰਸ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਵੀਆਂ ਨਾਲ ਝੂਠਾ ‘ਪਿਆਰ’ ਜਗ ਜਾਹਰ ਹੋ ਗਿਆ ਹੈ।
ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਕ ਸਰਕਾਰੀ ਚਿੱਠੀ ਵੀ ਪੱਤਰਕਾਰਾਂ ਦੇ ਸਾਹਮਣੇ ਰੱਖੀ ਜਿਸ ਵਿਚ ਪੀਡਬਲਿਊਡੀ ਵਿਭਾਗ ਵਲੋਂ ਸਬੰਧਤ ਮੰਤਰੀ ਨੂੰ 22 ਨੁਕਤਿਆਂ ਦੇ ਇਕ ਪੱਤਰ ਭੇਜ ਕੇ ਇਸ ‘ਤੇ ਗੌਰ ਕਰਨ ਲਈ ਲਿਖਿਆ ਗਿਆ ਹੈ। ਇਸ ਪੱਤਰ ਦੇ 21 ਨੰਬਰ ਨੁਕਤੇ ਵਿਚ ਵਿਭਾਗ ਨੇ ਦਰਸਾਇਆ ਹੈ ਕਿ ‘ ਪਟਿਆਲਾ ਵਿਖੇ ਇਕ ਐਲੀਵੇਟਿਡ ਰੋਡ ਦਾ ਪ੍ਰੋਜੈਕਟ ਪਾਈਪ ਲਾਈਨ ਵਿਚ ਹੈ, ਜਿਸ ਵਿਚ ਭਾਜਪਾ ਦਾ ਲੀਡਰ ਗੁਰਤੇਜ ਸਿੰਘ ਢਿੱਲੋਂ ਜਾਣਬੁਝ ਕੇ ਆਪਣਾ ਨਾਂ ਚਮਕਾ ਰਿਹਾ ਹੈ, ਉਸ ਵਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਇਹ ਪ੍ਰੋਜੈਕਟ ਕੇਂਦਰ ਤੋਂ ਪਾਸ ਕਰਵਾ ਕੇ ਲਿਆਵੇਗਾ, ਇਸ ਲਈ ਇਹ ਪ੍ਰੋਜੈਕਟ ਆਪ ਵਲੋਂ ਹੱਥ ਵਿਚ ਲਿਆ ਜਾਣਾ ਚਾਹੀਦਾ ਹੈ। ਇਸ ਨਾਲ ਆਪ ਜੀ ਦਾ ਨਾਂ ਸੰਗਰੂਰ ਦੇ ਪੀਜੀਆਈ ਪ੍ਰੋਜੈਕਟ ਵਾਂਗ ਹੀ ਚਮਕੇਗਾ ਅਤੇ ਇਕ ਯਾਦਗਾਰ ਬਣੇਗਾ।’
ਭਾਜਪਾ ਆਗੂ ਨੇ ਸੂਬੇ ਦੀ ਕਾਂਗਰਸ ਸਰਕਾਰ ਦੀ ਇਸ ਹਾਸੋਹੀਣੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਆਖਿਆ ਕਿ ਪੀਡਬਲਿਊਡੀ ਵਿਭਾਗ ਵਲੋਂ ਹੁਣ ਵਿਭਾਗ ਦੇ ਮੰਤਰੀ ਨੂੰ ਇਹ ਚਿੱਠੀ ਲਿਖ ਕੇ ਇਸ ਪ੍ਰੋਜੈਕਟ ਦਾ ਸਿਹਰਾ ਆਪਣੇ ਨਾਂ ਕਰਨ ਲਈ ਕਿਹਾ ਜਾ ਰਿਹਾ ਹੈ, ਜਦੋਂਕਿ ਮੈਂ ਇਸ ਪ੍ਰੋਜੈਕਟ ਲਈ ਨਵੰਬਰ 2017 ਤੋਂ ਇਸ ‘ਤੇ ਕੰਮ ਕਰ ਰਿਹਾ ਹਾਂ ਅਤੇ ਇਸ ਪ੍ਰੋਜੇਕਟ ਸਬੰਧੀ ਕਈ ਕੇਂਦਰੀ ਮੰਤਰੀਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 25.11.2017 ਨੂੰ ਇਕ ਪੱਤਰ ਲਿਖ ਕੇ ਪਟਿਆਲਵੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮੰਗ ਕੀਤੀ ਸੀ । ਪੱਤਰ ਦੇ ਜਵਾਬ ਵਿਚ 11 ਦਸੰਬਰ 2017 ਨੂੰ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੋਂ ਐਮ.ਪੀ. ਸਿੰਘ ਓਐਸਡੀ ਟੂ ਮੁੱਖ ਮੰਤਰੀ ਪੰਜਾਬ ਰਾਹੀਂ ਚਿੱਠੀ ਦਾ ਜਵਾਬ ਦਿੱਤਾ ਗਿਆ ਸੀ, ਜਿਸ ਵਿਚ ਆਖਿਆ ਗਿਆ ਸੀ ਕਿ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ ਪ੍ਰਿੰਸੀਪਲ ਸਕੱਤਰ ਲੋਕਲ ਬਾਡੀ ਨੂੰ ਹੁਕਮ ਦੇ ਦਿੱਤੇ ਗਏ ਸਨ।
ਉਨ੍ਹਾਂ ਆਖਿਆ ਕਿ ਜਦੋਂ ਪ੍ਰੋਜੈਕਟ ਮੇਰੇ ਵਲੋਂ ਹੀ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ‘ਤੇ ਪਹਿਲਾਂ ਹਾਮੀ ਭਰ ਕੇ ਅਤੇ ਹੁਣ ਇਸ 800 ਕਰੋੜ ਦੇ ਪ੍ਰੋਜੈਕਟ ਨੁੰ ਰੱਦ ਕਰਕੇ ਕੈਪਟਨ ਸਰਕਾਰ ਦੀ ਇਹ ਮਨਸ਼ਾ ਸਾਫ਼ ਹੋ ਗਈ ਹੈ ਕਿ ਕਾਂਗਰਸ ਇਸ ਪ੍ਰੋਜੈਕਟ ‘ਤੇ ਆਪਣੀ ਮੋਹਰ ਲਗਾਉਣਾ ਚਾਹੁੰਦੀ ਸੀ ਅਤੇ ਜਦੋਂ ਇਸ ਨੂੰ ਇਹ ਪਤਾ ਚੱਲਿਆ ਕਿ ਇਸ ਪ੍ਰੋਜੈਕਟ ਦੇ ਆਉਣ ਨਾਲ ਸੂਬੇ ਅੰਦਰ ਭਾਜਪਾ ਦੀ ਚੜ੍ਹਤ ਹੋਵੇਗੀ, ਤਾਂ ਇਹ ਪ੍ਰੋਜੈਕਟ ਰੱਦ ਕਰਨ ਲਈ ਦੇਰ ਨਾ ਲਗਾਈ।।
ਸ. ਢਿੱਲੋਂ ਨੇ ਅਖ਼ੀਰ ਜਿਥੇ ਕਾਂਗਰਸ ਸਰਕਾਰ ਦੀ ਇਸ ਪ੍ਰੋਜੈਕਟ ਨੂੰ ਰੱਦ ਕਰਨ ‘ਤੇ ਨਿਖੇਧੀ ਕੀਤੀ , ਉਥੇ ਹੀ ਪਟਿਆਲਵੀਆਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਅੰਦਰ ਮੁੜ ਮੋਦੀ ਸਰਕਾਰ ਆਉਣ ‘ਤੇਇਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਕੇ ਮੁਕੰਮਲ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *