ਪਟਿਆਲਾ

287 ਲੱਖ ਦੀ ਲਾਗਤ ਨਾਲ 11 ਪਿੰਡਾਂ ਦੇ ਟੋਭਿਆਂ ਦਾ ਨਵੀਂਨੀਕਰਨ ਹੋਵੇਗਾ-ਰੱਖੜਾ

ਪਾਣੀ ਮੱਛੀ ਪਾਲਣ ਤੇ ਸਿੰਚਾਈ ਲਈ ਵਰਤਿਆ ਜਾਵੇਗਾ
ਪਟਿਆਲਾ, 14 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਦੇ ਟੋਭਿਆਂ ਦੀ ਸਫਾਈ ਅਤੇ ਨਵੀਂਨੀਕਰਨ ਕਰਕੇ ਉਹਨਾਂ ਨੂੰ ਮੱਛੀ ਪਾਲਣ ਅਤੇ ਸਿੰਚਾਈ ਦੇ ਸਾਧਨਾਂ ਵਜੋਂ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਤੇ ਸਮਾਣਾ ਬਲਾਕ ਦੇ ਕਰੀਬ 11 ਪਿੰਡਾਂ ਦੇ ਟੋਭਿਆਂ ਨੂੰ 287.21 ਲੱਖ ਰੁਪਏ ਦੀ ਲਾਗਤ ਨਾਲ ਸਾਫ ਤੇ ਨਵੀਂਨੀਕਰਨ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਮੌਕੇ ਪਿੰਡ ਰਣਬੀਰਪੁਰਾ (ਕੌਰਜੀਵਾਲਾ) ਤੇ ਖੱਤਰੀਵਾਲਾ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਰੱਖੜਾ ਨੇ ਕਿਹਾ ਕਿ ਪਿੰਡਾਂ ਦੇ ਬਰਸਾਤੀ ਤੇ ਗੰਦੇ ਪਾਣੀ ਦਾ ਢੁਕਵਾਂ ਨਿਕਾਸ ਨਾ ਹੋਣ ਕਰਾਨ ਛੱਪੜਾਂ ਵਿੱਚ ਖੜਾ ਪਾਣੀ ਜਿਥੇ ਬਦਬੂ ਮਾਰਨ ਲੱਗ ਜਾਂਦਾ ਹੈ ਉਥੇ ਹੀ ਇਸ ਦੇ ਪਾਣੀ ਵਿੱਚ ਮੱਛਰਾਂ ਦੇ ਪੈਦਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪਹਿਲੇ ਪੜਾਅ ਵਿੱਚ ਪਟਿਆਲਾ ਤੇ ਸਮਾਣਾ ਦੇ ਕਰੀਬ 11 ਪਿੰਡਾਂ ਦੇ ਟੋਭਿਆਂ ਦੇ ਪਾਣੀ ਨੂੰ ਸਾਫ ਕਰਕੇ ਮੱਛੀ ਪਾਲਣ ਤੇ ਸਿੰਚਾਈ ਯੋਗ ਬਣਾਉਣ ਲਈ ਪ੍ਰੋਜੈਕਟ ਆਰੰਭਿਆ ਗਿਆ ਹੈ ਅਤੇ ਛੇਤੀ ਹੀ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਇਹ ਪ੍ਰੋਜੈਕਟ ਸ਼ੁਰੂ ਕਰਵਾਏ ਜਾਣਗੇ। ਜਿਹਨਾਂ 11 ਪਿੰਡਾਂ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਉਹਨਾਂ ਵਿੱਚ ਰਣਬੀਰਪੁਰਾ (ਕੌਰਜੀਵਾਲਾ), ਖੱਤਰੀਵਾਲਾ, ਬਾਦਸ਼ਾਹਪੁਰ ਕਾਲੇਕਾ, ਤਰਖਾਣ ਮਾਜਰਾ, ਕੁਲਬੁਰਛਾਂ, ਬਦਨਪੁਰ, ਬੰਮਣਾ, ਬਿਸ਼ਨਪੁਰਾ, ਤਲਵੰਡੀ ਮਲਿਕ, ਦਦਹੇੜਾ ਤੇ ਦੁਘਾਟ ਨੂੰ ਸ਼ਾਮਲ ਕੀਤਾ ਗਿਆ ਹੈ। ਸ: ਰੱਖੜਾ ਨੇ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ. ਰੱਖੜਾ ਨੇ ਪਿੰਡਾਂ ਵਿੱਚ ਸੜਕਾਂ, ਗਲੀਆਂ, ਨਾਲੀਆਂ ਤੇ ਹੋਰ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ।
ਸ. ਰੱਖੜਾ ਦੇ ਨਾਲ ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਇੰਜਨੀਅਰ ਦੱਖਣ ਸ਼੍ਰੀ ਡੀ.ਕੇ ਬਾਂਸਲ, ਐਕਸੀਅਨ ਸ਼੍ਰੀ ਰਾਕੇਸ਼ ਸ਼ਰਮਾਂ, ਐਸ.ਡੀ.ਓ. ਸ਼੍ਰੀ ਏ.ਪੀ. ਗਰਗ, ਬੀ.ਡੀ.ਪੀ.ਓ. ਸ਼੍ਰੀ ਸੁਖਵਿੰਦਰ ਸਿੰਘ ਟਿਵਾਣਾ, ਪਿੰਡ ਕੌਰਜੀਵਾਲਾ ਦੀ ਸਰਪੰਚ ਸ਼੍ਰੀਮਤੀ ਜਸਵੀਰ ਕੌਰ, ਸ. ਇਕਬਾਲ ਸਿੰਘ ਤੇ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *